22 ਅਤੇ 23 ਫਰਬਰੀ ਨੂੰ ਮਸਤੂਆਣਾ ਸਾਹਿਬ ਵਿਖੇ ਹੋਵੇਗਾ ਭਾਕਿਯੂ ਏਕਤਾ ਡਕੌਂਦਾ ਦਾ ਸੂਬਾਈ ਜਥੇਬੰਦਕ ਇਜਲਾਸ: ਮਨਜੀਤ ਧਨੇਰ
- ਬਾਹਰਮੁਖੀ ਅਤੇ ਜਥੇਬੰਦਕ ਹਾਲਾਤਾਂ ਤੇ ਵਿਚਾਰ ਚਰਚਾ ਮਗਰੋਂ ਹੋਵੇਗੀ ਨਵੀਂ ਸੂਬਾ ਕਮੇਟੀ ਦੀ ਚੋਣ: ਹਰਨੇਕ ਮਹਿਮਾ
- ਡੈਲੀਗੇਟਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚਣਗੇ ਦਰਸ਼ਕ: ਗੁਰਦੀਪ ਰਾਮਪੁਰਾ
ਦਲਜੀਤ ਕੌਰ
ਸੰਗਰੂਰ, 20 ਫਰਵਰੀ, 2025: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਸੂਬਾਈ ਜੱਥੇਬੰਦਕ ਇਜਲਾਸ 22 ਅਤੇ 23 ਫਰਵਰੀ 2025 ਨੂੰ ਮਸਤੂਆਣਾ ਸਾਹਿਬ ਵਿਖੇ ਹੋ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ 22 ਫਰਵਰੀ ਨੂੰ ਸਵੇਰੇ 11 ਵਜੇ ਇਜਲਾਸ ਦਾ ਪਹਿਲਾ ਸੈਸ਼ਨ ਸ਼ੁਰੂ ਹੋਵੇਗਾ ਜਿਸ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਜਥੇਬੰਦੀ ਦਾ ਝੰਡਾ ਝੁਲਾਇਆ ਜਾਵੇਗਾ। ਉਸ ਤੋਂ ਬਾਅਦ ਭਰਾਤਰੀ ਜਥੇਬੰਦੀਆਂ ਦੇ ਆਗੂ ਭਰਾਤਰੀ ਸੰਦੇਸ਼ ਦੇਣਗੇ। ਇਸ ਸੈਸ਼ਨ ਵਿੱਚ ਲੱਗਭੱਗ 200 ਡੈਲੀਗੇਟਾਂ ਤੋਂ ਇਲਾਵਾ ਔਰਤਾਂ ਸਮੇਤ ਜਥੇਬੰਦੀ ਦੇ ਹਜ਼ਾਰਾਂ ਮੈਂਬਰ ਵੀ ਦਰਸ਼ਕਾਂ ਵਜੋਂ ਸ਼ਾਮਿਲ ਹੋਣਗੇ। ਇਜਲਾਸ ਵਿੱਚ ਸ਼ਾਮਿਲ ਹੋਣ ਲਈ ਜ਼ਿਲ੍ਹਾ ਕਮੇਟੀਆਂ ਵੱਲੋਂ ਮੈਂਬਰਸ਼ਿਪ ਦੇ ਅਧਾਰ ਤੇ ਆਪੋ ਆਪਣੇ ਜ਼ਿਲੇ ਦੇ ਡੈਲੀਗੇਟਾਂ ਦੀ ਚੋਣ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਦੂਜੇ ਸੈਸ਼ਨ ਵਿੱਚ ਜਥੇਬੰਦੀ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕਰ ਕੇ ਰਿਪੋਰਟ ਤੇ ਮੁੱਢਲੀ ਵਿਚਾਰ ਚਰਚਾ ਕੀਤੀ ਜਾਵੇਗੀ। ਤੀਜੇ ਸੈਸ਼ਨ ਵਿੱਚ ਡੈਲੀਗੇਟ ਇਸ ਰਿਪੋਰਟ ਤੇ ਵਿਚਾਰ ਚਰਚਾ ਕਰਨਗੇ ਅਤੇ ਆਪਣੇ ਸਵਾਲ ਰੱਖਣਗੇ। ਇਹ ਸੈਸ਼ਨ 22 ਫਰਵਰੀ ਨੂੰ ਦੇਰ ਰਾਤ ਤੱਕ ਜਾਰੀ ਰਹੇਗਾ।
ਦੂਜੇ ਦਿਨ 23 ਫਰਵਰੀ 2025 ਨੂੰ ਸਵੇਰੇ 8 ਵਜੇ ਹੀ ਸੈਸ਼ਨ ਸ਼ੁਰੂ ਹੋ ਜਾਵੇਗਾ, ਜਿਸ ਵਿੱਚ ਸੂਬਾ ਕਮੇਟੀ ਵੱਲੋਂ ਡੈਲੀਗੇਟਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਦੂਜੇ ਸੈਸ਼ਨ ਵਿੱਚ ਨਵੀਂ ਸੂਬਾ ਕਮੇਟੀ ਦੀ ਚੋਣ ਪ੍ਰਧਾਨਗੀ ਮੰਡਲ ਦੀ ਦੇਖ ਰੇਖ ਵਿੱਚ ਕੀਤੀ ਜਾਵੇਗੀ। ਇਸੇ ਦੌਰਾਨ ਜਥੇਬੰਦੀ ਦਾ ਹਿਸਾਬ ਕਿਤਾਬ ਵੀ ਡੈਲੀਗੇਟਾਂ ਅੱਗੇ ਪੇਸ਼ ਕੀਤਾ ਜਾਵੇਗਾ।
ਜਥੇਬੰਦੀ ਦੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੀ ਜੂਨ ਸੰਵਾਰਨ ਲਈ ਸੰਘਰਸ਼ ਲੜਨੇ ਜ਼ਰੂਰੀ ਹਨ ਪਰ ਇਹਨਾਂ ਸ਼ੰਘਰਸ਼ਾਂ ਨੂੰ ਸਹੀ ਦਿਸ਼ਾ ਦੇਣ ਲਈ ਵਿਚਾਰਧਾਰਕ ਪਕਿਆਈ ਬਹੁਤ ਜ਼ਰੂਰੀ ਹੈ। ਇਸ ਲਈ ਪਿਛਲੇ ਸਮੇਂ ਦੇ ਸੰਘਰਸ਼ਾਂ ਤੋਂ ਸਬਕ ਸਿੱਖ ਕੇ ਹਾਂ ਪੱਖਾਂ ਨੂੰ ਮਜ਼ਬੂਤ ਕਰਨਾ ਅਤੇ ਰਹੀਆਂ ਘਾਟਾਂ ਨੂੰ ਦੂਰ ਕਰਨ ਦੀ ਬਹੁਤ ਵੱਡੀ ਮਹੱਤਤਾ ਹੈ। ਇਸ ਕਾਰਜ ਲਈ ਇਜਲਾਸ ਤੋਂ ਪਹਿਲਾਂ ਸਾਰੇ ਜ਼ਿਲ੍ਹਿਆਂ ਦੀਆਂ ਵਧਵੀਆਂ ਚੇਤਨਾ ਮੀਟਿੰਗਾਂ ਕਰਵਾਈਆਂ ਗਈਆਂ ਹਨ ਅਤੇ ਇਹ ਜਥੇਬੰਧਕ ਇਜਲਾਸ ਇਸ ਚੇਤਨਾ ਮੁਹਿੰਮ ਦਾ ਸਿਖਰ ਹੋਵੇਗਾ। ਇਜਲਾਸ ਤੋਂ ਬਾਅਦ ਨਵੀਂ ਸੂਬਾ ਕਮੇਟੀ ਦੀ ਅਗਵਾਈ ਵਿੱਚ ਜਥੇਬੰਦੀ ਦੇ ਮੈਂਬਰ ਨਵੇਂ ਉਤਸ਼ਾਹ ਨਾਲ ਅਗਲੇ ਸੰਘਰਸ਼ਾਂ ਵਾਸਤੇ ਤਿਆਰ ਹੋਣਗੇ।
ਸੂਬਾ ਕਮੇਟੀ ਨੇ ਜਥੇਬੰਦੀ ਦੇ ਸਾਰੇ ਮੈਂਬਰਾਂ, ਖਾਸ ਤੌਰ ਤੇ ਔਰਤਾਂ ਨੂੰ ਬੇਨਤੀ ਕੀਤੀ ਕਿ ਉਹ ਇਜਲਾਸ ਵਿੱਚ ਵੱਧ ਚੜ੍ਹ ਕੇ ਸ਼ਾਮਿਲ ਹੋਣ। ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 5 ਮਾਰਚ ਤੋਂ ਚੰਡੀਗੜ੍ਹ ਵਿਖੇ ਸ਼ੁਰੂ ਹੋਣ ਵਾਲੇ ਪੱਕੇ ਮੋਰਚੇ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਦੀ ਵੀ ਅਪੀਲ ਕੀਤੀ।