ਸਰਸ ਮੇਲੇ 'ਚ ਸੱਤਵੇਂ ਦਿਨ ਤੱਕ ਇੱਕ ਲੱਖ ਦੇ ਕਰੀਬ ਦਰਸ਼ਕ ਪੁੱਜੇ, ਸਟਾਲਾਂ 'ਤੇ 1.5 ਕਰੋੜ ਰੁਪਏ ਦੀ ਵਿਕਰੀ
- ਥਾਈਲੈਂਡ, ਟੁਰਕੀ, ਇਜਿਪਟ ਤੇ ਅਫ਼ਗਾਨਿਸਤਾਨ ਦੀਆਂ ਦਿਲਕਸ਼ ਵਸਤਾਂ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਨੇ
- ਲਜ਼ੀਜ਼ ਪਕਵਾਨਾਂ ਦੀ ਖੁਸ਼ਬੋ ਨੇ ਪਟਿਆਲਵੀਆਂ ਨੂੰ ਮੋਹਿਆ
ਪਟਿਆਲਾ, 20 ਫਰਵਰੀ 2025 - ਪਟਿਆਲਾ ਵਿਰਾਸਤੀ ਮੇਲੇ ਤਹਿਤ ਇੱਥੇ ਵਿਰਾਸਤੀ ਸ਼ੀਸ਼ ਮਹਿਲ ਵਿਖੇ 14 ਫਰਵਰੀ ਨੂੰ ਸ਼ੁਰੂ ਹੋਏ ਸਰਸ ਮੇਲੇ ਦੀਆਂ ਰੌਣਕਾਂ ਤੇ ਸਜੀਆਂ ਸਟਾਲਾਂ ਪਟਿਆਲਾ ਸਮੇਤ ਆਲੇ ਦੁਆਲੇ ਦੇ ਖੇਤਰਾਂ ਤੋਂ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਰੋਜ਼ਾਨਾ ਸਵੇਰੇ ਤੇ ਸ਼ਾਮ ਨੂੰ ਇੱਥੇ ਜਿੱਥੇ ਸੱਭਿਆਚਾਰਕ ਪ੍ਰੋਗਰਾਮ ਮੇਲੇ ਨੂੰ ਹੋਰ ਦਿਲਚਸਪ ਬਣਾ ਰਹੇ ਹਨ, ਉਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੇਲੇ ਦੇ ਕੀਤੇ ਪ੍ਰਬੰਧਾਂ ਦੀ ਦਰਸ਼ਕਾਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ।
ਇਸ ਮੇਲੇ ਦੇ ਨੋਡਲ ਅਫ਼ਸਰ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਲੱਗੇ ਇਸ ਸਰਸ (ਸੇਲ ਆਫ਼ ਆਰਟੀਕਲਜ਼ ਆਫ਼ ਰੂਰਲ ਆਰਟੀਸਨਸ) ਮੇਲੇ 'ਚ 20 ਫਰਵਰੀ ਦੀ ਸ਼ਾਮ ਸੱਤਵੇ ਦਿਨ ਤੱਕ ਇੱਕ ਲੱਖ ਦੇ ਕਰੀਬ ਦਰਸ਼ਕ ਪੁੱਜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਰਸ ਮੇਲੇ 'ਚ ਵੱਖ-ਵੱਖ ਵਸਤੂਆਂ ਦੀ ਖਰੀਦੋ-ਫ਼ਰੋਖ਼ਤ ਲਈ ਬਣੀਆਂ 220 ਦੇ ਕਰੀਬ ਸਟਾਲਾਂ ਗਾਹਕਾਂ ਦੀ ਖਰੀਦਦਾਰੀ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਦੇਸ਼ ਦੇ 20 ਰਾਜਾਂ ਤੋਂ ਪੁੱਜੇ ਵੱਖ-ਵੱਖ ਹਸਤ ਕਲਾਵਾਂ ਦੇ ਦਸਤਕਾਰਾਂ ਪੁੱਜੇ ਹੋਏ ਹਨ, ਉਥੇ ਹੀ 6 ਸਟਾਲਾਂ ਥਾਈਲੈਂਡ, ਟੁਰਕੀ, ਇਜਿਪਟ, ਅਫ਼ਗਾਨਿਸਤਾਨ ਮੁਲਕਾਂ ਦੀਆਂ ਦਿਲਕਸ਼ ਵਸਤਾਂ ਵੀ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੀਆਂ ਹਨ।
ਏ.ਡੀ.ਸੀ. ਜੌਹਲ ਨੇ ਦੱਸਿਆ ਕਿ 19 ਫਰਵਰੀ ਨੂੰ ਕਵਰਡ ਸਟਾਲਾਂ 'ਤੇ ਕੁਲ ਵਿਕਰੀ 17 ਲੱਖ 96 ਹਜ਼ਾਰ ਤੇ ਖੁੱਲੀਆਂ ਸਟਾਲਾਂ 'ਤੇ ਵਿਕਰੀ 6.35 ਲੱਖ ਦਰਜ ਕੀਤੀ ਗਈ। ਜਦੋਂਕਿ ਇਸ ਦਿਨ ਸਭ ਤੋਂ ਵੱਧ ਵਿਕਰੀ ਵਾਲੀਆਂ 5 ਸਟਾਲਾਂ 'ਚ ਸਟਾਲ ਨੰਬਰ 100 ਤੋਂ ਸੂਟ ਤੇ ਸਿਲਕ ਸਾੜੀਆਂ ਦੀ ਸੇਲ 95000 ਰੁਪਏ, ਸਟਾਲ ਨੰਬਰ 90 ਤੋਂ ਪੱਛਮੀ ਬੰਗਾਲ ਦੇ ਕਾਂਥਾ ਦੀ ਸੇਲ 55000 ਰੁਪਏ, ਸਟਾਲ ਨੰਬਰ 46 'ਤੇ ਮੱਧਪ੍ਰਦੇਸ਼ ਦੀ ਅੱਗਰਬੱਤੀ ਦੀ ਸੇਲ 45000 ਰੁਪਏ ਤੇ ਸਟਾਲ ਨੰਬਰ 71 'ਤੇ ਮੱਧਪ੍ਰਦੇਸ਼ ਦੀਆਂ ਪਿੱਤਲ ਤੇ ਸਟਾਵਟੀ ਵਸਤਾਂ ਦੀ ਸੇਲ 42500 ਰੁਪਏ ਰਹੀ।
ਇਸੇ ਤਰ੍ਹਾਂ ਖੁੱਲ੍ਹੇ 'ਚ ਲੱਗੀਆਂ ਸਟਾਲਾਂ 'ਚ ਸਲੀਮ ਕੁਰੈਸ਼ੀ ਦੀਆਂ ਸੰਗਮਰਮਰ ਦੀਆ ਸਜਾਵਟੀ ਵਸਤਾਂ ਦੀ ਸੇਲ 80000 ਰੁਪਏ, ਮੁਹੰਮਦ ਸਲਾਮੂਦੀਨ ਦੇ ਕਾਰਪੈਟ ਦੀ ਸੇਲ 50000 ਰੁਪਏ, ਮੁਹੰਮਦ ਨਾਜ਼ਿਮ ਦੀ ਖੁਦਰਾ ਪੌਟਰੀ ਦੀ 35000 ਰੁਪਏ, ਐਨ.ਯੂ.ਐਲ.ਐਮ. ਬਠਿੰਡਾ ਦੇ ਕਾਰਪੈਟ 30000 ਰੁਪਏ, ਸਬੀਤਾ ਮੰਡਲ ਦੇ ਸੁੱਕੇ ਫੁੱਲਾਂ ਦੀ ਸੇਲ 30000 ਰੁਪਏ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 1.5 ਕਰੋੜ ਰੁਪਏ ਦੀ ਵਿਕਰੀ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਔਰਤਾਂ ਦੇ ਸੂਟਾਂ ਤੋਂ ਇਲਾਵਾ ਸੂਤੀ ਕੱਪੜੇ (ਅਜਰਕ), ਖੁਜਰਾ ਦੀ ਕਰੌਕਰੀ, ਬੈਡ ਸ਼ੀਟ, ਹੈਂਡਲੂਮ, ਹੋਮ ਡੈਕੋਰ, ਟਸਲ ਸਿਲਕ, ਫ਼ਰਨੀਚਰ, ਕਾਲੀਨ ਆਦਿ ਦੀ ਵਿਕਰੀ ਵਧੀਆ ਦਰਜ ਕੀਤੀ ਗਈ ਹੈ। ਇਸ ਤੋਂ ਬਿਨ੍ਹਾਂ ਖਾਣ-ਪੀਣ ਦੀਆਂ ਸਟਾਲਾਂ 'ਤੇ ਵੀ ਦਰਸ਼ਕਾਂ ਦੀ ਖਿੱਚ ਬਣੀ ਹੋਈ ਹੈ। ਲੱਕੜ ਦਾ ਫਰਨੀਚਰ, ਲੱਕੜ 'ਤੇ ਕਢਾਈ, ਖੁਰਜਾ ਪੌਟਰੀ, ਥਾਈਲੈਂਡ ਤੋਂ ਆਇਆ ਔਰਤਾਂ ਲਈ ਸਜਾਵਟੀ ਸਮਾਨ ਤੇ ਹੌਜ਼ਰੀ ਵਸਤਾਂ, ਟਰਕੀ ਦੀਆਂ ਸਜਾਵਟੀ ਵਸਤਾਂ ਆਦਿ ਖਾਸ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਪੰਜਾਬ ਤੇ ਹੋਰ ਰਾਜਾਂ ਦੇ ਲਜ਼ੀਜ਼ ਪਕਵਾਨਾਂ ਦਾ ਸਵਾਦ ਲੈਣ ਸਮੇਤ ਬੱਚਿਆਂ ਲਈ ਝੂਲਿਆਂ 'ਤੇ ਵੀ ਦਰਸ਼ਕ ਵੱਡੀ ਗਿਣਤੀ ਪੁੱਜ ਕੇ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਨੇ ਉਮੀਦ ਜਤਾਈ ਕਿ ਵੱਖ-ਵੱਖ ਸਟਾਲਾਂ 'ਤੇ ਵਿਕਰੀ ਆਉਣ ਵਾਲੇ ਇੱਕ ਦੋ ਦਿਨਾਂ 'ਚ ਹੋਰ ਵੀ ਵਧਣ ਦੀ ਆਸ ਹੈ। ਉਨ੍ਹਾਂ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਉਹ ਇੱਸ ਮੇਲੇ ਦਾ ਅਨੰਦ ਮਾਨਣ ਲਈ ਸ਼ੀਸ਼ ਮਹਿਲ ਪੁੱਜਣ। ਉਨ੍ਹਾਂ ਕਿਹਾ ਕਿ 21 ਫਰਵਰੀ ਦੀ ਸ਼ਾਮ ਨੂੰ ਪ੍ਰਸਿੱਧ ਅਦਾਕਾਰ ਤੇ ਲੋਕ ਗਾਇਕ ਰਣਜੀਤ ਬਾਵਾ ਆਪਣੀ ਗਾਇਕੀ ਦੇ ਜਲਵੇ ਦਿਖਾਉਣਗੇ।