ਸਰਬਪੱਖੀ ਵਿਕਾਸ ਲਈ ਹੋਈ ਮਾਪੇ ਅਧਿਆਪਕ ਮਿਲਣੀ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 6 ਫ਼ਰਵਰੀ 2025:- ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ੍ਹ ਪਟਿਆਲਾ ਵਿਖੇ ਪ੍ਰਿੰਸੀਪਲ ਰੰਧਾਵਾ ਸਿੰਘ ਦੀ ਅਗਵਾਈ ਹੇਠ ਮਾਪੇ - ਅਧਿਆਪਕ ਮਿਲਣੀ ਕਰਵਾਈ ਗਈ। ਜਿਸ ਵਿੱਚ ਛੇਵੀਂ, ਸੱਤਵੀਂ, ਨੌਵੀਂ, ਗਿਆਰਵੀਂ ਜਮਾਤ ਦੀ ਟਰਮ -ਦੋ ਅਤੇ ਅੱਠਵੀਂ ,ਦਸਵੀਂ, ਬਾਰਵੀਂ ਜਮਾਤ ਦੇ ਪ੍ਰੀ ਬੋਰਡ ਦੇ ਨਤੀਜਿਆਂ ਅਤੇ ਉਹਨਾਂ ਦੇ ਬਹੁਪੱਖੀ ਵਿਕਾਸ ਬਾਰੇ ਮਾਪਿਆਂ ਨਾਲ ਵਿਚਾਰ ਚਰਚਾ ਕੀਤੀ ਗਈ ਅਤੇ ਵਿਦਿਆਰਥੀਆਂ ਦੀ ਕਾਰਗੁਜਾਰੀ ਬਾਰੇ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ। ਵਿਦਿਆਰਥੀਆਂ ਦੇ ਮਾਪਿਆਂ ਨੂੰ ਮਿਸ਼ਨ 100%, ਬੋਰਡ ਦੀ ਪ੍ਰੀਖਿਆ ਦੀ ਤਿਆਰੀ ਅਤੇ ਸੈਸ਼ਨ 2025-26 ਦੇ ਦਾਖਲਾ ਮੁਹਿੰਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮਿਲਣੀ ਵਿੱਚ ਲਗਭਗ 87% ਵਿਦਿਆਰਥੀਆਂ ਦੇ ਮਾਪਿਆਂ ਨੇ ਭਾਗ ਲਿਆ ਤੇ ਵਿਦਿਆਰਥੀਆਂ ਦੇ ਅਗਲੇਰੇ ਭਵਿੱਖ ਵਿੱਚ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਸਫ਼ਲਤਾ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਪ੍ਰੀ ਬੋਰਡ ਪ੍ਰੀਖਿਆ ਵਿੱਚ ਅੱਵਲ ਰਹਿਣ ਤੇ ਸਨਮਾਨਿਤ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਤੋਂ ਦੂਰ ਰਹਿਣ, ਸੰਤੁਲਿਤ ਭੋਜਨ ਖਾਣ, ਸਰੀਰ ਨੂੰ ਤੰਦਰੁਸਤ ਰੱਖਣ, ਮਾਪਿਆਂ ਦੀ ਆਗਿਆ ਦਾ ਪਾਲਣ ਕਰਨ ਲਈ ਵਿਸ਼ੇਸ਼ ਤੌਰ ਤੇ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਰੰਧਾਵਾ ਸਿੰਘ ਜੀ ਨੇ ਕਿਹਾ ਕਿ ਵਿਦਿਆਰਥੀਆਂ ਦੇ ਮਾਪੇ, ਅਧਿਆਪਕ ਤੇ ਵਿਦਿਆਰਥੀ ਵਿਚਕਾਰ ਕੜੀ ਦਾ ਕੰਮ ਕਰਦੇ ਹਨ ਤੇ ਇਹ ਕੜੀ ਜਿੰਨੀ ਜਿਆਦਾ ਮਜਬੂਤ ਹੋਵੇਗੀ ਉਨਾਂ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਹੋਵੇਗਾ। ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ, ਪਿੰਡ ਦੇ ਪਤਵੰਤੇ ਸੱਜਣਾਂ ਅਤੇ ਐਸ.ਐਮ.ਸੀ. ਕਮੇਟੀ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜੋ ਵਿਦਿਆਰਥੀ ਜਮਾਤ ਵਿੱਚ ਪਹਿਲੇ ਦੂਜੇ ਅਤੇ ਤੀਜੇ ਨੰਬਰ ਤੇ ਆਏ ਹਨ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ। ਮਾਪਿਆਂ ਨੇ ਸਕੂਲ ਦੀ ਕਾਰਗੁਜ਼ਾਰੀ ਅਤੇ ਅਨੁਸ਼ਾਸਨ ਲਈ ਪ੍ਰਿੰਸੀਪਲ ਅਤੇ ਸਮੂਹ ਸਟਾਫ ਦੀ ਪ੍ਰਸ਼ੰਸਾ ਕੀਤੀ।