ਵੈਟਨਰੀ ਯੂਨੀਵਰਸਿਟੀ ਵਿਖੇ ਨਿਯੁਕਤ ਕੀਤੇ ਗਏ ਨਵੇਂ ਅਧਿਕਾਰੀ
ਲੁਧਿਆਣਾ 06 ਫਰਵਰੀ 2025 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰਬੰਧਕੀ ਬੋਰਡ ਨੇ ਵਿਭਿੰਨ ਅਹੁਦਿਆਂ ਲਈ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਹੈ। ਡਾ. ਸੁਰੇਸ਼ ਕੁਮਾਰ ਸ਼ਰਮਾ ਯੂਨੀਵਰਸਿਟੀ ਦੇ ਨਵੇਂ ਰਜਿਸਟਰਾਰ, ਡਾ. ਮੀਰਾ ਡੀ ਆਂਸਲ, ਡੀਨ, ਕਾਲਜ ਆਫ ਫ਼ਿਸ਼ਰੀਜ਼, ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ ਵੈਟਨਰੀ ਸਾਇੰਸ ਅਤੇ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨਿਯੁਕਤ ਹੋਏ ਹਨ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਨ੍ਹਾਂ ਅਧਿਕਾਰੀਆਂ ਨੂੰ ਉਨ੍ਹਾਂ ਦੀ ਨਿਯੁਕਤੀ ਸੰਬੰਧੀ ਮੁਬਾਰਕਬਾਦ ਦਿੱਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਅਧਿਆਪਨ, ਖੋਜ ਅਤੇ ਪਸਾਰ ਸੇਵਾਵਾਂ ਦੇ ਖੇਤਰ ਵਿੱਚ ਯੂਨੀਵਰਸਿਟੀ ਨੂੰ ਅੱਗੇ ਲੈ ਜਾਣਗੇ ਅਤੇ ਆਪਣੀ ਅਗਵਾਈ ਪ੍ਰਦਾਨ ਕਰਨਗੇ।
ਡਾ. ਸੁਰੇਸ਼ ਕੁਮਾਰ ਸ਼ਰਮਾ, ਨੇ ਬਤੌਰ ਰਜਿਸਟਰਾਰ ਸੇਵਾ ਸੰਭਾਲੀ। ਇਸ ਤੋਂ ਪਹਿਲਾਂ ਉਹ ਯੂਨੀਵਰਸਿਟੀ ਲਾਇਬ੍ਰੇਰੀਅਨ ਅਤੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੇ ਡੀਨ ਦੇ ਤੌਰ ’ਤੇ ਸੇਵਾ ਦੇ ਚੁੱਕੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਵਿਖੇ ਭਾਰਤ ਸਰਕਾਰ ਦੀ ਸਹਾਇਤਾ ਪ੍ਰਾਪਤ ਵੈਟਨਰੀ ਆਯੁਵਰੇਦ ਦਵਾਈਆਂ ਦਾ ਕੇਂਦਰ ਬਨਾਉਣ ਸੰਬੰਧੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਡਾ. ਸ਼ਰਮਾ ਦੀਆਂ ਪ੍ਰਕਾਸ਼ਨਾਵਾਂ ਉੱਘੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਨੇ ਰਾਸ਼ਟਰੀ ਅਤੇ ਸੂਬੇ ਦੀਆਂ ਖੋਜ ਸੰਸਥਾਵਾਂ ਵੱਲੋਂ ਵਿਤੀ ਗ੍ਰਾਂਟ ਨਾਲ 12 ਖੋਜ ਪ੍ਰਾਜੈਕਟ ਵੀ ਸੰਪੂਰਨ ਕੀਤੇ ਹਨ।
ਡਾ. ਮੀਰਾ ਡੀ ਆਂਸਲ ਨੇ ਬਤੌਰ ਡੀਨ, ਕਾਲਜ ਆਫ ਫ਼ਿਸ਼ਰੀਜ਼ ਦੂਜੀ ਵਾਰ ਇਹ ਜ਼ਿੰਮੇਵਾਰੀ ਸੰਭਾਲੀ ਹੈ। ਆਪਣੇ 25 ਵਰ੍ਹੇ ਦੇ ਪੇਸ਼ੇਵਰ ਤਜਰਬੇ ਦੌਰਾਨ ਉਨ੍ਹਾਂ ਨੇ 300 ਖੋਜ, ਅਧਿਆਪਨ ਅਤੇ ਪਸਾਰ ਪ੍ਰਕਾਸ਼ਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਪੰਜਾਬ ਦੇ ਦੱਖਣੀ-ਪੱਛਮੀ ਜ਼੍ਹਿਲਿਆਂ ਵਿੱਚ ਸੇਮ ਅਤੇ ਖਾਰੇ ਪਾਣੀ ਵਾਲੀਆਂ ਜ਼ਮੀਨਾਂ ਵਿੱਚ ਝੀਂਗਾ ਪਾਲਣ ਸੰਬੰਧੀ ਅਹਿਮ ਕਾਰਜ ਕੀਤਾ ਜਿਸ ਨਾਲ ਉਥੇ ਕਿਸਾਨ ਵੱਡੇ ਪੱਧਰ ’ਤੇ ਝੀਂਗਾ ਪਾਲਣ ਦੇ ਸਮਰੱਥ ਹੋ ਸਕੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਵਿਖੇ ਮੱਛੀ ਪਾਲਣ ਸੰਬੰਧੀ ਆਧੁਨਿਕ ਸਮਰੱਥਾ ਉਸਾਰੀ ਸਾਧਨ ਕੇਂਦਰ ਤਿਆਰ ਕਰਵਾਇਆ ਹੈ ਜੋ ਕਿ ਇਸ ਖਿੱਤੇ ਵਿੱਚ ਭਾਰਤ ਵਿੱਚ ਪਹਿਲਾ ਹੈ।
ਡਾ. ਸਵਰਨ ਸਿੰਘ ਰੰਧਾਵਾ ਨੇ ਬਤੌਰ ਡੀਨ, ਕਾਲਜ ਆਫ ਵੈਟਨਰੀ ਸਾਇੰਸ ਸੇਵਾ ਸੰਭਾਲੀ ਹੈ। ਇਸ ਤੋਂ ਪਹਿਲਾਂ ਉਹ ਨਿਰਦੇਸ਼ਕ ਕਲੀਨਿਕਸ ਦੇ ਤੌਰ ’ਤੇ ਕਾਰਜ ਕਰ ਰਹੇ ਸਨ। ਪਸ਼ੂਆਂ ਵਿੱਚ ਲੰਗੜੇਪਨ ਦੀ ਸਮੱਸਿਆ ਸੰਬੰਧੀ ਉਨ੍ਹਾਂ ਨੇ ਵਿਸ਼ੇਸ਼ ਖੋਜ ਕਾਰਜ ਕੀਤੇ ਹਨ। ਉਨ੍ਹਾਂ ਦੇ 100 ਤੋਂ ਵਧੇਰੇ ਖੋਜ ਪੱਤਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਦੇ ਬਿਹਤਰ ਸੇਵਾਵਾਂ ਲਈ ਉਨ੍ਹਾਂ ਨੂੰ ਯੂਨੀਵਰਟਿਸਟੀ ਦੇ ਸਰਵਉੱਤਮ ਅਧਿਆਪਕ ਦਾ ਸਨਮਾਨ ਵੀ ਮਿਲ ਚੁੱਕਾ ਹੈ। ਉਨ੍ਹਾਂ ਨੇ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਵਿਖੇ ਨਵੀਨਤਮ ਨਿਰੀਖਣ ਸਹੂਲਤਾਂ ਅਤੇ ਗਹਿਨ ਸੰਭਾਲ ਇਕਾਈ ਬਨਾਉਣ ਸੰਬੰਧੀ ਵੀ ਮਹੱਤਵਪੂਰਨ ਕਾਰਗੁਜ਼ਾਰੀ ਵਿਖਾਈ ਹੈ।
ਡਾ. ਰਵਿੰਦਰ ਸਿੰਘ ਗਰੇਵਾਲ ਨੇ ਨਿਰਦੇਸ਼ਕ ਪਸਾਰ ਸਿੱਖਿਆ ਦੇ ਤੌਰ ’ਤੇ ਸੇਵਾ ਸੰਭਾਲੀ ਹੈ। ਇਸ ਤੋਂ ਪਹਿਲਾਂ ਉਹ ਨਿਰਦੇਸ਼ਕ ਪਸ਼ੂਧਨ ਫਾਰਮ ਵਜੋਂ ਕਾਰਜ ਕਰ ਰਹੇ ਸਨ। 1998 ਵਿੱਚ ਉਨ੍ਹਾਂ ਨੇ ਬਤੌਰ ਡੇਅਰੀ ਮੈਨੇਜਰ ਕਾਰਜ ਸ਼ੁਰੂ ਕੀਤਾ ਅਤੇ ਪਸ਼ੂ ਖੁਰਾਕ ਦੇ ਮਾਹਿਰ ਦੇ ਤੌਰ ’ਤੇ ਪਛਾਣ ਬਣਾਈ। ਉਨ੍ਹਾਂ ਦੇ ਹੁਣ ਤਕ 75 ਤੋਂ ਵਧੇਰੇ ਖੋਜ ਪੱਤਰ, 40 ਪਸਾਰ ਲੇਖ, ਦੋ ਪੁਸਤਕਾਂ ਅਤੇ 180 ਪਸਾਰ ਭਾਸ਼ਣ ਆ ਚੁੱਕੇ ਹਨ। ਉਨ੍ਹਾਂ ਨੇ ਵਾਤਾਵਰਣ ਅਨੁਕੂਲ ਅਤੇ ਪਸ਼ੂਆਂ ਲਈ ਮੁਫ਼ੀਦ ਸ਼ੈਡ ਬਨਾਉਣ ਸੰਬੰਧੀ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਉਨ੍ਹਾਂ ਨੂੰ ਖੇਤਰ ਵਿੱਚ ਉੱਘੇ ਪਸ਼ੂ ਖੁਰਾਕ ਮਾਹਿਰ ਅਤੇ ਡੇਅਰੀ ਪ੍ਰਬੰਧਕ ਦੇ ਤੌਰ ’ਤੇ ਜਾਣਿਆ ਜਾਂਦਾ ਹੈ।