ਇਨਕਲਾਬੀ ਵਿਦਿਆਰਥੀ ਅਤੇ ਨੌਜਵਾਨ ਭਾਰਤ ਸਭਾ ਦੇ ਨਿਧੜਕ ਆਗੂ ਕਰਮ ਸਿੰਘ “ਸੱਤ" ਦਾ ਸਸਕਾਰ
ਦਲਜੀਤ ਕੌਰ
ਸੁਨਾਮ ਊਧਮ ਸਿੰਘ ਵਾਲਾ, 6 ਫਰਵਰੀ, 2025: ਇਨਕਲਾਬੀ ਵਿਦਿਆਰਥੀ ਅਤੇ ਨੌਜਵਾਨ ਭਾਰਤ ਸਭਾ ਦਾ ਨਿਧੜਕ ਆਗੂ ਅਤੇ ਆਪਣੇ ਸਮੇਂ ਦਾ ਚੋਟੀ ਦਾ ਕਬੱਡੀ ਜਾਫੀ ਕਰਮ ਸਿੰਘ “ਸੱਤ” ਦੇ ਸੰਸਕਾਰ ਮੌਕੇ ਬਹੁਤ ਭਾਵੁਕ ਮਾਹੌਲ ਬਣ ਗਿਆ, ਜਦੋਂ ਸੱਤ ਛਾਜਲੀ ਦੇ ਛੋਟੇ ਪੁੱਤਰ ਸ਼ੁਪਿੰਦਰ ਸਿੰਘ ਦੇ ਨਾਲ ਸੱਤ ਦੀ ਬੇਟੀ ਸੋਹਣਜੀਤ ਕੌਰ ਅਤੇ ਪੋਤਰੀ ਡਾ ਅਮਨਿੰਦਰ ਕੌਰ ਕੌਰ ਨੇ ਖੁਦ ਚਿਖਾ ਨੂੰ ਅੱਗ ਦਿਖਾਈ।
ਸੱਤ ਛਾਜਲੀ ਕਾਲਜ ਪੜ੍ਹਦਿਆਂ ਸਮੇਂ ਹੀ ਵਿਦਿਆਰਥੀ ਲਹਿਰ ਨਾਲ ਜੁੜ ਗਿਆ ਸੀ। ਜਦੋਂ ਉਹ 1977-78 ਇਨਕਲਾਬੀ ਵਿਦਿਆਰਥੀ ਲਹਿਰ ਦੀ ਉਸਾਰੀ ਲਈ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਖੇ ਦਾਖਲ ਹੋਇਆ ਤਾਂ ਸੁਨਾਮ ਇਲਾਕੇ ਵਿੱਚ ਨੌਜਵਾਨ ਭਾਰਤ ਸਭਾ ਦੀ ਉਸਾਰੀ ਲਈ ਨਾਮਦੇਵ ਸਿੰਘ ਭੁਟਾਲ, ਜਗਜੀਤ ਸਿੰਘ ਭੁਟਾਲ ਅਤੇ ਗੁਰਮੇਲ ਸਿੰਘ ਮੇਲੂ ਸੰਗਤੀਵਾਲਾ ਹੁਰਾਂ ਦੀ ਟੀਮ ਵਿੱਚ ਸੱਤ ਛਾਜਲੀ ਵੀ ਮੋਹਰੀ ਆਗੂਆਂ ਵਿਚ ਸ਼ਾਮਲ ਹੋਇਆ। ਸਰਦੇ ਪੁੱਜਦੇ ਪਰਿਵਾਰ ਨਾਲ ਸਬੰਧਤ ਹੋਣ ਦੇ ਬਾਵਜੂਦ ਸੱਤ ਛਾਜਲੀ ਨੇ ਵਿਦਿਆਰਥੀ ਆਗੂ ਪ੍ਰਿਥੀਪਾਲ ਸਿੰਘ ਰੰਧਾਵਾ ਦੇ ਕਤਲ ਖਿਲਾਫ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। 1979-80 ਵਿੱਚ ਪੰਜਾਬ ਭਰ ਵਿੱਚ ਵਧੇ ਬੱਸ ਕਿਰਾਏ ਖਿਲਾਫ ਚੱਲੇ ਸੰਘਰਸ਼ ਦੌਰਾਨ ਛਾਜਲੀ ਵਿਖੇ ਪੁਲੀਸ ਨਾਲ਼ ਹੋਈ ਸਿੱਧੀ ਟੱਕਰ ਵਿੱਚ ਸਾਡੀ ਵਿਦਿਆਰਥੀ -ਨੌਜਵਾਨ ਟੀਮ ਵਿਚ ਸੱਤ ਛਾਜਲੀ ਦਾ ਮੋਹਰੀ ਰੋਲ ਰਿਹਾ। ਉਦੋਂ ਤੋਂ ਸੱਤ ਛਾਜਲੀ ਲਗਾਤਾਰ ਹਰ ਸੰਘਰਸ਼ ਵਿੱਚ ਯੋਗਦਾਨ ਪਾਉਂਦਾ ਰਿਹਾ ਸੀ। 1990 ਵਿੱਚ ਛਾਜਲੀ ਦੇ ਜੁਝਾਰੂ ਨੌਜਵਾਨ ਕੇਸਰ ਸਿੰਘ ਛਾਜਲੀ ਹੁਰਾਂ ਨਾਲ ਮੇਲ ਮਿਲਾਪ ਕਾਰਣ ਪੁਲੀਸ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਦਿੱਲੀ ਕਿਸਾਨ ਮੋਰਚੇ ਵਿੱਚ ਵੀ ਉਹ ਪੂਰੀ ਸਰਗਰਮੀ ਨਾਲ ਹਿੱਸਾ ਲੈਂਦਾ ਰਿਹਾ। ਪਿਛਲੇ ਕੁੱਝ ਸਾਲਾਂ ਅੰਦਰ ਸੱਤ ਛਾਜਲੀ ਦੇ ਛੋਟੇ ਭਰਾ ਬੇਅੰਤ ਸਿੰਘ, ਵੱਡੇ ਪੁੱਤਰ ਬਿੱਟੂ ਅਤੇ ਭਾਣਜੇ ਦੀ ਭਰ ਜਵਾਨੀ ਵਿੱਚ ਹੋਈ ਮੌਤ ਨੇ ਸੱਤ ਛਾਜਲੀ ਦੇ ਦਿਲ ਨੂੰ ਭਾਰੀ ਠੇਸ ਪਹੁੰਚਾਈ। ਭਾਵੁਕ ਸੁਭਾਅ ਦਾ ਮਾਲਕ ਸੱਤ ਅੰਦਰੋਂ ਵਲੂੰਧਰਿਆ ਗਿਆ ਸੀ। ਹਾਰਟ ਦੀ ਮਰਜ਼ ਨੇ ਘੇਰ ਲਿਆ। ਸਾਲ ਕੁ ਪਹਿਲਾਂ ਇਲਾਕੇ ਦੇ ਵੱਡੇ ਇਨਕਲਾਬੀ ਆਗੂ ਨਾਮਦੇਵ ਸਿੰਘ ਭੁਟਾਲ ਦੀ ਮੌਤ ਨੇ ਵੀ ਸੱਤ ਨੂੰ ਸਦਮਾ ਦਿੱਤਾ। ਇਨ੍ਹਾਂ ਵੱਡੀਆਂ ਦੁਖਦਾਈ ਘਟਨਾਵਾਂ ਦੇ ਬਾਵਜੂਦ ਇਸ ਸ਼ਿਰੜੀ ਇਨਸਾਨ ਨੇ ਧੱਕੇਸ਼ਾਹੀ ਖ਼ਿਲਾਫ਼ ਆਪਣੀ ਅਵਾਜ਼ ਬੁਲੰਦ ਰੱਖੀ। ਉਹ ਅੱਜ ਕੱਲ੍ਹ ਜਮਹੂਰੀ ਅਧਿਕਾਰ ਸਭਾ ਦੇ ਸੂਬਾ ਡੈਲੀਗੇਟ ਦੇ ਤੌਰ ਤੇ ਵੀ ਜਮਹੂਰੀ ਅਧਿਕਾਰਾਂ ਦੀ ਰਾਖੀ ਲਈ ਵੀ ਸਰਗਰਮ ਸੀ। ਇਸੇ ਦੌਰਾਨ ਅੱਜ ਇਹ ਰੰਗਲਾ ਦੋਸਤ ਸਾਥੋਂ ਸਦਾ ਲਈ ਵਿਛੋੜਾ ਦੇ ਗਿਆ।
ਇਸ ਮੌਕੇ ਤੇ ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਜਗਦੀਸ਼ ਪਾਪੜਾ, ਪੂਰਨ ਸਿੰਘ ਖਾਈ, ਲਛਮਣ ਅਲੀਸ਼ੇਰ, ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਪ੍ਰਧਾਨ ਜਗਜੀਤ ਭੂਟਾਲ, ਮਾਸਟਰ ਅਮਰੀਕ ਖੋਖਰ, ਮਨਧੀਰ ਸਿੰਘ, ਕਾਮਰੇਡ ਬਿਸ਼ੇਸ਼ਰ ਰਾਮ, ਭਾਰਤੀ ਕਿਸਾਨ ਯੂਨੀਆਨ ਡਕੌਦਾ ਦੇ ਸੂਬਾ ਆਗੂ ਗੁਰਮੀਤ ਸਿੰਘ ਭੱਟੀਵਾਲ, ਮੇਜਰ ਸਿੰਘ ਮੱਟਰਾਂ ਸੀਨੀਅਰ ਪੱਤਰਕਾਰ, ਤਰਕਸ਼ੀਲ ਸੁਸਾਇਟੀ ਤੋ ਲਾਭ ਸਿੰਘ ਛਾਜਲਾ, ਕਾਮਰੇਡ ਸੰਪੂਰਨ ਸਿੰਘ ਐਡਵੋਕੇਟ ਛਾਜਲੀ, ਲੋਕ ਸੱਭਿਆਚਾਰਕ ਮੰਚ ਛਾਜਲੀ ਤੋਂ ਕਾਮਰੇਡ ਸ਼ੇਰ ਸਿੰਘ, ਤਾਰਾ ਸਿੰਘ, ਕਾਮਰੇਡ ਕਰਨੈਲ ਸਿੰਘ, ਜਸਵੀਰ ਲਾਡੀ, ਸੋਸਲ ਵੈਲਫੇਅਰ ਕਲੱਬ ਛਾਜਲੀ ਤੋ ਹਰਬੰਸ ਛਾਜਲੀ ਪੱਤਰਕਾਰ, ਡਾਕਟਰ ਗੁਰਸੇਵ ਛਾਜਲੀ, ਪਵਨ ਕੁਮਾਰ ਛਾਜਲਾ ਗ੍ਰਾਮ ਪੰਚਾਇਤ ਛਾਜਲੀ ਤੋ ਸਰਪੰਚ ਗੁਰਬਿਆਸ ਸਿੰਘ ਤੇ ਸਮੂਹ ਮੈਂਬਰਜ, ਮਾਸਟਰ ਰਣਜੀਤ ਸਿੰਘ ਛਾਜਲਾ, ਮੰਹਤ ਸ਼੍ਰੀ ਅਮਰਜੀਤ ਬਣ, ਜੀਤ ਸਿੰਘ ਧਾਲੀਵਾਲ, ਵਿਕਰਮਜੀਤ ਵਿੱਕੀ, ਪੇਂਡੂ ਕ੍ਰਾਂਤੀਕਾਰੀ ਮਜ਼ਦੂਰ ਯੂਨੀਆਨ ਤੋਂ ਬਲਜੀਤ ਨਮੋਲ ਆਦਿ ਹਾਜ਼ਰ ਸਨ ।