ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 54ਵਾਂ ਜੱਥਾ ਕਰਤਾਰਪੁਰ (ਪਾਕਿ:) ਵਿਖੇ ਹੋਵੇਗਾ ਨਤਮਸਤਕ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 06 ਫਰਵਰੀ,2025 - ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਤਾਰਪੁਰ ਸਾਹਿਬ (ਪਾਕਿ:) ਦੀ ਲੜੀਵਾਰ ਯਾਤਰਾ ਲਈ ਜਥੇ ਭੇਜਣ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਫਰਵਰੀ ਅਤੇ ਮਾਰਚ ਮਹੀਨੇ ਵਿੱਚ ਵਧੀਆ ਮੌਸਮ ਅਤੇ ਸਕੂਲਾਂ ਦੇ ਬੱਚਿਆਂ ਦੇ ਪੇਪਰ ਖਤਮ ਹੋਣ ਕਾਰਨ ਇਸ ਯਾਤਰਾ ਲਈ ਪਿਛਲੇ ਦੋ ਮਹੀਨਿਆਂ ਤੋਂ ਰੁਝਾਨ ਕਾਫੀ ਵੱਧ ਰਿਹਾ ਹੈ। ਦਿਸੰਬਰ ਅਤੇ ਜਨਵਰੀ ਵਿਚ ਸੁਸਾਇਟੀ ਵਲੋਂ ਭੇਜੇ ਗਏ ਦੋ ਜੱਥਿਆਂ ਤੋਂ ਇਲਾਵਾ ਕਰੀਬ ਇਕ ਸੌ ਤੋਂ ਵੀ ਵੱਧ ਸ਼ਰਧਾਲੂ ਡਾਕੂਮੈਂਟੇਸ਼ਨ ਕਰਵਾ ਕੇ ਆਪਣੇ ਸਾਧਨਾਂ ਰਾਹੀਂ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਲਈ ਜਾ ਚੁੱਕੇ ਹਨ। ਇਸੇ ਤਰ੍ਹਾਂ ਫਰਵਰੀ ਮਹੀਨੇ ਲਈ ਵੀ 07 ਅਤੇ 21 ਫਰਵਰੀ ਲਈ ਦੋ ਜੱਥਿਆਂ ਦੀ ਬੁਕਿੰਗ ਹੋ ਚੁੱਕੀ ਹੈ ਅਤੇ ਕਰੀਬ 80 ਮੈਂਬਰਾਂ ਦਾ ਇੱਕ ਜੱਥਾ ਸੁਸਾਇਟੀ ਰਾਹੀਂ ਪਟਿਆਲਾ ਸ਼ਹਿਰ ਤੋਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਵੇਗਾ।
ਆਪਣੇ ਸਾਧਨਾਂ ਰਾਹੀਂ ਰਜਿਸਟ੍ਰੇਸ਼ਨ ਕਰਵਾ ਕੇ ਜਾਣ ਲਈ ਵੀ ਫਰਵਰੀ ਮਾਰਚ ਵਿਚ ਜਾਣ ਵਾਲਿਆਂ ਦੀ ਗਿਣਤੀ ਵੀ ਉਤਸ਼ਾਹਜਨਕ ਹੈ। ਸੁਸਾਇਟੀ ਵਲੋਂ ਫਰਵਰੀ ਮਹੀਨੇ ਭੇਜਿਆ ਜਾਣ ਵਾਲਾ 28 ਮੈਂਬਰਾਂ ਦਾ ਪਹਿਲਾ ਜੱਥਾ ਸ: ਕੁਲਵਿੰਦਰ ਸਿੰਘ ਨੂਰਪੁਰ ਦੀ ਅਗਵਾਈ ਹੇਠ ਅੱਜ (7 ਫਰਵਰੀ ਨੂੰ) ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿ:) ਵਿਖੇ ਨਤਮਸਤਕ ਹੋਵੇਗਾ। ਇਹ ਜਾਣਕਾਰੀ ਸਾਂਝੀ ਕਰਦੇ ਹੋਏ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਜੱਥਾ ਸਵੇਰੇ ਚਾਰ ਵਜੇ ਸੁਸਾਇਟੀ ਦਫਤਰ ਤੋਂ ਰਵਾਨਾ ਹੋਵੇਗਾ ਜਿਸ ਵਿਚ ਨਵਾਂਸ਼ਹਿਰ ਤੋਂ ਇਲਾਵਾ, ਰਾਹੋਂ, ਔੜ, ਮੁਬਾਰਕਪੁਰ, ਮਹਿਤਪੁਰ ਉਲੱਦਣੀ, ਕਰੀਹਾ, ਬੰਗਾ, ਬਹਿਰਾਮ, ਨੂਰਪੁਰ ਅਤੇ ਢਿੰਗਰੀਆਂ ਤੋਂ ਸੰਗਤਾਂ ਸ਼ਾਮਲ ਹੋਣਗੀਆਂ। ਉਨ੍ਹਾਂ ਅੱਗੇ ਦੱਸਿਆ ਕਿ ਇਹ ਜੱਥਾ ਬਾਬਾ ਬਕਾਲਾ ਸਾਹਿਬ ਦਰਸ਼ਨ ਕਰਨ ਉਪਰੰਤ ਡੇਰਾ ਬਾਬਾ ਨਾਨਕ ਕਾਰੀਡੋਰ ਰਾਹੀਂ ਕਰਤਾਰਪੁਰ ਸਾਹਿਬ ਪਹੁੰਚਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਲਗਭਗ 3 ਸਾਲ ਦੌਰਾਨ ਸੁਸਾਇਟੀ ਰਾਹੀਂ ਇਸ ਪਾਵਨ ਅਸਥਾਨ ਦੀ ਯਾਤਰਾ ਲਈ 53 ਜੱਥੇ ਭੇਜੇ ਜਾ ਚੁੱਕੇ ਹਨ ਅਤੇ ਅੱਜ ਜਾਣ ਵਾਲਾ ਇਹ ਜੱਥਾ54ਵਾਂ 28 ਮੈਂਬਰਾਂ ਦਾ ਹੋਵੇਗਾ।