ਮਾਮਲਾ ਮੁਸ਼ਕਾਬਾਦ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਦਾ: ਪੁਲਸ ’ਤੇ ਪਿੰਡ ਵਾਸੀ ਹੋਏ ਆਹਮਣੋ-ਸਾਹਮਣੇ, ਕਈ ਆਗੂ ਲਏ ਹਿਰਾਸਤ ’ਚ
ਰਵਿੰਦਰ ਢਿੱਲੋਂ
ਸਮਰਾਲਾ, 6 ਫਰਵਰੀ 2025 - ਸਮਰਾਲਾ ਦੇ ਪਿੰਡ ਮੁਸ਼ਕਾਬਾਦ ਵਿਖੇ ਲੱਗਣ ਵਾਲੀ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿੱਛਲੇ 1 ਸਾਲ ਤੋਂ ਧਰਨੇ ’ਤੇ ਬੈਠੇ ਪਿੰਡ ਵਾਸੀਆਂ ਨੂੰ ਖਦੇੜਨ ਲਈ ਅੱਜ ਤੜਕੇ ਭਾਰੀ ਗਿਣਤੀ ’ਚ ਪੁਲਸ ਫੋਰਸ ਪੂਰੀ ਤਿਆਰੀ ਨਾਲ ਫੈਕਟਰੀ ਦੇ ਬਾਹਰ ਲੱਗੇ ਧਰਨਾ ਸਥਾਨ ’ਤੇ ਪਹੰੁਚੀ ਅਤੇ ਜਬਰੀ ਧਰਨਾ ਚੁਕਵਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਧਰਨੇ ’ਤੇ ਬੈਠੇ ਪਿੰਡ ਵਾਸੀਆਂ, ਜ਼ਿਨ੍ਹਾਂ ’ਚ ਵੱਡੀ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਵੀ ਸ਼ਾਮਲ ਹੈ, ਨੇ ਧਰਨੇ ਵਾਲੀ ਥਾਂ ਤੋਂ ਹੱਟਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਸਥਿਤੀ ਤਣਾਅ ਪੂਰਣ ਹੋ ਗਈ ਹੈ ਅਤੇ ਪੁਲਸ ਅਧਿਕਾਰੀਆਂ ਦੀ ਅਗਵਾਈ ’ਚ ਪੁਲਸ ਫੋਰਸ ਨੇ ਧਰਨੇ ਵਾਲੀ ਥਾਂ ਨੂੰ ਆਪਣੇ ਘੇਰੇ ਵਿਚ ਲੈ ਲਿਆ ਹੈ। ਇਸ ਦੌਰਾਨ ਪੁਲਸ ਨੇ ਧਰਨਾਕਾਰੀਆਂ ਨੂੰ ਖਦੇੜਨ ਲਈ ਉਨ੍ਹਾਂ ਦੇ ਕਈ ਆਗੂਆਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਹੈ। ਓਧਰ ਧਰਨਕਾਰੀ ਪਿੰਡ ਵਾਸੀਆਂ ਨੇ ਇਸ ਗੈਸ ਫੈਕਟਰੀ ਨੂੰ ਉਨ੍ਹਾਂ ਲਈ ਘਾਤਕ ਦੱਸਦੇ ਹੋਏ ਕਿਸੇ ਵੀ ਕੀਮਤ ’ਤੇ ਚੱਲਣ ਨਹੀਂ ਦੇਣ ਦਾ ਐਲਾਨ ਕੀਤਾ ਹੈ।
ਓਧਰ ਮੌਕੇ ’ਤੇ ਹਾਜਰ ਡੀ.ਐੱਸ.ਪੀ. ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ, ਪੁਲਸ ਪ੍ਰਸਾਸ਼ਨ ਕਾਨੂੰਨ ਦੀ ਪਾਲਣਾ ਕਰ ਰਿਹਾ ਹੈ ਅਤੇ ਫੈਕਟਰੀ ਦਾ ਜੋ ਕੰਮ ਚੱਲ ਰਿਹਾ ਹੈ, ਉਸ ਨੂੰ ਪਿੰਡ ਵਾਸੀ ਬੰਦ ਕਰਵਾਉਣਾ ਚਾਹੰੁਦੇ ਹਨ। ਇਸ ਲਈ ਇੱਥੇ ਕਿਸੇ ਵੀ ਅਣਸੁੱਖਾਵੀ ਘਟਨਾ ਨਾਲ ਨਜਿੰਠਣ ਲਈ ਪੁਲਸ ਫੋਰਸ ਲਗਾਈ ਗਈ ਹੈ।
ਸਵੇਰੇ ਕਰੀਬ 7 ਵਜੇ ਤੋਂ ਸ਼ੁਰੂ ਹੋਈ ਇਹ ਕਾਰਵਾਈ 4 ਘੰਟੇ ਬਾਅਦ ਵੀ ਜਾਰੀ ਹੈ ਅਤੇ ਪਿੰਡ ਵਾਸੀਆਂ ਦੇ ਵੱਧਦੇ ਰੋਹ ਨੂੰ ਵੇਖਦੇ ਹੋਏ ਕਿਸੇ ਤਰ੍ਹਾਂ ਦੇ ਵੀ ਹਾਲਾਤ ਨੂੰ ਕਾਬੂ ਵਿਚ ਰੱਖਣ ਲਈ ਡਿਊਟੀ ਮੈਜਿਸਟ੍ਰੇਟ ਰਾਜਵਿੰਦਰ ਕੌਰ ਅਤੇ ਬੀਡੀ.ਪੀ.ਓ. ਰੁਪਿੰਦਰ ਕੌਰ ਸਮੇਤ ਕੁਝ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੰੁਚ ਚੁੱਕੇ ਹਨ। ਪਿੰਡ ਵਾਸੀਆਂ ਨੇ ਕਿਸੇ ਵੀ ਕੀਮਤ ’ਤੇ ਫੈਕਟਰੀ ਅੱਗਿਓ ਧਰਨਾ ਚੁੱਕਣ ਤੋ ਮਨਾ ਕਰਦੇ ਹੋਏ ਆਪਣੀਆਂ ਗਿ੍ਰਫਤਾਰੀਆਂ ਦੇਣ ਦਾ ਐਲਾਨ ਕਰਦੇ ਹੋਏ ਆਖਿਆ ਕਿ, ਆਸ-ਪਾਸ ਦੇ 8-10 ਪਿੰਡਾਂ ਦੇ ਲੋਕ ਵੀ ਉਨ੍ਹਾਂ ਦੇ ਸਮਰਥਨ ਵਿਚ ਇੱਥੇ ਪਹੰੁਚ ਰਹੇ ਹਨ ਅਤੇ ਧੱਕੇਸ਼ਾਹੀ ਦਾ ਡੱਟਵਾ ਮੁਕਾਬਲਾ ਕੀਤਾ ਜਾਵੇਗਾ। ਪਿੰਡ ਵਾਸੀਆਂ ਨੇ ਉਨ੍ਹਾਂ ਦੇ 6-7 ਆਗੂਆਂ ਨੂੰ ਪੁਲਸ ਵੱਲੋਂ ਥਾਣੇ ਲਿਜਾਣ ਦੀ ਕਾਰਵਾਈ ਦਾ ਵਿਰੋਧ ਕਰਦੇ ਹੋਏ ਇਹ ਐਲਾਨ ਵੀ ਕੀਤਾ ਕਿ, ਸ਼ਾਮ ਤੱਕ ਪੂਰਾ ਪਿੰਡ ਹੀ ਗਿ੍ਰਫਤਾਰੀ ਲਈ ਥਾਣੇ ਪਹੰੁਚ ਜਾਵੇਗਾ।