ਬੁਢਾਪਾ ਪੈਨਸ਼ਨ ਅਧੀਨ ਜ਼ਿਲ੍ਹੇ ਦੇ 45198 ਬਜੁਰਗਾਂ ਨੂੰ 06 ਕਰੋੜ 77 ਲੱਖ 97 ਹਜ਼ਾਰ ਰੁਪਏ ਦੀ ਦਿੱਤੀ ਵਿੱਤੀ ਸਹਾਇਤਾ-ਡਾ: ਸੋਨਾ ਥਿੰਦ
ਦੀਦਾਰ ਗੁਰਨਾ
* ਪੈਨਸ਼ਨ ਸਕੀਮਾਂ ਦੇ ਕੁੱਲ 70027 ਲਾਭਪਾਤਰੀਆਂ ਨੂੰ 10 ਕਰੋੜ 50 ਲੱਖ 40 ਹਜ਼ਾਰ 500 ਰੁਪਏ ਦੀ ਦਿੱਤੀ ਪੈਨਸ਼ਨ
* ਜ਼ਿਲ੍ਹੇ ਦੇ ਬਜੁਰਗਾਂ ਨੂੰ ਆਯੂਸ਼ਮਾਨ ਸਿਹਤ ਬੀਮਾ ਸਕੀਮ ਦਾ ਲਾਭ ਦੇਣ ਲਈ ਕੈਂਪ ਲਗਾਉਣ ਦੇ ਆਦੇਸ਼
* ਦਿਵਿਆਂਗਜ਼ਨਾਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਵਿੱਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਪੰਜਾਬ ਦੇ ਮੋਹਰੀ ਜ਼ਿਲ੍ਹਿਆਂ ਵਿੱਚ ਹੋਇਆ ਸ਼ਾਮਲ
* ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਜੁਰਗਾਂ ਤੇ ਦਿਵਿਆਂਗਜ਼ਨਾਂ ਦੀ ਭਲਾਈ ਲਈ ਬਣਾਈਆਂ ਕਮੇਟੀਆਂ ਦੀ ਕੀਤੀ ਮੀਟਿੰਗ
ਫ਼ਤਹਿਗੜ੍ਹ ਸਾਹਿਬ, 05 ਫਰਵਰੀ 2025 - ਜ਼ਿਲ੍ਹੇ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਵੱਖ-ਵੱਖ ਪੈਨਸ਼ਨ ਸਕੀਮਾਂ ਦੇ 70027 ਲਾਭਪਾਤਰੀਆਂ ਨੂੰ 10 ਕਰੋੜ 50 ਲੱਖ 40 ਹਜ਼ਾਰ 500 ਰੁਪਏ ਦੀ ਪੈਨਸ਼ਨ ਦਿੱਤੀ ਗਈ ਹੈ। ਜਿਸ ਵਿੱਚੋਂ 45198 ਬਜੁਰਗ ਨਾਗਰਿਕਾਂ ਨੂੰ ਬੁਢਾਪਾ ਪੈਨਸ਼ਨ ਸਕੀਮ ਅਧੀਨ 06 ਕਰੋੜ 77 ਲੱਖ 97 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਡਾ: ਸੋਨਾ ਥਿੰਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਜੁਰਗਾਂ ਤੇ ਦਿਵਿਆਂਗਜ਼ਨਾਂ ਦੀ ਭਲਾਈ ਲਈ ਬਣਾਈਆਂ ਕਮੇਟੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਸਾਡੇ ਬਜੁਰਗ ਸਾਡਾ ਮਾਣ ਪ੍ਰੋਗਰਾਮ ਅਧੀਨ ਜ਼ਿਲ੍ਹੇ ਵਿੱਚ ਬਜੁਰਗ ਨਾਗਰਿਕਾਂ ਸਬੰਧੀ ਸਰਵੇ ਵੀ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਸਰਕਾਰ ਵੱਲੋਂ ਸੀਨੀਅਰ ਸਿਟੀਜ਼ਨਾਂ ਨੂੰ ਆਯੂਸ਼ਮਾਨ ਸਿਹਤ ਬੀਮਾ ਸਕੀਮ ਦਾ ਲਾਭ ਦੇਣ ਦੇ ਫੈਸਲੇ ਅਧੀਨ ਜ਼ਿਲ੍ਹੇ ਦੇ ਬਜੁਰਗ ਨਾਗਰਿਕਾਂ ਦੇ ਆਯੂਸ਼ਮਾਨ ਕਾਰਡ ਬਣਾਉਣ ਲਈ ਕੈਂਪ ਲਗਾਏ ਜਾਣ ਤਾਂ ਜੋ ਜ਼ਿਲ੍ਹੇ ਦੇ ਸਾਰੇ ਬਜੁਰਗ ਨਾਗਿਰਿਕਾਂ ਨੂੰ ਸਕੀਮ ਦਾ ਲਾਭ ਮਿਲ ਸਕੇ। ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਯੂਸ਼ਮਾਨ ਸਕੀਮ ਅਧੀਨ ਇੰਮਪੈਨਲਡ ਹਸਪਤਾਲਾਂ ਦੀ ਸੂਚੀ ਬਜੁਰਗ ਨਾਗਰਿਕਾਂ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਜੋ ਲੋੜ ਪੈਣ ਤੇ ਬਜੁਰਗਾਂ ਨੂੰ ਕੋਈ ਖੱਜਲ ਖੁਆਰੀ ਨਾ ਝੱਲਣੀ ਪਵੇ। ਉਨ੍ਹਾਂ ਨਗਰ ਕੌਂਸਲ ਸਰਹਿੰਦ ਦੇ ਕਾਰਜ ਸਾਧਕ ਅਫਸਰ ਸੰਗੀਤ ਕੁਮਾਰ ਨੂੰ ਕਿਹਾ ਕਿ ਸਰਹਿੰਦ ਵਿਖੇ ਬਣੇ ਸੀਨੀਅਰ ਸਿਟੀਜਨ ਹੋਮ ਵਿੱਚ ਏਅਰ ਕੰਡੀਸ਼ਨਰ ਲਗਵਾਉਣ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਬਜੁਰਗਾਂ ਨੂੰ ਗਰਮੀਆਂ ਦੌਰਾਨ ਪ੍ਰੇਸ਼ਾਨੀ ਪੇਸ਼ ਨਾ ਆਵੇ।
ਡਾ: ਸੋਨਾ ਥਿੰਦ ਨੇ ਦਿਵਿਆਂਗਜ਼ਨਾਂ ਦੀ ਭਲਾਈ ਲਈ ਬਣਾਈ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਦਿਵਿਆਂਗਜ਼ਨਾਂ ਦੇ ਹੁਣ ਤੱਕ 9466 ਯੂ.ਡੀ.ਆਈ.ਡੀ. ਕਾਰਡ ਬਣਾਏ ਗਏ ਹਨ। ਇਸ ਤਰ੍ਹਾਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਪੰਜਾਬ ਦੇ ਮੋਹਰੀ ਜ਼ਿਲ੍ਹਿਆਂ ਵਿੱਚ ਸ਼ਾਮਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਮੱਗਰ ਸਿੱਖਿਆ ਅਭਿਆਨ ਤਹਿਤ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਆਮ ਬੱਚਿਆਂ ਨਾਲ ਸਾਂਝੀ ਸਿੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਬੱਚਿਆਂ ਲਈ ਸਕੂਲਾਂ ਵਿੱਚ ਰਿਸੋਰਮ ਰੂਮਾਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਜਿਥੇ ਕਿ ਵਿਸ਼ੇਸ਼ ਸਿਖਲਾਈ ਪ੍ਰਾਪਤ ਰਿਸੋਰਸ ਅਧਿਆਪਕਾਂ ਵੱਲੋਂ ਸਿੱਖਿਆ ਦਿੱਤੀ ਜਾ ਰਹੀ ਹੈ। ਰਿਸੋਰਸ ਰੂਮਾਂ ਵਿੱਚ ਆਉਣ ਵਾਲੇ ਬੱਚਿਆਂ ਦੇ ਕਿਰਾਏ ਦਾ ਪ੍ਰਬੰਧ, ਮੁਫਤ ਕਿਤਾਬਾਂ, ਵਰਦੀਆਂ, ਭੋਜਨ ਤੇ ਸਿਖਣ ਸਮੱਗਰੀ ਵੀ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਦਿਵਿਆਂਗਜ਼ਨਾਂ ਨੂੰ ਅੜਚਣ ਮੁਕਤ ਮਾਹੌਲ ਦੇਣ ਲਈ ਸਰਕਾਰੀ ਇਮਾਰਤਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਤਾਂ ਜੋ ਦਿਵਿਆਂਗਜ਼ਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਐਸ.ਸੀ./ਬੀ.ਸੀ. ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਦਿਵਿਆਂਗਜ਼ਨਾਂ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਸਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਮੀਟਿੰਗ ਵਿੱਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਟਿਵਾਣਾ, ਸਹਾਇਕ ਸਿਵਲ ਸਰਜਨ ਡਾ: ਅਮਰੀਕ ਸਿੰਘ, ਕੰਨਫੈਡਰੇਸ਼ਨ ਫਾਰਮ ਚੈਲੰਜਡ ਬਸੀ ਪਠਾਣਾ ਦੇ ਸਕੱਤਰ ਜਨਰਲ ਮਨਮੋਹਨ ਜਰਗਰ, ਸਰਬੱਤ ਦਾ ਭਲਾ ਹੈਂਡੀਕੈਪਡ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਗੁਰਵਿੰਦਰ ਸਿੰਘ ਸੋਨੀ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਪ੍ਰਧਾਨ ਰਾਮ ਨਾਥ ਸ਼ਰਮਾ, ਅਸ਼ੋਕ ਸੂਦ, ਕੇ.ਕੇ. ਵਰਮਾ, ਓਲਡ ਏਜ ਹੋਮ ਬਸੀ ਪਠਾਣਾ ਦੇ ਸੁਨੀਲ ਰੈਨਾ, ਨਗਰ ਕੌਂਸਲ ਬਸੀ ਪਠਾਣਾ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ, ਡੀ.ਡੀ.ਐਫ. ਇਕਰਾਮ ਖਾਨ, ਕੇ.ਕੇ. ਵਰਮਾ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਵੀ ਹਾਜਰ ਸਨ।