ਓਟ ਕੇਂਦਰ ਦੇ ਡਾਕਟਰ 'ਤੇ ਮਰਜ਼ੀ ਨਾਲ ਮਰੀਜ਼ਾਂ ਨੂੰ ਦਵਾਈ ਦੇਣ ਦੇ ਦੋਸ਼: ਦਵਾਈ ਨਾ ਮਿਲਣ ਤੇ ਹੋਏ ਹੰਗਾਮੇ ਤੋਂ ਬਾਅਦ ਓਟ ਕੇਂਦਰ ਪਹੁੰਚੇ ਐਸਐਮਓ
ਦੀਪਕ ਜੈਨ
ਜਗਰਾਉਂ/4/ਫਰਵਰੀ 2025 - ਪੰਜਾਬ ਵਿੱਚ ਲੋਕਾਂ ਨੂੰ ਮਾਰੂ ਨਸ਼ਿਆਂ ਤੋਂ ਨਿਜਾਤ ਦਵਾਉਣ ਦੇ ਲਈ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਓਟ ਸੈਂਟਰ (ਨਸ਼ਾ ਛਡਾਊ ਕੇਂਦਰ) ਖੋਲੇ ਗਏ ਹਨ ਜਿੱਥੇ ਨਸ਼ਾ ਛੱਡਣ ਦੇ ਚਾਹਵਾਨ ਵਿਅਕਤੀਆਂ ਨੂੰ ਫਰੀ ਦਵਾਈ ਦਿੱਤੀ ਜਾਂਦੀ ਹੈ ਇਹ ਦਵਾਈ ਹਰ ਮਰੀਜ਼ ਨੂੰ ਇੱਕ ਹਫਤੇ ਦੇ ਲਈ ਦੇਣੀ ਹੁੰਦੀ ਹੈ ਅਤੇ ਜੇਕਰ ਕਿਸੇ ਦੀ ਕੋਈ ਮਜਬੂਰੀ ਹੈ ਤਾਂ ਉਹ ਦੱਸ ਕੇ ਦਵਾਈ ਦੋ ਹਫਤਿਆਂ ਦੀ ਵੀ ਲਿਜਾ ਸਕਦਾ ਹੈ। ਪਰ ਜਗਰਾਉਂ ਦੇ ਪੁਰਾਣੇ ਰੈਡ ਕਰਾਸ ਹਸਪਤਾਲ ਵਿੱਚ ਖੁੱਲੇ ਓਟ ਸੈਂਟਰ ਦਾ ਡਾਕਟਰ ਵਿਵੇਕ ਸਰਕਾਰ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਆਪਣੀ ਮਰਜ਼ੀ ਇੱਕ ਗੋਲੀ ਲੈਣ ਵਾਲੇ ਮਰੀਜ਼ ਨੂੰ ਇੱਕ ਹਫਤੇ ਦੀ, ਦੋ ਗੋਲੀਆਂ ਲੈਣ ਵਾਲੇ ਮਰੀਜ਼ ਨੂੰ ਪੰਜ ਦਿਨ ਦੀ ਅਤੇ ਤਿੰਨ ਗੋਲੀਆਂ ਲੈਣ ਵਾਲੇ ਮਰੀਜ਼ ਨੂੰ ਸਿਰਫ ਤਿੰਨ ਦਿਨ ਦੀ ਹੀ ਦਵਾਈ ਦਿੰਦੇ ਹਨ ਜਦਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹਰ ਮਰੀਜ਼ ਨੂੰ ਇੱਕ ਹਫਤੇ ਦੀ ਦਵਾਈ ਦੇਣੀ ਹੁੰਦੀ ਹੈ।
ਦਵਾਈ ਲੈਣ ਆਏ ਰਾਮਗੜ੍ਹ ਦੇ ਗੁਰਪ੍ਰੀਤ ਸਿੰਘ ਰੂਮੀ ਦੇ ਮਹਿੰਦਰ ਸਿੰਘ, ਜਗਰਾਜ ਸਿੰਘ ਅਤੇ ਜਗਰਾਉਂ ਦੇ ਰਾਮ ਲਾਲ ਨੇ ਦੱਸਿਆ ਕਿ ਇਥੋਂ ਦੇ ਡਾਕਟਰ ਜਾਣ ਬੁੱਝ ਕੇ ਸਾਨੂੰ ਖਰਾਬ ਕਰਦੇ ਹਨ ਹੁਣ ਸਾਨੂੰ ਉਹ ਰੋਜ਼ ਆ ਕੇ ਖਾਲੀ ਹੱਥ ਮੁੜਦਿਆਂ ਨੂੰ ਤਿੰਨ ਦਿਨ ਹੋ ਗਏ ਹਨ ਪਰ ਸਾਨੂੰ ਦਵਾਈ ਨਹੀਂ ਦਿੱਤੀ ਗਈ ਅਤੇ ਜੇ ਦਵਾਈ ਦਿੱਤੀ ਜਾਂਦੀ ਹੈ ਤਾਂ ਉਹ ਵੀ ਦੋ ਤਿੰਨ ਦਿਨ ਦੀ ਜਿਸ ਵਜਹਾ ਕਰਕੇ ਸਾਡਾ ਟਾਈਮ ਖਰਾਬ ਹੋਣ ਦੇ ਨਾਲ ਸਾਨੂੰ ਆਉਣ ਜਾਣ ਦਾ ਖਰਚਾ ਵੀ ਜਿਆਦਾ ਪੈਂਦਾ ਹੈ। ਹੁਣ ਤਿੰਨ ਦਿਨ ਤੋਂ ਡਾਕਟਰ ਸਾਨੂੰ ਸਿਸਟਮ ਖਰਾਬ ਹੋਣ ਦਾ ਬਹਾਨਾ ਲਗਾ ਕੇ ਬਿਨਾਂ ਦਵਾਈ ਦਿੱਤੇ ਮੋੜ ਰਹੇ ਹਨ। ਦਵਾਈ ਨਾ ਮਿਲਣ ਦੀ ਵਜਹਾ ਕਰਕੇ ਮਰੀਜ਼ਾਂ ਵੱਲੋਂ ਹੰਗਾਮਾ ਵੀ ਕੀਤਾ ਗਿਆ।
ਕੀ ਕਿਹਾ ਡਾਕਟਰ ਵਿਵੇਕ ਨੇ:-ਇਸ ਸਬੰਧ ਵਿੱਚ ਜਦੋਂ ਓਟ ਕੇਂਦਰ ਦੇ ਡਾਕਟਰ ਵਿਵੇਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿੱਛੋਂ ਦਵਾਈ ਘੱਟ ਆਉਂਦੀ ਹੈ ਜਿਸ ਕਰਕੇ ਅਸੀਂ ਦਵਾਈ ਘੱਟ ਦਿੰਦੇ ਹਾਂ। ਅਤੇ ਕਈ ਵਾਰੀ ਪਿੱਛੋਂ ਕੰਪਿਊਟਰ ਸਿਸਟਮ ਨਹੀਂ ਚੱਲਦਾ ਜਿਸ ਵਜਹਾ ਕਰਕੇ ਪਰੇਸ਼ਾਨੀ ਆਉਂਦੀ। ਡਾਕਟਰ ਵਿਵੇਕ ਨੇ ਇਹ ਵੀ ਕਿਹਾ ਕਿ ਅਸੀਂ ਹਰ ਰੋਜ਼ ਦਵਾਈ ਲੈਣ ਆ ਰਹੇ ਮਰੀਜ਼ਾਂ ਨੂੰ ਦਵਾਈ ਦੀ ਮਾਤਰਾ ਘਟਾਉਣ ਬਾਰੇ ਕਹਿਣਾ ਹੁੰਦਾ ਹੈ ਇਸ ਲਈ ਅਸੀਂ ਹਫਤੇ ਦੀ ਦਵਾਈ ਨਹੀਂ ਦਿੰਦੇ। ਇਸ ਤੋਂ ਪਹਿਲਾਂ ਡਾਕਟਰ ਵਿਵੇਕ ਨੇ ਖੁਦ ਮੰਨਿਆ ਕਿ ਉਹ ਇੱਥੇ ਮਹੀਨੇ ਵਿੱਚ ਸਿਰਫ ਦੋ ਵਾਰ ਹੀ ਆਉਂਦੇ ਹਨ ਫਿਰ ਉਹ ਕਿਸ ਤਰ੍ਹਾਂ ਹਰ ਰੋਜ਼ ਮਰੀਜ਼ਾਂ ਨਾਲ ਗੱਲ ਕਰਦੇ ਹੋਣਗੇ। ਉੱਥੇ ਦਵਾਈ ਲੈਣ ਆਏ ਮਰੀਜ਼ਾਂ ਵਿੱਚੋਂ ਕਿਸੇ ਨੇ ਵੀ ਇਹ ਗੱਲ ਨਹੀਂ ਆਖੀ ਕਿ ਉਹਨਾਂ ਨੂੰ ਡਾਕਟਰ ਵੱਲੋਂ ਦਵਾਈ ਦੀ ਮਾਤਰਾ ਘਟਾਉਣ ਬਾਰੇ ਕਦੀ ਕਿਹਾ ਗਿਆ ਹੋਵੇ। ਡਾਕਟਰ ਵਿਵੇਕ ਨੇ ਇੱਕ ਹੋਰ ਤੁਗਲਕੀ ਫਰਮਾਨ ਸੁਣਾਉਂਦੇ ਹੋਏ ਕਿਹਾ ਕੀ ਓਟ ਸੈਂਟਰ ਵਿੱਚ ਪੱਤਰਕਾਰ ਦੇ ਆਉਣ ਤੇ ਪਾਬੰਦੀ ਹੈ। ਜਦ ਕਿ ਉੱਥੇ ਮੌਜੂਦ ਐਸਐਮਓ ਡਾਕਟਰ ਹੈ ਅਜੀਤ ਸਿੰਘ ਨੇ ਤਾਂ ਇਸ ਗੱਲ ਦੀ ਮਨਾਹੀ ਨਹੀਂ ਕੀਤੀ ਅਤੇ ਡਾਕਟਰ ਵਿਵੇਕ ਨੇ ਇਹ ਵੀ ਕਿਹਾ ਕਿ ਮੈਂ ਮੀਡੀਆ ਦੀ ਪਾਬੰਦੀ ਬਾਰੇ ਸਰਕਾਰ ਵੱਲੋਂ ਹਦਾਇਤ ਵਾਲਾ ਕਾਗਜ਼ ਦਿਖਾ ਸਕਦਾ ਹਾਂ, ਪਰ ਬਾਅਦ ਵਿੱਚ ਜੋ ਉਹ ਨਹੀਂ ਦਿਖਾ ਸਕੇ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਡਾਕਟਰ ਵਿਵੇਕ ਗੋਇਲ ਆਪਣੀ ਨਲਾਇਕੀ ਲੁਕਾਉਣ ਦੇ ਲਈ ਮੀਡੀਆ ਨੂੰ ਓਟ ਸੈਂਟਰ ਤੋਂ ਦੂਰ ਰੱਖਣਾ ਚਾਹੁੰਦੇ ਸਨ।
ਕੀ ਕਿਹਾ ਐਸਐਮਓ ਨੇ:-ਜਦੋਂ ਇਸ ਸਬੰਧੀ ਜਗਰਾਉਂ ਸਿਵਿਲ ਹਸਪਤਾਲ ਦੇ ਐਸਐਮਓ ਡਾਕਟਰ ਹਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕਿਸੇ ਵੀ ਦਵਾਈ ਦੀ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਫਿਰ ਪਿੱਛੋਂ ਦਵਾਈ ਘੱਟ ਆਉਣ ਦਾ ਤਾਂ ਮਤਲਬ ਹੀ ਨਹੀਂ ਪੈਦਾ ਹੁੰਦਾ। ਉਹਨਾਂ ਕਿਹਾ ਕਿ ਜੇਕਰ ਓਟ ਸੈਂਟਰ ਦੇ ਸਿਸਟਮ ਵਿੱਚ ਕੋਈ ਖਰਾਬੀ ਆ ਰਹੀ ਹੈ ਤਾਂ ਉਸ ਸਬੰਧੀ ਉਥੋਂ ਦੇ ਇੰਚਾਰਜ ਡਾਕਟਰ ਵਿਵੇਕ ਸਾਨੂੰ ਇਸ ਸਬੰਧੀ ਜਾਣੂ ਕਰਵਾਉਣਾ। ਪਰ ਅੱਜ ਤੱਕ ਉਹਨਾਂ ਨੇ ਨਾ ਦਵਾਈ ਤੇ ਨਾ ਹੀ ਕਿਸੇ ਹੋਰ ਆ ਰਹੀ ਮੁਸ਼ਕਿਲ ਦੀ ਕੋਈ ਗੱਲ ਕੀਤੀ ਹੈ।
ਕੀ ਕਿਹਾ ਡਿਪਟੀ ਮੈਡੀਕਲ ਕਮਿਸ਼ਨਰ ਨੇ:-ਪੰਜਾਬ ਦੇ ਸਾਰੇ ਨਸ਼ਾ ਛਡਾਊ ਕੇਂਦਰ ਅਤੇ ਫੋਰਥ ਸੈਂਟਰਾਂ ਦੀ ਜਾਂਚ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੀਆ ਨੇ ਕਰਨੀ ਹੁੰਦੀ ਹੈ। ਜਿੱਥੇ ਉਹਨਾਂ ਵੱਲੋਂ ਜਾਂਚ ਦੌਰਾਨ ਆ ਰਹੀ ਹਰ ਇੱਕ ਮੁਸ਼ਕਲ ਦਾ ਹੱਲ ਕਰਨਾ ਹੁੰਦਾ ਹੈ। ਜਦੋਂ ਜਗਰਾਉਂ ਦੇ ਓਟਸ ਸੈਂਟਰ ਵਿੱਚ ਆ ਰਹੀਆਂ ਮੁਸ਼ਕਿਲਾਂ ਬਾਰੇ ਉਹਨਾਂ ਨੂੰ ਪੁੱਛਣ ਲਈ ਫੋਨ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਡੀਸੀ ਸਾਹਿਬ ਨਾਲ ਮੀਟਿੰਗ ਵਿੱਚ ਹਾਂ ਬਾਅਦ ਵਿੱਚ ਗੱਲ ਕਰਾਂਗੀ ਕਹਿੰਦੇ ਹੋਏ ਫੋਨ ਕੱਟ ਦਿੱਤਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰੀਮਾ ਨੇ ਕਦੀ ਜਗਰਾਉਂ ਦੇ ਓਟ ਸੈਂਟਰ ਦੇ ਦਰਸ਼ਨ ਤੱਕ ਨਹੀਂ ਕੀਤੇ।