ਕੈਨੇਡਾ: ਅਮਰੀਕਾ ਦੀਆਂ ਟੈਰਿਫ ਧਮਕੀਆਂ ਦਾ ਮੁਕਾਬਲਾ ਕਰਨ ਲਈ ਬੀ.ਸੀ. ਸਰਕਾਰ ਹਰਕਤ ‘ਚ ਆਈ
ਮੰਤਰੀ ਰਵੀ ਕਾਹਲੋਂ ਦੀ ਪ੍ਰਧਾਨਗੀ ਹੇਠ 10 ਮੈਂਬਰੀ ਕੈਬਨਿਟ ਕਮੇਟੀ ਦਾ ਗਠਨ
ਹਰਦਮ ਮਾਨ
ਸਰੀ, 31 ਜਨਵਰੀ 2025-ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਇੱਕ ਨਵੀਂ ਕੈਬਨਟ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਬੀਸੀ ਦੇ ਕਾਮਿਆਂ, ਕਾਰੋਬਾਰੀਆਂ ਅਤੇ ਅਰਥ ਵਿਵਸਥਾ ਨੂੰ ਅਮਰੀਕਾ ਦੇ ਪ੍ਰਸਤਾਵਿ ਟੈਰਿਫ ਖਤਰਿਆਂ ਤੋਂ ਬਚਾਉਣ ਲਈ ਸਰਕਾਰੀ ਤਾਲਮੇਲ ਦਾ ਕਾਰਜ ਕਰੇਗੀ। ਇਸ ਕੈਬਨਿਟ ਕਮੇਟੀ ਲਈ ਰਵੀ ਕਾਹਲੋਂ (ਹਾਊਸਿੰਗ ਤੇ ਮਿਊਨਸੀਪਲ ਮਾਮਲਿਆਂ ਦੇ ਮੰਤਰੀ) ਨੂੰ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਹੈ। ਕਮੇਟੀ ਦੇ ਬਾਕੀ ਮੈਂਬਰਾਂ ਵਿੱਚ ਡਾਇਨਾ ਗਿਬਸਨ (ਨੌਕਰੀਆਂ, ਆਰਥਿਕ ਵਿਕਾਸ ਅਤੇ ਨਵੀਨਤਾ ਮੰਤਰੀ), ਬ੍ਰੈਂਡਾ ਬੇਲੀ (ਵਿੱਤ ਮੰਤਰੀ), ਐਡਰੀਅਨ ਡਿਕਸ (ਊਰਜਾ ਅਤੇ ਜਲਵਾਯੂ ਹੱਲ ਮੰਤਰੀ), ਲਾਨਾ ਪੋਪਹੈਮ (ਖੇਤੀਬਾੜੀ ਅਤੇ ਖੁਰਾਕ ਮੰਤਰੀ), ਰੈਂਡੇਨ ਨੀਲ (ਪਾਣੀ, ਭੂਮੀ ਅਤੇ ਸਰੋਤ ਪ੍ਰਬੰਧਨ ਮੰਤਰੀ), ਰਿਕ ਗਲੂਮੈਕ (ਵਪਾਰ ਰਾਜ ਮੰਤਰੀ), ਰਵੀ ਪਰਮਾਰ (ਜੰਗਲਾਤ ਮੰਤਰੀ), ਜਗਰੂਪ ਬਰਾੜ (ਮਾਈਨਿੰਗ ਅਤੇ ਮਹੱਤਵਪੂਰਨ ਖਾਣਿਜ ਮੰਤਰੀ) ਅਤੇ ਤਾਮਾਰਾ ਡੇਵਿਡਸਨ (ਵਾਤਾਵਰਨ ਅਤੇ ਪਾਰਕ ਮੰਤਰੀ) ਸ਼ਾਮਿਲ ਹਨ।
ਇਸ ਕਮੇਟੀ ਨੂੰ ‘ਵਾਰ ਰੂਮ’ (ਜੰਗੀ ਕਮਰਾ) ਦਾ ਨਾਂ ਦਿੱਤਾ ਗਿਆ ਹੈ ਜੋ ਬ੍ਰਿਟਿਸ਼ ਕਲੰਬੀਆ ਵੱਲੋਂ ਜਵਾਬੀ ਕਾਰਵਾਈ ਕਰਨ ਅਤੇ ਸੂਬੇ ਦੀ ਆਰਥਿਕਤਾ ਨੂੰ ਵਧਾਉਣ ਲਈ ਕਾਰਜ ਕਰੇਗੀ। ਪ੍ਰੀਮੀਅਰ ਡੇਵਿਡ ਈਬੀ ਨੇ ਪ੍ਰਸਤਾਵਿਤ ਅਮਰੀਕੀ ਟਾਰਿਫ ਨੂੰ ਬੀਸੀ ਦੇ ਪਰਿਵਾਰਾਂ ‘ਤੇ ਸਿੱਧਾ ਹਮਲਾ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਖਤਰਾ ਜਲਦੀ ਹੀ ਦੂਰ ਹੋਣ ਵਾਲਾ ਨਹੀਂ। ਹਰ ਮੰਤਰੀ ਦੀ ਲੜਾਈ ਇਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗੀ।
ਇਸ ਕਮੇਟੀ ਵੱਲੋਂ ਜਵਾਬੀ ਕਾਰਵਾਈ ਅਤੇ ਅਮਰੀਕੀ ਫੈਸਲਾ ਲੈਣ ਵਾਲਿਆਂ ਤੱਕ ਪਹੁੰਚ ਕਰਨ ਲਈ ਤਿੰਨ ਨੁਕਾਤੀ ਰਣਨੀਤੀ ਬਣਾਈ ਗਈ ਹੈ ਜਿਸ ਤਹਿਤ ਅਮਰੀਕੀ ਟੈਰਿਫਾਂ ਦਾ ਜਵਾਬ ਸਖਤੀ ਨਾਲ ਦੇਣਾ, ਅਮਰੀਕੀ ਫੈਸਲਾ ਲੈਣ ਵਾਲਿਆਂ ਤੱਕ ਪਹੁੰਚ ਕਰਨਾ, ਉਦਯੋਗ ਅਤੇ ਕਾਮਿਆਂ ਦੇ ਸਮਰਥਨ ਨਾਲ ਬੀਸੀ ਦੀ ਆਰਥਿਕਤਾ ਨੂੰ ਮਜਬੂਤ ਕਰਨ ਵਾਲੇ ਪ੍ਰੋਜੈਕਟਾਂ ਵਿਚ ਤੇਜ਼ੀ ਲਿਆਉਣਾ ਅਤੇ ਉਤਪਾਦਾਂ ਲਈ ਵਪਾਰਕ ਬਾਜ਼ਾਰਾਂ ਨੂੰ ਵਿਭਿੰਨ ਬਣਾਉਣਾ ਸ਼ਾਮਿਲ ਹੈ ਤਾਂ ਜੋ ਬ੍ਰਿਟਿਸ਼ ਕੋਲੰਬੀਆ ਦੇ ਲੋਕ ਅਮਰੀਕੀ ਬਾਜ਼ਾਰਾਂ ਅਤੇ ਕਾਰੋਬਾਰਾਂ ‘ਤੇ ਘੱਟ ਨਿਰਭਰ ਹੋਣ। ਕਮੇਟੀ ਦੇ ਪ੍ਰਧਾਨ ਰਵੀ ਕਾਹਲੋਂ ਨੇ ਕਿਹਾ ਹੈ ਕਿ ਉਹ ਤੇ ਉਹਨਾਂ ਦੇ ਸਾਥੀ ਕਾਮਿਆਂ, ਕਾਰੋਬਾਰੀਆਂ ਅਤੇ ਭਾਈਚਾਰਕ ਆਗੂਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਲਾ ਕੇ ਕੰਮ ਕਰਨਗੇ।