ਪੰਜਾਬੀ ਯੂਨੀਵਰਸਿਟੀ ਵਿਖੇ ਵਾਤਾਵਰਣ ਅਤੇ ਸਿਨੇਮਾ ਉਤਸਵ ਦੇ ਦੂਜੇ ਦਿਨ ਫ਼ਿਲਮ ਜਗਤ ਤੋਂ ਪੁੱਜੀਆਂ ਸ਼ਖ਼ਸੀਅਤਾਂ ਨੇ ਰਚਾਇਆ ਸੰਵਾਦ
ਪਟਿਆਲਾ, 30 ਜਨਵਰੀ 2025 - ਪੰਜਾਬੀ ਯੂਨੀਵਰਸਿਟੀ ਵਿਖੇ ਥੀਏਟਰ ਅਤੇ ਫ਼ਿਲਮ ਨਿਰਮਾਣ ਵਿਭਾਗ ਦੇ ਸਹਿਯੋਗ ਨਾਲ਼ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਕਰਵਾਇਆ ਰਹੇ ਤਿੰਨ ਦਿਨਾ ਵਾਤਾਵਰਣ ਅਤੇ ਸਿਨੇਮਾ ਉਤਸਵ ਦੇ ਦੂਜੇ ਦਿਨ ਵੱਖ-ਵੱਖ ਗਤੀਵਿਧੀਆਂ ਨੇ ਇਸ ਉਤਸਵ ਵਿੱਚ ਰੰਗ ਭਰਿਆ।
ਥੀਏਟਰ ਅਤੇ ਫਿਲਮ ਨਿਰਮਾਣ ਵਿਭਾਗ ਦੇ ਮੁਖੀ ਡਾ. ਹਰਜੀਤ ਸਿੰਘ ਅਤੇ ਆਯੋਜਨ ਨਾਲ਼ ਜੁੜੀ ਸੰਸਥਾ ਪਰਦਾ ਵੈਲਫੇਅਰ ਸੋਸਾਇਟੀ ਦੇ ਡਾਇਰੈਕਟਰ ਅਮਨਿੰਦਰ ਸਿੰਘ ਨੇ ਦੱਸਿਆ ਕਿ ਦੂਜੇ ਦਿਨ ਵਾਤਾਵਰਣ ਫਿਲਮਾਂ, ਵਰਕਸ਼ਾਪਾਂ, ਪੈਨਲ ਚਰਚਾਵਾਂ ਦੌਰਾਨ ਵੱਖ-ਵੱਖ ਅਕਾਦਮਿਕ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਪ੍ਰਗਟਾਏ।
ਫ਼ਿਲਮ ਜਗਤ ਤੋਂ ਪੁੱਜੀਆਂ ਸ਼ਖ਼ਸੀਅਤਾਂ ਰਾਣਾ ਰਣਬੀਰ, ਸੁਵਿੰਦਰ ਵਿੱਕੀ, ਹਸ਼ਨੀਨ ਚੌਹਾਨ, ਰਾਜ ਧਾਲੀਵਾਲ, ਮੋਹਨੀਸ਼ਾ ਭੱਟ ਅਤੇ ਪ੍ਰਕਾਸ਼ ਗਾਧੂ ਨੇ ਜਿਥੇ ਆਪਣੇ ਸੰਘਰਸ਼ ਦੇ ਹਵਾਲੇ ਨਾਲ਼ ਸਿਨੇਮਾ ਖੇਤਰ ਦੀਆਂ ਗੱਲਾਂ ਕਰਦਿਆਂ ਨੌਜਵਾਨਾਂ ਨੂੰ ਸਿਰੜ ਅਤੇ ਸਿਦਕ ਨਾਲ਼ ਕੰਮ ਕਰਨ ਲਈ ਪ੍ਰੇਰਿਆ ਓਥੇ ਹੀ ਸਿਨੇਮਾ ਅਤੇ ਸਮਾਜ ਦੇ ਆਪਸੀ ਸੰਬੰਧਾਂ ਬਾਰੇ ਅਹਿਮ ਟਿੱਪਣੀਆਂ ਕੀਤੀਆਂ।
ਇਸ ਮੌਕੇ ਆਉਣ ਵਾਲੀ ਫਿਲਮ 'ਇੱਲਤੀ' ਦੀ ਟੀਮ ਨੇ ਫੈਸਟੀਵਲ ਵਿੱਚ ਆਪਣਾ ਟ੍ਰੇਲਰ ਲਾਂਚ ਕੀਤਾ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ।
ਸੰਗੀਤ, ਫ਼ਿਲਮ ਵਰਕਸ਼ਾਪ ਅਤੇ ਫ਼ਿਲਮ ਪ੍ਰਦਰਸ਼ਨ ਤੋਂ ਇਲਾਵਾ ਅਕਾਦਮਿਕ ਸੈਸ਼ਨ ਦੌਰਾਨ ਵੱਖ-ਵੱਖ ਵਿਦਵਾਨਾਂ ਨੇ ਪੰਜਾਬ ਦੇ ਵਾਤਾਵਰਣ ਅਤੇ ਮਿੱਟੀ ਦੇ ਹਵਾਲੇ ਨਾਲ਼ ਆਪਣੀ ਗੱਲ ਰੱਖੀ। ਵਿਦਵਾਨਾਂ ਵੱਲੋਂ ਆਪਣਾ ਸੰਵਾਦ ਰਚਾਉਂਦਿਆਂ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਬਾਰੇ ਜਾਗਰੂਕਤਾ ਪੈਦਾ ਕਰਨ ਦਾ ਹੋਕਾ ਦਿੱਤਾ ਗਿਆ।
ਫੈਸਟੀਵਲ ਦੇ ਇਸ ਦੂਜੇ ਦਿਨ ਦਰਸ਼ਕਾਂ ਨੇ ਸੋਚ-ਉਕਸਾਉਣ ਵਾਲੀਆਂ ਵਾਤਾਵਰਣ ਫਿਲਮਾਂ ਦੀ ਸਕ੍ਰੀਨਿੰਗ ਦਾ ਆਨੰਦ ਮਾਣਿਆ। ਯੂਨੀਵਰਸਿਟੀ ਕੈਂਪਸ ਵਿੱਚ ਲੱਗੇ ਵੱਖ-ਵੱਖ ਈਕੋ ਸਟਾਲ ਵੀ ਆਕਰਸ਼ਣ ਦੇ ਕੇਂਦਰ ਬਣੇ ਰਹੇ।
ਜ਼ਿਕਰਯੋਗ ਹੈ ਕਿ ਇਸ ਫੈਸਟੀਵਲ ਦਾ ਹਰ ਦਿਨ ਸਵੇਰੇ 10 ਵਜੇ ਇੱਕ ਦਿਲਚਸਪ ਫਿਲਮ ਮੇਕਿੰਗ ਵਰਕਸ਼ਾਪ ਨਾਲ ਸ਼ੁਰੂ ਕਰਨ ਅਤੇ ਸ਼ਾਮ 7:30 ਵਜੇ ਇੱਕ ਸੰਗੀਤਕ ਸ਼ਾਮ ਦੇ ਨਾਲ ਸੰਪੰਨ ਕਰਨ ਵਜੋਂ ਉਲੀਕਿਆ ਹੋਇਆ ਹੈ।