ਸ਼ਹੀਦ ਮਲਕੀਤ ਸਿੰਘ ਦਾ ਹੋਇਆ ਅੰਤਿਮ ਸੰਸਕਾਰ
ਕਿਸਾਨਾਂ ਨੇ ਟਰੈਕਟਰ ਮਾਰਚ ਕੀਤਾ ਰੱਦ ਦੁਕਾਨਦਾਰਾਂ ਨੇ ਬੰਦ ਰੱਖੀਆਂ ਦੁਕਾਨਾਂ ਪਰ ਨਹੀਂ ਪਹੁੰਚਿਆ ਕੋਈ ਸਰਕਾਰੀ ਨੁਮਾਇੰਦਾ
ਰੋਹਿਤ ਗੁਪਤਾ
ਗੁਰਦਾਸਪੁਰ , 26 ਜਨਵਰੀ 2025 :
ਜੰਮੂ ਦੇ ਊਧਮਪੁਰ ਵਿਖੇ ਪੈਟਰੋਲਿੰਗ ਦੌਰਾਨ ਸ਼ਹੀਦ ਹੋਏ ਸੈਨਾ ਦੇ ਹੌਲਦਾਰ ਕਲਾਨੌਰ ਦੇ ਰਹਿਣ ਵਾਲੇ 31 ਸਾਲਾ ਮਲਕੀਤ ਸਿੰਘ ਦਾ ਅੰਤਿਮ ਸੰਸਕਾਰ ਪੂਰੇ ਸੈਨਿਕ ਸਨਮਾਨ ਨਾਲ ਉਹਨਾਂ ਦੇ ਜੱਦੀ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ । ਇਸ ਦੌਰਾਨ ਹਰ ਅੱਖ ਨਮ ਸੀ ਅਤੇ ਕਲਾਨੌਰ ਇਲਾਕੇ ਦੇ ਕਿਸਾਨਾਂ ਨੇ ਆਪਣਾ ਟਰੈਕਟਰ ਮਾਰਚ ਵੀ ਰੱਦ ਕਰ ਦਿੱਤਾ। ਉੱਥੇ ਹੀ ਸ਼ਹਿਰ ਦੇ ਦੁਕਾਨਦਾਰਾਂ ਨੇ ਸ਼ਹੀਦ ਦੀ ਸ਼ਹਾਦਤ ਦੇ ਸਨਮਾਨ ਵਿੱਚ ਦੁਕਾਨਾਂ ਵੀ ਬੰਦ ਰੱਖੀਆਂ ਪਰ 26 ਜਨਵਰੀ ਦੇ ਸਮਾਗਮਾਂ ਵਿੱਚ ਬਿਜ਼ੀ ਹੋਣ ਕਾਰਨ ਕੋਈ ਵੀ ਸਰਕਾਰੀ ਨੁਮਾਇੰਦਾ ਸ਼ਹੀਦ ਦੇ ਅੰਤਿਮ ਸੰਸਕਾਰ ਤੇ ਨਹੀਂ ਪਹੁੰਚਿਆ।
ਉੱਥੇ ਹੀ ਸ਼ਹੀਦ ਮਲਕੀਤ ਸਿੰਘ ਦੇ ਮਮੇਰੇ ਭਰਾ ਪ੍ਰਦੀਪ ਸਿੰਘ ਨੇ ਦੱਸਿਆ ਕਿ ਸ਼ਹੀਦ ਮਲਕੀਤ ਸਿੰਘ ਦੇ ਪਿਤਾ ਦੀ ਮੌਤ ਜਦੋਂ ਹੋਈ ਸੀ ਉਹ ਬਿਲਕੁਲ ਬੱਚੇ ਸੀ । ਉਨਾਂ ਦੀ ਮਾਂ ਨੇ ਬਹੁਤ ਮਿਹਨਤ ਕਰਕੇ ਦੋਵਾਂ ਭਰਾਵਾਂ ਨੂੰ ਪਾਲਿਆ ਅਤੇ ਫੌਜ ਵਿੱਚ ਭਰਤੀ ਕਰਵਾਇਆ ਤੇ ਅੱਜ ਮਲਕੀਤ ਸਿੰਘ ਨੇ ਦੇਸ਼ ਦੀ ਖਾਤਰ ਸ਼ਹਾਦਤ ਹਾਸਲ ਕਰ ਲਈ । ਉਹਨਾਂ ਮੰਗ ਕੀਤੀ ਕਿ ਸ਼ਹੀਦ ਦੀ ਪਤਨੀ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਆਪਣੀ ਬੱਚੀ ਦਾ ਭਵਿੱਖ ਸੰਵਾਰ ਸਕੇ ।
ਉੱਥੇ ਹੀ ਸੰਸਕਾਰ ਵਿੱਚ ਪਹੁੰਚੇ ਕਿਸਾਨ ਆਗੂ ਹਰਜੀਤ ਸਿੰਘ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਪੂਰੇ ਭਾਰਤ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਪਰ ਸ਼ਹੀਦ ਮਲਕੀਤ ਸਿੰਘ ਦੀ ਸ਼ਹਾਦਤ ਕਾਰਨ ਕਲਾਨੌਰ ਵਿਖੇ ਟਰੈਕਟਰ ਮਾਰਚ ਰੱਦ ਕਰ ਦਿੱਤਾ ਗਿਆ ਹੈ ,ਉੱਥੇ ਹੀ ਦੁਕਾਨਦਾਰਾਂ ਨੇ ਵੀ ਦੁਕਾਨਾਂ ਬੰਦ ਰੱਖੀਆਂ ਹਨ ਪਰ ਖੇਦ ਦੀ ਗੱਲ ਇਹ ਹੈ ਕਿ ਕੋਈ ਸਰਕਾਰੀ ਨੁਮਾਇੰਦਾ ਉਹਨਾਂ ਦੇ ਸੰਸਕਾਰ ਤੇ ਨਹੀਂ ਪਹੁੰਚਿਆ ਹੈ।