ਬੀਕੇਯੂ ਉਗਰਾਹਾਂ ਵੱਲੋਂ 26 ਨੂੰ ਸਾਂਝਾ ਟ੍ਰੈਕਟਰ ਮਾਰਚ ਅਤੇ 13 ਫਰਵਰੀ ਨੂੰ ਜਿਉਂਦ ਵਿਖੇ ਸੂਬਾ ਪੱਧਰੀ ਜ਼ਮੀਨੀ ਸੰਗਰਾਮ ਕਾਨਫਰੰਸ ਕਰਨ ਦਾ ਐਲਾਨ
- ਟੋਹਾਣਾ ਮਹਾਂਪੰਚਾਇਤ ਮੌਕੇ ਸੜਕ ਹਾਦਸੇ ਵਿੱਚ ਸ਼ਹੀਦ ਕਿਸਾਨਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਕਿਸਾਨ ਕਾਫ਼ਲਾ ਹੁਸੈਨੀਵਾਲਾ ਜਾਵੇਗਾ
- ਜਿਉਂਦ ਜ਼ਮੀਨੀ ਮੋਰਚੇ ਦੇ ਛੇਵਾਂ ਦਿਨ
ਦਲਜੀਤ ਕੌਰ
ਚੰਡੀਗੜ੍ਹ, 25 ਜਨਵਰੀ, 2025: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪਿੰਡ ਜਿਉਂਦ ਦੇ ਜ਼ਮੀਨੀ ਮਸਲੇ ਨੂੰ ਲੈ ਕੇ ਲਾਏ ਗਏ ਪੱਕੇ ਮੋਰਚੇ ਦੇ ਛੇਵੇਂ ਦਿਨ ਘੋਲ਼ ਨੂੰ ਸਿਖਰਾਂ ਵੱਲ ਲਿਜਾਣ ਲਈ ਪਿੰਡ ਦੀ ਦਾਣਾ ਮੰਡੀ ਵਿੱਚ ਜਥੇਬੰਦਕ ਆਗੂਆਂ ਦੀ ਸੂਬਾ ਪੱਧਰੀ ਵਿਸ਼ਾਲ ਮੀਟਿੰਗ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੈਂਕੜੇ ਔਰਤਾਂ ਅਤੇ ਨੌਜਵਾਨਾਂ ਸਮੇਤ ਪਿੰਡ ਕਮੇਟੀਆਂ ਤੱਕ ਦੇ ਹਜ਼ਾਰਾਂ ਜਥੇਬੰਦਕ ਆਗੂ ਸ਼ਾਮਲ ਹੋਏ। ਪਿੰਡ ਵਿੱਚ ਚੱਲ ਰਿਹਾ ਪੱਕਾ ਧਰਨਾ ਵੀ ਪਿੰਡ ਵਾਸੀਆਂ ਸਮੇਤ ਜਾਰੀ ਰਿਹਾ।
ਸੂਬਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਜਿਉਂਦ ਦੇ ਮੁਜਾਰੇ ਕਿਸਾਨਾਂ ਦੀਆਂ ਜੱਦੀ ਪੁਸ਼ਤੀ ਜ਼ਮੀਨਾਂ ਅਦਾਲਤੀ ਫੈਸਲੇ ਦੇ ਬਹਾਨੇ ਖੋਹਣ ਦੇ ਹੱਲੇ ਤੋਂ ਇਲਾਵਾ ਨਵੇਂ ਖੇਤੀ ਮੰਡੀਕਰਨ ਨੀਤੀ ਖਰੜੇ ਨੂੰ ਵੀ ਆਮ ਕਿਸਾਨਾਂ ਤੋਂ ਸਾਮਰਾਜੀ ਕਾਰਪੋਰੇਟਾਂ ਰਾਹੀਂ ਜ਼ਮੀਨਾਂ ਹਥਿਆਉਣ ਦਾ ਹੱਲਾ ਕਿਹਾ। ਉਨ੍ਹਾਂ ਨੇ ਇਨ੍ਹਾਂ ਜ਼ਮੀਨੀ ਹੱਲਿਆਂ ਨੂੰ ਜਾਨਹੂਲਵੇਂ ਘੋਲ਼ ਰਾਹੀਂ ਪਛਾੜਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਪੂਰੇ ਜ਼ਮੀਨੀ ਘੋਲ਼ ਦੀਆਂ ਮੰਗਾਂ ਬਾਰੇ ਦੱਸਿਆ ਕਿ ਫਸਲਾਂ ਲੁੱਟਣ ਅਤੇ ਸਾਮਰਾਜੀ ਕਾਰਪੋਰੇਟਾਂ ਲਈ ਜ਼ਮੀਨਾਂ ਖੋਹਣ ਦਾ ਰਾਹ ਪੱਧਰਾ ਕਰਨ ਵਾਲਾ ਖੇਤੀ ਮੰਡੀਕਰਨ ਨੀਤੀ ਖਰੜਾ ਰੱਦ ਕਰੋ। ਜਿਉਂਦ ਪਿੰਡ ਦੇ ਜੱਦੀ ਪੁਸ਼ਤੀ ਕਾਸ਼ਤਕਾਰ ਮੁਜ਼ਾਰੇ ਕਿਸਾਨਾਂ ਨੂੰ ਕਬਜ਼ੇ ਹੇਠਲੀ ਪੂਰੀ ਜ਼ਮੀਨ ਦੇ ਮਾਲਕੀ ਹੱਕ ਮਾਲ ਸਕੱਤਰੇਤ ਪਟਿਆਲਾ ਦੇ ਸਰਕਾਰੀ ਨੋਟੀਫਿਕੇਸ਼ਨ ਨੰ: 30 ਮਿਤੀ 12-9-1948 ( ਸੰਮਤ ਮਿਤੀ 18-5-2005) ਅਤੇ "ਪੰਜਾਬ ਕਬਜ਼ਾਧਾਰੀ ਮੁਜ਼ਾਰਿਆਂ ਨੂੰ ਮਾਲਕੀ ਹੱਕ ਦੇਣ ਸੰਬੰਧੀ ਕਾਨੂੰਨ 1953" ਅਨੁਸਾਰ ਦਿੱਤੇ ਜਾਣ। ਉਕਤ ਕਾਨੂੰਨਾਂ ਦੇ ਦਾਇਰੇ ਵਿੱਚ ਸ਼ਾਮਲ ਅਜਿਹੇ ਕਬਜ਼ਾਧਾਰੀ ਮੁਜ਼ਾਰਿਆਂ ਨੂੰ ਪੰਜਾਬ ਦੇ 700 ਤੋਂ ਵੱਧ ਪਿੰਡਾਂ ਸਮੇਤ ਪੂਰੇ ਦੇਸ਼ ਵਿੱਚ ਇਸੇ ਤਰ੍ਹਾਂ ਦੀ ਲੱਖਾਂ ਏਕੜ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਜਾਣ। ਪੰਚਾਇਤੀ, ਨਜ਼ੂਲ ਅਤੇ ਸਰਕਾਰੀ ਜ਼ਮੀਨਾਂ ਉੱਤੇ ਕਾਬਜ਼ ਅਬਾਦਕਾਰ ਕਾਸ਼ਤਕਾਰਾਂ ਅਤੇ ਰਿਹਾਇਸ਼ੀ ਮਕਾਨਾਂ ਵਾਲੇ ਬੇਜ਼ਮੀਨੇ ਕਿਸਾਨਾਂ ਮਜ਼ਦੂਰਾਂ ਨੂੰ ਸਰਕਾਰੀ ਰਿਕਾਰਡ ਵਿੱਚ ਪੂਰੇ ਸੂਰੇ ਮਾਲਕੀ ਹੱਕ ਦਿੱਤੇ ਜਾਣ। ਜਿਉਂਦ ਪੱਕੇ ਮੋਰਚੇ ਦੇ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਵਿਰੁੱਧ ਦਰਜ ਕੀਤੇ ਗਏ ਝੂਠੇ ਪੁਲਿਸ ਕੇਸ ਰੱਦ ਕੀਤੇ ਜਾਣ।
ਜ਼ਮੀਨੀ ਹਦਬੰਦੀ ਕਾਨੂੰਨ ਸਖ਼ਤੀ ਨਾਲ ਲਾਗੂ ਕਰਕੇ ਵੱਡੇ ਜਗੀਰਦਾਰਾਂ ਦੀਆਂ ਫਾਲਤੂ ਜ਼ਮੀਨਾਂ ਥੁੜਜਮੀਨੇ ਤੇ ਬੇਜ਼ਮੀਨੇ ਕਿਸਾਨਾਂ ਮਜ਼ਦੂਰਾਂ ਵਿੱਚ ਵੰਡੀਆਂ ਜਾਣ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਯੁਕਤ ਕਿਸਾਨ ਮੋਰਚੇ ਅਤੇ ਮੌਜੂਦਾ ਜ਼ਮੀਨੀ ਘੋਲ਼ ਨੂੰ ਸਿਖਰਾਂ ਵੱਲ ਲਿਜਾਣ ਲਈ 13 ਫਰਵਰੀ ਤੱਕ ਜਿਉਂਦ ਪੱਕਾ ਮੋਰਚਾ ਜਾਰੀ ਰੱਖਣ ਦਾ ਐਲਾਨ ਕੀਤਾ ਅਤੇ ਉਸ ਦਿਨ ਇੱਥੇ ਹੀ ਦਾਣਾ ਮੰਡੀ ਵਿੱਚ ਵਿਸ਼ਾਲ ਜ਼ਮੀਨੀ ਸੰਗਰਾਮ ਕਾਨਫਰੰਸ ਕਰਨ ਦਾ ਐਲਾਨ ਕੀਤਾ ਜਿਸ ਵਿੱਚ ਜਿਉਂਦ ਮੋਰਚੇ ਦੇ ਅਗਲੇ ਪੜਾਅ ਦਾ ਐਲਾਨ ਕੀਤਾ ਜਾਵੇਗਾ। 26 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਜਾ ਰਹੇ ਟ੍ਰੈਕਟਰ ਮਾਰਚ ਵਿੱਚ ਪੂਰਾ ਤਾਣ ਲਾ ਕੇ ਸ਼ਾਮਲ ਹੋਣ ਦਾ ਐਲਾਨ ਕੀਤਾ। ਇਨ੍ਹਾਂ ਪ੍ਰੋਗ੍ਰਾਮਾਂ ਨੂੰ ਪੂਰਾ ਤਾਣ ਲਾ ਕੇ ਪਿੰਡ ਪਿੰਡ ਮੀਟਿੰਗਾਂ ਰੈਲੀਆਂ ਰਾਹੀਂ ਵਿਸ਼ਾਲ ਲਾਮਬੰਦੀਆਂ ਦਾ ਸੱਦਾ ਦਿੱਤਾ।
ਕੋਕਰੀ ਕਲਾਂ ਨੇ ਦੱਸਿਆ ਕਿ ਸਮਾਜ ਦੇ ਸਾਰੇ ਕਿਰਤੀ ਤਬਕਿਆਂ ਦੇ ਹਿਤ ਮੁੱਖ ਕਿੱਤੇ ਖੇਤੀਬਾੜੀ ਨਾਲ ਜੁੜੇ ਹੋਏ ਹਨ ਅਤੇ ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਦੇ ਸ਼ਿਕਾਰ ਹਨ। ਇਸ ਲਈ ਸਾਂਝੇ ਦੁਸ਼ਮਣਾਂ ਸਾਮਰਾਜੀ ਕਾਰਪੋਰੇਟਾਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਕੇਂਦਰੀ ਤੇ ਸੂਬਾਈ ਹਕੂਮਤਾਂ ਵਿਰੁੱਧ ਇਸ ਜ਼ਮੀਨੀ ਘੋਲ਼ ਦੀ ਬਾਹਰੀ ਹਮਾਇਤ ਲਈ ਪੰਜਾਬ ਦੇ ਕਿਸਾਨਾਂ,ਖੇਤ ਮਜ਼ਦੂਰਾਂ, ਸਨਅਤੀ ਕਾਮਿਆਂ, ਸਾਬਕਾ ਸੈਨਿਕਾਂ ਬਿਜਲੀ ਕਾਮਿਆਂ, ਮੁਲਾਜ਼ਮਾਂ ਅਤੇ ਵਿਦਿਆਰਥੀਆਂ/ਨੌਜਵਾਨਾਂ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਸਾਂਝੀ ਮੀਟਿੰਗ 29 ਜਨਵਰੀ ਨੂੰ ਜਿਉਂਦ ਵਿਖੇ ਹੀ ਸੱਦਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਕੋਠਾਗੁਰੂ ਪਿੰਡ ਦੇ ਸੜਕ ਤੇ ਹਾਦਸੇ ਵਿੱਚ ਸ਼ਹੀਦ ਹੋਏ ਆਗੂਆਂ ਬਸੰਤ ਸਿੰਘ ਅਤੇ ਕਰਮ ਸਿੰਘ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਵੱਡਾ ਕਾਫ਼ਲਾ ਵੀ ਭਲਕੇ ਹੀ 26 ਜਨਵਰੀ ਨੂੰ ਸ਼ਹੀਦਾਂ ਦੀ ਸਮਾਧ ਹੁਸੈਨੀਵਾਲਾ ਜਾਵੇਗਾ। ਇਸ ਤੋਂ ਇਲਾਵਾ ਭਵਾਨੀਗੜ੍ਹ ਵਿਖੇ ਭਾਰਤਮਾਲਾ ਪ੍ਰੋਜੈਕਟ ਤਹਿਤ ਜਬਰੀ ਜ਼ਮੀਨਾਂ ਹਥਿਆਉਣ ਵਿਰੁੱਧ ਪੱਕਾ ਮੋਰਚਾ ਅੱਜ ਵੀ ਬਾਦਸਤੂਰ ਜਾਰੀ ਰਿਹਾ। ਸਟੇਜ ਸਕੱਤਰ ਦੀ ਭੂਮਿਕਾ ਸ਼ਿੰਗਾਰਾ ਸਿੰਘ ਮਾਨ ਨੇ ਨਿਭਾਈ। ਜਗਸੀਰ ਸਿੰਘ ਜੀਦਾ ਦੀ ਸੰਗੀਤ ਮੰਡਲੀ ਵੱਲੋਂ ਕਿਸਾਨਾਂ ਮਜ਼ਦੂਰਾਂ ਦੇ ਹੱਕਾਂ ਹਿਤਾਂ ਨਾਲ਼ ਸੰਬੰਧਿਤ ਗੀਤ ਪੇਸ਼ ਕੀਤੇ ਗਏ।