ਪਿੰਡ ਗੋਸਲਾਂ ਵਿੱਖੇ ਬਾਬਾ ਕਰਤਾਰ ਸਿੰਘ ਦੀ ਬਰਸੀ 26 ਨੂੰ ਮਨਾਈ ਜਾਵੇਗੀ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 25 ਜਨਵਰੀ 2025: ਨੇੜਲੇ ਪਿੰਡ ਗੋਸਲਾਂ ਦੇ ਗੁਰੂਦੁਆਰਾ ਨਗਰ ਸੁਧਾਰ ਸਾਹਿਬ ਵਿੱਖੇ ਸੇਵਾ,ਸਿਮਰਨ,ਤੱਪ ਅਤੇ ਤਿਆਗ ਦੇ ਪੁੰਜ ਸੰਤ ਬਾਬਾ ਕਰਤਾਰ ਸਿੰਘ ਜੀ ਗੋਸਲਾਂ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ 26 ਜਨਵਰੀ ਦਿਨ ਐਤਵਾਰ ਨੂੰ ਆਯੋਜਿਤ ਕੀਤੇ ਜਾਣਗੇ I ਇਸ ਸੰਬੰਧੀ ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਜੀ ਅਤੇ ਗਿਆਨੀ ਸੁਖਵਿੰਦਰ ਸਿੰਘ ਜੀ ਨੇ ਦਸਿਆਂ ਕਿ 108 ਸੰਤ ਬਾਬਾ ਕਰਤਾਰ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਪਿਛਲੇ ਕਈ ਮਹੀਨਿਆਂ ਤੋਂ ਅਖੰਡ ਪਾਠ ਸਾਹਿਬ ਦੀ ਲੜੀ ਚੱਲ ਰਹੀ ਸੀ ਅਤੇ ਇਸ ਅਖੰਡ ਪਾਠ ਦੀ ਚੱਲ ਰਹੀ ਲੜੀ ਅਤੇ ਬਾਬਾ ਕਰਤਾਰ ਸਿੰਘ ਜੀ ਦੀ ਬਰਸੀ ਮੌਕੇ ਗੁਰੂਦੁਆਰਾ ਸਾਹਿਬ ਵਿੱਖੇ 26 ਜਨਵਰੀ ਨੂੰ ਅਖੰਡ ਪਾਠ ਦੀ ਲੜੀ ਦੇ ਭੋਗ ਪਾਏ ਜਾਣਗੇ ਅਤੇ ਧਾਰਮਿਕ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ ਅਤੇ ਕੀਰਤਨ ਤੇ ਕਥਾ ਵਾਚਕਾਂ ਵਲੋਂ ਇਸ ਦਿਨ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ ਅਤੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ I ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਗੁਰੂਦੁਆਰਾ ਸਾਹਿਬ ਵਿੱਖੇ ਨਤਮਸਤਕ ਹੋਵੇਗੀ ਅਤੇ ਗੁਰੁਸਾਹਿਬਾਨ ਦਾ ਅਸ਼ੀਰਵਾਦ ਪ੍ਰਾਪਤ ਕਰੇਗੀ I ਇਸ ਮੌਕੇ ਉਨ੍ਹਾਂ ਨੇ ਦਸਿਆਂ ਕਿ ਜਨਮ ਤੋਂ ਧਾਰਮਿਕ ਤੇ ਈਸ਼ਵਰ ਭਗਤੀ ਵਿੱਚ ਲੀਨ ਰਹਿਣ ਵਾਲੇ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਆਪਣੇ ਤਪੋਬਲ ਨਾਲ ਪਿੰਡ ਗੋਸਲਾਂ ਦੀ ਧਰਤੀ ਨੂੰ ਧਾਰਮਿਕ ਨਗਰੀ ਅਤੇ ਵੱਡਾ ਤੀਰਥ ਬਣਾ ਦਿੱਤਾ । ਉਹ ਪਿੰਡ ਦੇ ਵਿਚਕਾਰ ਇਕ ਘਰ ਵਿੱਚ ਰਹਿੰਦੇ ਸੀ , ਜਿਥੇ ਉਹ ਜ਼ਿਆਦਾ ਸਮਾਂ ਪ੍ਰਭੂ ਭਗਤੀ ਵਿੱਚ ਹੀ ਲਗੇ ਰਹਿੰਦੇ ਸੀ । 1950 ਵਿੱਚ ਜਦੋਂ ਉਨ੍ਹਾਂ ਨੇ ਪਿੰਡ ਵਿੱਚ ਅੱਧ ਬਣੀ ਧਰਮਸ਼ਾਲਾ ਦੇਖੀ ਤਾਂ ਉਸਨੂੰ ਪੂਰਾ ਕਰਨ ਦਾ ਬੀੜਾ ਚੁਕਿਆਂ। ਇਨ੍ਹਾਂ ਦੀ ਅਪਾਰ ਕਿਰਪਾ ਤੇ ਮਿਹਰ ਸਦਕਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਧਰਮਸ਼ਾਲਾ ਨੂੰ ਗੁਰਦੁਆਰਾ ਸਾਹਿਬ ਦਾ ਰੂਪ ਦਿੱਤਾ ।ਇਨ੍ਹਾਂ ਮਹਾਨ ਸੰਤਾਂ ਦੀ ਬਰਸੀ 26 ਜਨਵਰੀ ਦਿਨ ਐਤਵਾਰ ਨੂੰ ਪਿੰਡ ਗੋਸਲਾਂ (ਰੋਪੜ) ਦੇ ਗੁਰੂਦੁਆਰਾ ਨਗਰ ਸੁਧਾਰ ਸਾਹਿਬ ਵਿੱਖੇ ਪੂਰੀ ਸ਼ਰਧਾ,ਆਸਥਾ,ਪਵਿੱਤਰਤਾ ਅਤੇ ਸਦਭਾਵਨਾ ਨਾਲ ਮਨਾਈ ਜਾ ਰਹੀ ਹੈ।