Vicky Middukhera: ਵਿੱਕੀ ਮਿੱਡੂਖੇੜਾ ਕਤਲ ਕਾਂਡ ’ਚ ਤਿੰਨ ਮੁਜ਼ਰਮ ਕਰਾਰ, ਸਜ਼ਾ ਦਾ ਫੈਸਲਾ 27 ਜਨਵਰੀ ਨੂੰ
ਬਾਬੂਸ਼ਾਹੀ ਨੈਟਵਰਕ
ਮੁਹਾਲੀ, 25 ਜਨਵਰੀ, 2025: ਯੂਥ ਅਕਾਲੀ ਦਲ ਦੇ ਆਗੂ ਵਿੱਕੀ ਮਿੱਡੂਖੇੜਾ ਕਤਲ ਕੇਸ ਵਿਚ ਅਦਾਲਤ ਨੇ ਤਿੰਨ ਗੈਂਗਸਟਰਾਂ ਨੂੰ ਮੁਜ਼ਰਮ ਕਰਾਰ ਦਿੱਤਾ ਹੈ ਤੇ ਤਿੰਨ ਨੂੰ ਬਰੀ ਕਰ ਦਿੱਤਾ ਹੈ। ਵਿੱਕੀ ਮਿੱਡੂਖੇੜਾ ਦਾ 7 ਅਗਸਤ 2021 ਨੂੰ ਸੈਕਟਰ 71 ਵਿਚ ਉਸਦੇ ਦਫਤਰ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ।
ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਬਲਜਿੰਦਰ ਸਿੰਘ ਸਰਾਂ ਨੇ ਤਿੰਨਾਂ ਨੂੰ ਧਾਰਾ 302 ਆਈ ਪੀ ਸੀ ਤਹਿਤ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਸਜ਼ਾ ਦਾ ਫੈਸਲਾ ਸੁਣਾਉਣ ਲਈ 27 ਜਨਵਰੀ ਦੀ ਤਾਰੀਕ ਤੈਅ ਕੀਤੀ ਹੈ।
ਅਦਾਲਤ ਵੱਲੋਂ ਸੁਣਾਏ ਫੈਸਲੇ ਮੁਤਾਬਕ ਸੱਜਣ ਸਿੰਘ ਉਰਫ ਭੋਲਾ, ਅਨਿਲ ਕੁਮਾਰ ਉਰਫ ਲੱਠ ਅਤੇ ਅਜੈ ਕੁਮਾਰ ਉਰਫ ਲੈਫਟੀ ਨੂੰ ਮੁਜ਼ਰਮ ਕਰਾਰ ਦਿੱਤਾ ਗਿਆ ਹੈ। ਅਦਾਲਤ ਨੇ ਤਿੰਨ ਹੋਰ ਗੈਂਗਸਟਰਾਂ ਭੁਪਿੰਦਰ ਸਿੰਘ ਉਰਫ ਭੁਪੀ ਰਾਣਾ, ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਬਰੀ ਕਰ ਦਿੱਤਾ ਹੈ।
ਵਿੱਕੀ ਮਿੱਡੂਖੇੜਾ ਦਾ 4 ਸਾਲ ਪਹਿਲਾਂ ਹੋਇਆ ਸੀ ਕਤਲ
ਜਾਣਕਾਰੀ ਲਈ ਦੱਸ ਦਈਏ ਕਿ ਵਿੱਕੀ ਦਾ 4 ਸਾਲ ਪਹਿਲਾਂ 7 ਅਗਸਤ 2021 ਨੂੰ ਉਸ ਸਮੇਂ ਕਤਲ ਹੋ ਗਿਆ ਸੀ, ਜਦੋਂ ਉਹ ਸੈਕਟਰ-70 ਸਥਿਤ ਆਪਣੇ ਪ੍ਰਾਪਰਟੀ ਡੀਲਰ ਦੋਸਤ ਕੋਲ ਗਿਆ ਸੀ। ਜਿਵੇਂ ਹੀ ਉਹ ਦਫ਼ਤਰ ਤੋਂ ਬਾਹਰ ਆਇਆ ਤਾਂ ਉਥੇ ਪਹਿਲਾਂ ਤੋਂ ਮੌਜੂਦ ਦੋਸ਼ੀਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਵਿੱਕੀ ਨੇ ਭੱਜਣ ਦੀ ਪੂਰੀ ਕੋਸ਼ਿਸ਼ ਕੀਤੀ ਸੀ।
ਉਹ ਕਰੀਬ ਇੱਕ ਕਿਲੋਮੀਟਰ ਤੱਕ ਦੌੜਿਆ ਪਰ ਹਮਲਾਵਰ ਉਸ ਦਾ ਪਿੱਛਾ ਕਰਦੇ ਰਹੇ। ਉਨ੍ਹਾਂ ਨੇ ਕੁੱਲ 20 ਰਾਊਂਡ ਫ਼ਾਇਰ ਕੀਤੇ, ਜਿਨ੍ਹਾਂ ਵਿੱਚੋਂ 9 ਗੋਲੀਆਂ ਵਿੱਕੀ ਨੂੰ ਲੱਗੀਆਂ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬੰਬੀਹਾ ਗੈਂਗ ਨੇ ਕਤਲ ਤੋਂ ਅਗਲੇ ਦਿਨ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ। ਮੁੱਢਲੀ ਜਾਂਚ ਵਿੱਚ ਬੰਬੀਹਾ ਗਿਰੋਹ ਨੂੰ ਚਲਾਉਣ ਵਾਲੇ ਲੱਕੀ ਪਟਿਆਲ ਦਾ ਨਾਂ ਸਾਹਮਣੇ ਆਇਆ ਸੀ। ਦੋਵੇਂ ਗਿਰੋਹ ਇੱਕ ਦੂਜੇ ਦੇ ਖਿਲਾਫ਼ ਹਨ।