ਮੋਹਾਲੀ: ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਚੌੜੀ ਹੋ ਰਹੀ ਸੜ੍ਹਕ ਦਾ ਜਾਇਜ਼ਾ
ਹਰਜਿੰਦਰ ਸਿੰਘ ਭੱਟੀ
- ਗਮਾਡਾ ਅਧਿਕਾਰੀਆਂ ਨੂੰ ਸੜ੍ਹਕ ਬਣਾਉਣ ਦੇ ਕੰਮ ’ਚ ਤੇਜ਼ੀ ਲਿਆਉਣ, ਵਪਾਰੀਆਂ ਵੱਲੋਂ ਰੱਖੀਆਂ ਮੰਗਾਂ ਅਨੁਸਾਰ ਢੁਕਵੇਂ ਕੱਟ ਦੇਣ ’ਤੇ ਵਿਚਾਰ ਕਰਨ ਲਈ ਆਖਿਆ
- ਮਾਰਕੀਟਾਂ ਦੀ ਪਾਰਕਿੰਗ ’ਚ ਪਏ ਮਲਬੇ ਨੂੰ ਵੀ ਸਾਫ਼ ਕਰਨ ਲਈ ਕਿਹਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਜਨਵਰੀ, 2025: ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਨੇ ਫ਼ੇਸ 7 ਤੋਂ 11 ਤੱਕ ਚੌੜੀ ਹੋ ਰਹੀ ਸੜ੍ਹਕ ਕਾਰਨ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਅੱਜ ਗਮਾਡਾ ਦੇ ਅਧਿਕਾਰੀਆਂ ਨਾਲ 11 ਫ਼ੇਸ ਵਿਖੇ ਚੱਲ ਰਹੇ ਕੰਮ ਦਾ ਦੌਰਾ ਕੀਤਾ। ਉਨ੍ਹਾਂ ਇਸ ਮੌਕੇ ਗਮਾਡਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਗਵੰਤ ਮਾਨ ਸਰਕਾਰ ਵੱਲੋਂ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਇਸ ਕਮਿਸ਼ਨ ਦਾ ਗਠਨ ਕੀਤਾ ਹੋਇਆ ਹੈ ਅਤੇ ਕਮਿਸ਼ਨ ਉਨ੍ਹਾਂ ਨੂੰ ਦਰਪੇਸ਼ ਹਰ ਮੁਸ਼ਕਿਲ ਨੂੰ ਦੂਰ ਕਰਵਾਉਣ ਲਈ ਵਚਨਬੱਧ ਹੈ।
ਉਨ੍ਹਾਂ ਇਸ ਮੌਕੇ ਫ਼ੇਸ 11 ਦੀ ਮਾਰਕੀਟ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਉਨ੍ਹਾਂ ਨੂੰ ਫ਼ੇਸ 10 ਅਤੇ ਫ਼ੇਸ 11 ਲਾਈਟ ਪੁਆਇੰਟਸ ਨੇੜੇ ਸੜ੍ਹਕ ਬਣਨ ਕਾਰਨ ਪੇਸ਼ ਆ ਰਹੀ ਦਿੱਕਤਾਂ ਨੂੰ ਮੌਕੇ ’ਤੇ ਮੌਜੂਦ ਗਮਾਡਾ ਦੇ ਐਸ ਡੀ ਓ ਅਕਾਸ਼ਦੀਪ ਸਿੰਘ ਅਤੇ ਸੜ੍ਹਕ ਦਾ ਕੰਮ ਕਰ ਰਹੇ ਠੇਕੇਦਾਰ ਨੂੰ, ਇਨ੍ਹਾਂ ਦਿੱਕਤਾਂ ਨੂੰ ਦੂਰ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਵਪਾਰੀਆਂ ਦਾ ਕਹਿਣਾ ਹੈ ਕਿ ਕੰਮ ਦੀ ਰਫ਼ਤਾਰ ਮੱਠੀ ਹੈ, ਇਸ ਲਈ ਇਸ ਵਿੱਚ ਤੇਜ਼ੀ ਲਿਆਂਦੀ ਜਾਵੇ। ਇਸੇ ਤਰ੍ਹਾਂ ਵਪਾਰੀਆਂ ਵੱਲੋਂ ਫ਼ੇਸ 3 ਬੀ 2 ਦੀ ਮਾਰਕੀਟ ਵਾਂਗ ਇਸ ਨਿਰਮਾਣ ਅਧੀਨ ਸੜ੍ਹਕ ’ਤੇ ਪੈਂਦੀਆਂ ਆਪਣੀਆਂ ਮਾਰਕੀਟਾਂ ਲਈ ਰੱਖੀ ਕੱਟ ਬਣਾਉਣ ਦੀ ਮੰਗ ਨੂੰ ਵੀ ਗਮਾਡਾ ਅਧਿਕਾਰੀਆਂ ਨੂੰ ਹਮਦਰਦੀ ਨਾਲ ਵਿਚਾਰਨ ਲਈ ਆਖਿਆ ਤਾਂ ਜੋ ਉਨ੍ਹਾਂ ਦੀ ਮਾਰਕੀਟ ਨੂੰ ਲੱਗਦੀਆਂ ਪਹੁੰਚ ਸੜ੍ਹਕਾਂ ਪ੍ਰਭਾਵਿਤ ਨਾ ਹੋਣ।
ਉਨ੍ਹਾਂ ਨੇ ਇਸ ਦੇ ਨਾਲ ਹੀ ਵਪਾਰੀਆਂ ਵੱਲੋਂ ਆਪਣੀਆਂ ਮਾਰਕੀਟ ਦੀਆਂ ਪਾਰਕਿੰਗ ਵਿੱਚ ਉਸਾਰੀਆਂ ਤੋਂ ਬਾਅਦ ਲੱਗੇ ਮਲਬੇ ਦੇ ਢੇਰਾਂ ਨੂੰ ਤੁਰੰਤ ਹਟਾਏ ਜਾਣ ਦੀ ਮੰਗ ਦੀ ਹਮਾਇਤ ਕਰਦਿਆਂ ਗਮਾਡਾ ਅਧਿਕਾਰੀਆਂ ਨੂੰ ਮਲਬਾ ਤੁਰੰਤ ਹਟਾਉਣ ਲਈ ਕਿਹਾ ਤਾਂ ਵਪਾਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ।
ਇਸ ਮੌਕੇ ਵਪਾਰੀਆਂ ’ਚ ਗੁਰਚਰਨ ਸਿੰਘ ਪ੍ਰਧਾਨ ਫ਼ੇਸ 11, ਮਾਰਕੀਟ ਵੈਲਫ਼ੇਅਰ ਐਸੋਸੀਏਸ਼ਨ ਅਤੇ ਮੁੱਖ ਸਲਾਹਕਾਰ ਡਾ. ਸਤੀਸ਼ ਗਰਗ ਵੀ ਮੌਜੂਦ ਸਨ।