ਕੋਠਾਗੁਰੂ ਦੇ ਸ਼ਹੀਦ ਪਰਿਵਾਰਾਂ ਨੂੰ 8-8 ਲੱਖ ਰੁਪਏ ਮੁਆਵਜ਼ਾ ਦੇਣ ਤੋਂ ਬਾਅਦ ਮੋਰਚਾ ਸਮਾਪਤ
ਅਸ਼ੋਕ ਵਰਮਾ
ਬਠਿੰਡਾ, 22 ਜਨਵਰੀ 2025: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਲੰਘੀ ਚਾਰ ਜਨਵਰੀ ਨੂੰ ਇੱਕ ਬੱਸ ਹਾਦਸੇ ਦੌਰਾਨ ਵਿਛੋੜਾ ਦੇ ਗਏ ਕੋਠਾ ਗੁਰੂ ਦੇ ਪੰਜ ਕਿਸਾਨ ਪਰਿਵਾਰਾਂ ਦੇ ਵਾਰਸਾਂ ਨੂੰ ਸਰਕਾਰ ਵੱਲੋਂ ਅੱਠ ਅੱਠ ਲੱਖ ਰੁਪਏ ਮੁਆਵਜ਼ਾ ਦੇਣ ਅਤੇ ਬਾਕੀ ਮੰਗਾਂ ਮੰਨਣ ਉਪਰੰਤ ਅੱਜ ਮੋਰਚਾ ਸਮਾਪਤ ਕਰ ਦਿੱਤਾ ਹੈ। ਇਸ ਤੋਂ ਬਾਅਦ ਕਿਸਾਨ ਆਗੂ ਬਸੰਤ ਸਿੰਘ ਕੋਠਾਗੁਰੂ ਅਤੇ ਕਰਮਜੀਤ ਸਿੰਘ ਉਰਫ ਕਰਮਾ ਦੀਆਂ ਮਿਰਤਕ ਦੇਹਾਂ ਦਾ ਅੱਜ ਪੋਸਟਮਾਰਟਮ ਕਰਵਾ ਕੇ ਵੱਡੇ ਕਾਫਲੇ ਵੱਲੋਂ ਪਿੰਡ ਕੋਠਾਗੁਰੂ 'ਚ ਸੰਸਕਾਰ ਕਰ ਦਿੱਤਾ ਗਿਆ। ਅੱਜ ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਗਦੇਵ ਸਿੰਘ ਜੋਗੇਵਾਲਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨਾਲ਼ ਡਿਪਟੀ ਕਮਿਸ਼ਨਰ ਤੇ ਏ ਡੀ ਸੀ ਬਠਿੰਡਾ ਵੱਲੋਂ ਮੀਟਿੰਗ ਕਰਕੇ ਮਿਰਤਕਾਂ ਦੇ ਵਾਰਸਾਂ ਨੂੰ ਅੱਠ ਅੱਠ ਲੱਖ ਰੁਪਏ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਕਰਜਾ ਖ਼ਤਮ ਕਰਨ ਦੀ ਸਿਫਾਰਸ਼ ਕਰਨ, ਗੰਭੀਰ ਜ਼ਖਮੀਆਂ ਨੂੰ ਉਹਨਾਂ ਦੀ ਹਾਲਤ ਮੁਤਾਬਕ ਦੋ ਦੋ ਲੱਖ ਰੁਪਏ ਤੇ ਇੱਕ ਇੱਕ ਲੱਖ ਰੁਪਏ ਸਹਾਇਤਾ ਦੇਣ ਅਤੇ ਵਿਛੋੜਾ ਦੇ ਗਏ ਨੌਜਵਾਨ ਕਰਮ ਸਿੰਘ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਪ੍ਰਸ਼ਾਸਨ ਵੱਲੋਂ ਦੇਣ ਆਦਿ ਮੰਗਾਂ ਪ੍ਰਵਾਨ ਕਰਨ ਤੋਂ ਬਾਅਦ ਜਥੇਬੰਦੀ ਨੇ ਮੋਰਚਾ ਖਤਮ ਕਰਨ ਦਾ ਫੈਸਲਾ ਲਿਆ ਸੀ।
ਫੈਸਲੇ ਬਾਰੇ ਏ ਡੀ ਸੀ ਪੂਨਮ ਸਿੰਘ ਵੱਲੋਂ ਸਟੇਜ ਤੇ ਆ ਕੇ ਐਲਾਨ ਕੀਤਾ ਗਿਆ। ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਤੇ ਹਰਜਿੰਦਰ ਸਿੰਘ ਬੱਗੀ ਨੇ ਆਖਿਆ ਕਿ ਸਰਕਾਰ ਤੇ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਦੇ ਬਾਵਜੂਦ ਮੁਆਵਜ਼ਾ ਰਾਸ਼ੀ ਵਧਾ ਲੈਣਾ ਲੋਕਾਂ ਦੇ ਸੰਘਰਸ਼ ਦੀ ਜਿੱਤ ਹੈ। ਉਹਨਾਂ ਭਗਵੰਤ ਮਾਨ ਸਰਕਾਰ ਵੱਲੋਂ ਮਿਰਤਕਾਂ ਦੀਆਂ ਲਾਸ਼ਾਂ ਤੇ ਵਾਰਸਾਂ ਨੂੰ ਰੋਲਣ ਦੀ ਸਖ਼ਤ ਨਿਖੇਧੀ ਕਰਦਿਆਂ ਲੋਕਾਂ ਨੂੰ ਸੱਦਾ ਦਿੱਤਾ ਕਿ ਭਗਵੰਤ ਮਾਨ ਸਰਕਾਰ ਦੀਆਂ ਕਿਸਾਨ ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ ਨੂੰ ਪੁੱਠਾ ਗੇੜਾ ਦੇਣ ਅਤੇ ਲੋਕ ਪੱਖੀ ਨੀਤੀਆਂ ਲਾਗੂ ਕਰਾਉਣ ਲਈ ਆਪਣੀ ਜਥੇਬੰਦਕ ਤਾਕਤ ਨੂੰ ਮਜ਼ਬੂਤ ਤੇ ਵਿਸ਼ਾਲ ਕਰਦੇ ਹੋਏ ਦਿਰੜ ਘੋਲਾਂ ਦੇ ਰਾਹ ਅੱਗੇ ਵਧਣ। ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਸ਼ਹੀਦ ਹੋਈਆਂ ਤਿੰਨ ਔਰਤਾਂ ਵਿੱਚੋਂ ਇੱਕ ਔਰਤ ਦੇ ਵਾਰਸਾਂ ਬਾਰੇ ਕੁਝ ਕਾਨੂੰਨੀ ਅੜਚਣ ਕਾਰਨ ਉਹਨਾਂ ਨੂੰ ਅੱਜ਼ ਮੁਆਵਜ਼ਾ ਰਾਸ਼ੀ ਨਹੀਂ ਦਿੱਤੀ ਜਾ ਸਕੀ ।
ਉਹਨਾਂ ਦੱਸਿਆ ਕਿ ਮੌਕੇ ਤੇ ਹਾਜ਼ਰ ਵਾਰਸਾਂ ਵੱਲੋਂ ਇੱਕ ਦੋ ਦਿਨਾਂ ਵਿੱਚ ਇਹ ਅੜਚਣ ਦੂਰ ਕਰਨ ਬਾਰੇ ਕਿਹਾ ਗਿਆ। ਇਸ ਮੌਕੇ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ,ਅਮਰੀਕ ਸਿੰਘ ਸਿਵੀਆਂ , ਬਲਜੀਤ ਸਿੰਘ ਪੂਹਲਾ, ਬਲਵੀਰ ਸਿੰਘ ਵੀਰਾ,ਅਜੇਪਾਲ ਸਿੰਘ ਘੁੱਦਾ, ਰਾਜਵਿੰਦਰ ਸਿੰਘ ਰਾਮਨਗਰ, ਗੁਰਪਾਲ ਸਿੰਘ ਦਿਉਣ, ਤਾਰੀ ਭਗਤਾ ਤੇ ਕਾਲਾ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਪਿੰਡ ਜਿਉਂਦ ਦੇ ਵਿਖੇ ਅਦਾਲਤੀ ਹੁਕਮਾਂ ਦੇ ਪਰਦੇ ਹੇਠ ਕਿਸਾਨਾਂ ਦੀ ਜ਼ਮੀਨ ਧੱਕੇ ਨਾਲ ਖੋਹ ਕੇ ਜਾਗੀਰੂ ਚੌਧਰੀਆਂ ਨੂੰ ਸੰਭਾਉਣ ਲਈ ਪੁਲਸੀ ਨਾੜਾਂ ਝੋਕਣ, ਕਿਸਾਨਾਂ ਤੇ ਲਾਠੀਚਾਰਜ ਕਰਨ ਅਤੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਝੰਡਾ ਸਿੰਘ ਜੇਠੂਕੇ ਸਮੇਤ ਇਰਾਦਾ ਕਤਲ ਤੇ ਸਰਕਾਰੀ ਮੁਲਾਜ਼ਮਾਂ ਨੂੰ ਬੰਦੀ ਬਨਾਉਣ ਵਰਗੇ ਸੰਗੀਨ ਦੋਸ਼ਾਂ ਤਹਿਤ ਪਰਚਾ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।