ਗਣਤੰਤਰ ਦਿਵਸ- ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ’ਤੇ ਆਧਾਰਿਤ ਸੱਭਿਆਚਾਰਕ ਪ੍ਰੋਗਰਾਮ ਦੀ ਕੀਤੀ ਗਈ ਦੂਜੀ ਰਿਹਰਸਲ
ਰੋਹਿਤ ਗੁਪਤਾ
ਬਟਾਲਾ, 22 ਜਨਵਰੀ 2025 - ਵਿਕਰਮਜੀਤ ਸਿੰਘ, ਐਸ.ਡੀ.ਐਮ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗਣਤੰਤਰ ਦਿਵਸ ਮਨਾਉਣ ਦੀਆਂ ਤਿਆਰੀਆਂ ਪੂਰੇ ਜੋਸ਼ ਤੇ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹਨ। ਅੱਜ ਸ਼ਿਵ ਕੁਮਾਰ ਬਟਾਲਵੀ ਕਲਾ ਤੇ ਸੱਭਿਆਚਾਰਕ ਕੇਂਦਰ ਬਟਾਲਾ ਵਿਖੇ ਗਣਤੰਤਰ ਦਿਵਸ ਸਮਾਗਮ ਸਬੰਧੀ ਦੂਜੀ ਰਿਹਰਸਲ ਕੀਤੀ ਗਈ।
ਇਸ ਮੌਕੇ ਗੱਲ ਕਰਦਿਆਂ ਤਹਿਸੀਲਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਦੇਸ਼ ਭਗਤੀ ’ਤੇ ਆਧਾਰਿਤ ਸੱਭਿਆਚਾਰਕ ਪ੍ਰੋਗਰਾਮ ਦੀ ਰਿਹਰਸਲ ਕੀਤੀ ਗਈ ਹੈ ਅਤੇ ਸਬੰਧਿਤ ਸਕੂਲਾਂ ਦੇ ਇੰਚਾਰਜਾਂ ਨੂੰ ਹੋਰ ਸਖ਼ਤ ਮਿਹਨਤ ਨਾਲ ਬੱਚਿਆਂ ਦੀ ਤਿਆਰੀ ਕਰਵਾਉਣ ਲਈ ਕਿਹਾ ਗਿਆ ਹੈ।
ਗਣਤੰਤਰ ਦਿਵਸ ਮੌਕੇ ਪੇਸ਼ ਕੀਤੇ ਜਾਣ ਵਾਲੇ ਸੱਭਿਅਚਾਰਕ ਸਮਾਗਮ ਲਈ ਚੱਲ ਰਹੀਆਂ ਰਿਹਰਸਲਾਂ ਵਿੱਚ ਬੱਚਿਆਂ ਵਲੋਂ ਦੇਸ਼ ਭਗਤੀ ’ਤੇ ਅਧਾਰਿਤ ਸ਼ਾਨਦਾਰ ਕੋਰੀਓਗ੍ਰਾਫੀ, ਗਰੁੱਪ ਗੀਤ, ਕਵੀਸ਼ਰੀ, ਯੋਗਾ, ਗਿੱਧਾ ਤੇ ਭੰਗੜਾ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ।
ਇਸ ਮੌਕੇ ਹਰਜਿੰਦਰ ਸਿੰਘ ਕਲਸੀ ਡੀ.ਪੀ.ਆਰ.ਓ, ਸ਼ਸ਼ੀ ਭੂਸ਼ਨ ਵਰਮਾ ਐਮ ਡੀ ਐਫ.ਸੀ ਵਰਮਾ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭੰਡਾਰੀ ਗੇਟ ਬਟਾਲਾ, ਡਾ. ਸਤਿੰਦਰਜੀਤ ਕੋਰ, ਅਧਿਆਪਕਾ ਕਮਲਜੀਤ ਕੋਰ ਅਤੇ ਵੱਖ-ਵੱਖ ਸਕੂਲਾਂ ਦੇ ਨੁਮਾਇੰਦੇ ਮੋਜੂਦ ਸਨ।