ਮੋਹਾਲੀ: ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਕਾਲਜ ਫ਼ੇਸ 6 ਵਿਖੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਦੇ ਜਾਇਜ਼ੇ ਲਈ ਮੀਟਿੰਗ
ਹਰਜਿੰਦਰ ਸਿੰਘ ਭੱਟੀ
- ਪੰਜਾਬ ਵਿਧਾਨ ਸਭਾ ਦੇ ਸਪੀਕਰ ਫ਼ਹਿਰਾਉਣਗੇ ਕੌਮੀ ਝੰਡਾ
- ਅਧਿਕਾਰੀਆਂ ਨੂੰ ਕੌਮੀ ਮਹੱਤਤਾ ਦੇ ਦਿਹਾੜੇ ਨੂੰ ਨਿਰਵਿਘਨ ਨੇਪਰੇ ਚਾੜ੍ਹਨ ਲਈ ਹਦਾਇਤ
- ਸਭਿਅਚਾਰਕ ਗਤੀਵਿਧੀਆਂ ’ਚ ਭਾਗ ਲੈਣ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਟ੍ਰੈਕ ਸੂਟਾਂ ਦੀ ਵੰਡ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 20 ਜਨਵਰੀ, 2025: ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ 26 ਜਨਵਰੀ ਨੂੰ ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਫ਼ੇਸ 6, ਮੋਹਾਲੀ ਦੇ ਗਰਾਊਂਡ ਵਿਖੇ ਕਰਵਾਏ ਜਾਣ ਵਾਲੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਦਾ ਅੱਜ ਕਾਲਜ ਗਰਾਊਂਡ ਵਿਖੇ ਮੀਟਿੰਗ ਕਰਕੇ ਜਾਇਜ਼ਾ ਲਿਆ। ਇਸ ਵਾਰ ਜ਼ਿਲ੍ਹਾ ਪੱਧਰੀ ਸਮਾਗਮ ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਕੌਮੀ ਝੰਡਾ ਫ਼ਹਿਰਾਉਣ ਪੁੱਜ ਰਹੇ ਹਨ।
ਉਨ੍ਹਾਂ ਇਸ ਮੌਕੇ ਸਮੂਹ ਅਧਿਕਾਰੀਆਂ ਨੂੰ ਸੌਂਪੀਆਂ ਜ਼ਿੰਮੇਂਵਾਰੀਆਂ ਅਨੁਸਾਰ ਉਨ੍ਹਾਂ ਵੱਲੋਂ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਕੌਮੀ ਮਹੱਤਤਾ ਦੇ ਦਿਹਾੜੇ ਨੂੰ ਨਿਰਵਿਘਨ ਨੇਪਰੇ ਚਾੜ੍ਹਨ ’ਚ ਕੋਈ ਕਸਰ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਸੁੰਤਰਤਤਾ ਦਿਵਸ ਅਤੇ ਗਣਤੰਤਰ ਦਿਵਸ ਸਾਡੇ ਦੇਸ਼ ਦੇ ਸਭ ਤੋਂ ਅਹਿਮ ਦਿਹਾੜੇ ਹਨ, ਜਿਨ੍ਹਾਂ ਤੋਂ ਸਾਨੂੰ ਆਜ਼ਾਦੀ ’ਚ ਪਾਏ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੰਗਰਾਮੀਆਂ ਅਤੇ ਬਾਅਦ ਵਿੱਚ ਸ਼ਹੀਦਾਂ ਦੇ ਸੁਫ਼ਨਿਆਂ ਦਾ ਭਾਰਤ ਬਣਾਉਣ ਲਈ ਇਸ ਨੂੰ ਗਣਰਾਜ ਦਾ ਰੂਪ ਦੇਣ ਲਈ ਸੰਵਿਧਾਨ ਲਾਗੂ ਕਰਨ ਜਿਹੀਆਂ ਅਹਿਮ ਇਤਿਹਾਸਕ ਘਟਨਾਵਾਂ ਬਾਰੇ ਪਤਾ ਲਗਦਾ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਸਾਡੀ ਨੌਜੁਆਨ ਪੀੜ੍ਹੀ ਅਤੇ ਬੱਚਿਆਂ ਨੂੰ ਹਮੇਸ਼ਾਂ ਇਸ ਗੱਲ ਦੀ ਯਾਦ ਕਰਵਾਉਂਦੇ ਰਹਿਣਗੇ ਕਿ ਭਾਰਤ ਦੇਸ਼ ਦੇ ਲੋਕ ਆਪਣੇ ਦੇਸ਼ ਨੂੰ ਕਿਸ ਹੱਦ ਤੱਕ ਪਿਆਰ ਕਰਦੇ ਆਏ ਹਨ।
ਉਨ੍ਹਾਂ ਇਸ ਮੌਕੇ ਟ੍ਰੈਫ਼ਿਕ ਅਤੇ ਸੁਰੱਖਿਆ ਬੰਦੋਬਸਤਾਂ, ਸਕੂਲੀ ਬੱਚਿਆਂ ਵੱਲੋਂ ਸਭਿਅਚਾਰਕ ਸਮਾਗਮ ਦੀਆਂ ਕੀਤੀਆਂ ਜਾ ਰਹੀਆਂ ਰਿਹਸਰਲਾਂ, ਪੁੁਲਿਸ ਅਤੇ ਐਨ ਸੀ ਸੀ ਕੈਡੇਟਾਂ ਵੱਲੋਂ ਕੀਤੀ ਜਾ ਰਹੀ ਮਾਰਚ ਪਾਸਟ ਦੀ ਤਿਆਰੀ, ਠੰਡ ਦੇ ਮੱਦੇਨਜ਼ਰ ਉਨ੍ਹਾਂ ਦੇ ਬੈਠਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ, ਸਮਾਗਮ ਦੌਰਾਨ ਪੇਸ਼ ਕੀਤੀਆਂ ਜਾਣ ਵਾਲੀਆਂ ਵਿਕਾਸ ਅਤੇ ਭਲਾਈ ਸਕੀਮਾ ’ਤੇ ਅਧਾਰਿਤ ਝਾਕੀਆਂ ਬਾਰੇ ਵਿਸਤਾਰ ’ਚ ਵਿਭਾਗ ਵਾਰ ਕੀਤੀ ਗਈ ਪ੍ਰਗਤੀ ਦੀ ਜਾਣਕਾਰੀ ਹਾਸਲ ਕੀਤੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਆਖਿਆ ਕਿ ਸਮਾਗਮ ਦੌਰਾਨ ਗੈਲੰਟਰੀ ਅਵਾਰਡੀਜ਼ ਅਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ’ਚ ਅਸਾਧਾਰਨ ਯੋਗਦਾਨ ਪਾਉਣ ਵਾਲੇ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੁਲ੍ਹੇ ਦਿਲ ਨਾਲ ਜੀ ਆਇਆਂ ਆਖਿਆ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਸੁਤੰਤਰਤਾ ਸੰਗਰਾਮੀਏ/ਪਰਿਵਾਰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਮੰਤਿ੍ਰਤ ਕੀਤੇ ਜਾਂਦੇ ਹਨ।
ਆਸ਼ਿਕਾ ਜੈਨ ਨੇ ਇਸ ਮੌਕੇ ਸਭਿਆਚਾਰਕ ਸਮਾਗਮਾਂ ’ਚ ਭਾਗ ਲੈਣ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਠੰਡ ਤੋਂ ਬਚਣ ਦੇ ਉਪਰਾਲੇ ਤਹਿਤ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਤਰਫ਼ੋਂ 321 ਟ੍ਰੈਕ ਸੂਟ ਵੀ ਵੰਡੇ।
ਮੀਟਿੰਗ ਦੌਰਾਨ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ, ਅਨਮੋਲ ਸਿੰਘ ਧਾਲੀਵਾਲ, ਸੋਨਮ ਚੌਧਰੀ, ਐਸ ਪੀ ਟ੍ਰੈਫ਼ਿਕ ਐਚ ਐਸ ਮਾਨ, ਐਸ ਡੀ ਐਮ ਮੋਹਾਲੀ ਦਮਨਦੀਪ ਕੌਰ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੀਪਾਂਕਜਰ ਗਰਗ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ ਅਤੇ ਜ਼ਿਲ੍ਹੇ ਦੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।