ਰੋਜਗਾਰ ਵਿਭਾਗ ਤੋਂ ਡਿਪਟੀ ਡਾਇਰੈਕਟਰ ਵੱਲੋਂ ਜ਼ਿਲ੍ਹਾ ਰੋਜਗਾਰ ਦਫਤਰ ਫਾਜ਼ਿਲਕਾ ਦਾ ਕੀਤਾ ਦੌਰਾ, ਕੰਮ-ਕਾਜ ਦੀ ਕੀਤੀ ਸਮੀਖਿਆ
- ਵਿਭਾਗ ਦੀਆਂ ਸਕੀਮਾਂ ਬਾਰੇ ਨੌਜਵਾਨ ਵਰਗ ਨੂੰ ਕਰਵਾਇਆ ਜਾਵੇ ਵੱਧ ਤੋਂ ਵੱਧ ਜਾਣੂੰ—ਪਰਮਿੰਦਰ ਕੌਰ
ਫਾਜ਼ਿਲਕਾ, 8 ਜਨਵਰੀ 2025 - ਰੋਜਗਾਰ ਵਿਭਾਗ ਮੁੱਖ ਦਫਤਰ ਚੰਡੀਗੜ ਤੋਂ ਪ੍ਰਾਪਤ ਆਦੇਸ਼ਾ ਅਨੁਸਾਰ ਡਿਪਟੀ ਡਾਇਰੈਕਟਰ ਮੈਡਮ ਪਰਮਿੰਦਰ ਕੌਰ ਵੱਲੋਂ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ ਦਫਤਰ ਫਾਜ਼ਿਲਕਾ ਵਿਖੇ ਦੌਰਾ ਕਰਕੇ ਕੰਮ—ਕਾਜ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦਫਤਰੀ ਰਿਕਾਰਡ ਦੀ ਵੀ ਚੈਕਿੰਗ ਕੀਤੀ ਤੇ ਦਫਤਰੀ ਸਟਾਫ ਨੁੰ ਹਦਾਇਤ ਕਰਦਿਆਂ ਕਿਹਾ ਕਿ ਦਫਤਰਾਂ ਵਿਖੇ ਆਉਣ ਵਾਲੀ ਨੋਜਵਾਨ ਪੀੜ੍ਹੀ ਨੂੰ ਰੋਜਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਉਪਰਾਲੇ ਕੀਤੇ ਜਾਣ।
ਦੌਰੇ ਦੌਰਾਨ ਡਿਪਟੀ ਡਾਇਰੈਕਟਰ ਮੈਡਮ ਪਰਮਿੰਦਰ ਕੌਰ ਨੇ ਸਟਾਫ ਵੱਲੋਂ ਕੀਤੇ ਜਾ ਰਹੇ ਕੰਮ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਜ਼ੋ ਵੀ ਨੌਜਵਾਨ ਜਾਂ ਆਮ ਲੋਕ ਦਫਤਰ ਵਿਖੇ ਸੁਵਿਧਾਵਾਂ ਲੈਣ ਲਈ ਆਉਂਦੇ ਹਨ, ਉਸ ਸਬੰਧੀ ਮੁਕੰਮਲ ਸੂਚਨਾ ਦਰਜ ਕੀਤੀ ਗਈ ਹੈ ਕਿ ਨਹੀਂ, ਬਾਰੇ ਰਿਕਾਰਡ ਚੈਕ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਸਮੇਂ—ਸਮੇਂ *ਤੇ ਵਿਭਾਗ ਵੱਲੋਂ ਖੇਤਰੀ ਦਫਤਰਾਂ ਵਿਖੇ ਵਿਜ਼ਿਟਾਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਪਹਿਲਾਂ ਤੋਂ ਚੱਲ ਰਹੇ ਕੰਮ ਵਿਚ ਸੁਧਾਰ ਆਉਂਦਾ ਹੈ ਉਥੇ ਗਿਆਨ ਵਿਚ ਵਾਧਾ ਹੁੰਦਾ ਹੈ।
ਡਿਪਟੀ ਡਾਇਰੈਕਟਰ ਨੇ ਫਾਜ਼ਿਲਕਾ ਰੋਜਗਾਰ ਦਫਤਰ ਵੱਲੋਂ ਪੇਸ਼ ਕੀਤੇ ਰਿਕਾਰਡ ਅਤੇ ਦਫਤਰੀ ਕੰਮ—ਕਾਜ ਨੂੰ ਵੇਖ ਕੇ ਸੰਤੁਸ਼ਟੀ ਪ੍ਰਗਟ ਕੀਤੀ।ਉਨ੍ਹਾਂ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਤੇ ਯੋਜਨਾਵਾਂ ਸਬੰਧੀ ਨੋਜਵਾਨ ਵਰਗ ਤੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਨੋਜਵਾਨ ਵਰਗ ਨੂੰ ਰੋਜਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਰੋਜਗਾਰ ਕੈਂਪ ਵੀ ਲਗਾਏ ਜਾਣ।
ਇਸ ਮੌਕੇ ਜ਼ਿਲ੍ਹਾ ਰੋਜਗਾਰ ਅਫਸਰ ਮੈਡਮ ਵੈਸ਼ਾਲੀ ਅਤੇ ਦਫਤਰੀ ਸਟਾਫ ਮੌਜੂਦ ਸੀ।
ਬਾਕਸ ਲਈ ਪ੍ਰਸਤਾਵਿਤ
ਜ਼ਿਲ੍ਹਾ ਪੱਧਰੀ ਕੈਂਪ 10 ਜਨਵਰੀ 2025 ਨੂੰ ਲਗੇਗਾ
ਜ਼ਿਲ੍ਹਾ ਰੋਜਗਾਰ ਅਫਸਰ ਮੈਡਮ ਵੈਸ਼ਾਲੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲ੍ਹਾ ਰੋਜਗਾਰ ਦਫ਼ਤਰ ਵੱਲੋਂ ਲੜਕੀਆਂ ਨੂੰ ਰੋਜਗਾਰ ਪ੍ਰਦਾਨ ਕਰਨ ਲਈ 10 ਜਨਵਰੀ 2025 ਨੂੰ ਜਿਲ੍ਹਾ ਪੱਧਰੀ ਕੈੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਕੈਂਪ ਸਥਾਨਕ ਸ਼ਾਹ ਪੈਲੇਸ ਫਾਜ਼ਿਲਕਾ ਵਿਖੇ ਸਵੇਰੇ 11 ਵਜੇ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਵੱਖ ਵੱਖ ਕੰਪਨੀਆਂ ਨੂੰ ਸੱਦਾ ਦਿਤਾ ਗਿਆ , ਕੰਪਨੀ ਦੇ ਨੁਮਾਇੰਦਿਆਂ ਵੱਲੋਂ ਇੰਟਰਵੀਉ ਲੈੰਦੇ ਹੋਏ ਮੌਕੇ ਤੇ ਹੀ ਯੋਗ ਉਮੀਦਞਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਨ੍ਹਾ ਕਿਹਾ ਕਿ ਲੜਕੀਆਂ ਦੇ ਮਨੋਬਲ ਨੂੰ ਉਚਾ ਚੁੱਕਣ ਅਤੇ ਵੱਖ-ਵੱਖ ਕੰਪਨੀਆਂ ਵਿਚ ਰੋਜਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਰੋਜਗਾਰ ਵਿਭਾਗ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਨਾਲ ਜਿਲ੍ਹਾ ਪ੍ਰੋਗਰਾਮ ਦਫਤਰ ਫਾਜਿਲਕਾ ਵੱਲੋਂ 10 ਜਨਵਰੀ 2025 ਨੂੰ ਜਿਲ੍ਹਾ ਪੱਧਰੀ ਕੈੱਪ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕੈੰਪ ਮੌਕੇ ਸਿਹਤ ਵਿਭਾਗ ਵੱਲੋਂ ਸਿਹਤ ਸੁਵਿਧਾਵਾਂ, ਪੈਨਸ਼ਨ ਦਫਤਰ ਵੱਲੋਂ ਔਰਤਾਂ ਦੇ ਬੁਢਾਪਾ ਅਤੇ ਵਿਧਵਾ ਪੈਨਸ਼ਨ ਆਦਿ ਦੇ ਫਾਰਮ, ਜਿਲ੍ਹਾ ਭਲਾਈ ਦਫਤਰ ਵੱਲੋਂ ਸ਼ਗਨ ਸਕੀਮ ਦੇ ਯੋਗ ਲਾਭਪਾਤਰੀਆਂ ਨੂੰ ਸੈਂਕਸ਼ਨ ਪੱਤਰ ਵੰਡੇ ਜਾਣਗੇ ਅਤੇ ਵਿਭਾਗਾਂ ਵੱਲੋਂ ਔਰਤਾਂ ਲਈ ਚਲਾਈ ਜਾ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੱਖ ਵੱਖ ਵਿਭਾਗ ਜਿੰਵੇ ਕਿ ਜਿਲ੍ਹਾ ਪ੍ਰੋਗਰਾਮ ਦਫਤਰ, ਪੇੰਡੂ ਵਿਕਾਸ ਵਿਭਾਗ ਦੇ ਸੈਲਫ ਹੈਲਪ ਗਰੂਪ , ਸਖੀ. ਵਨ ਸਟਾਪ ਸੈੰਟਰ, ਬਾਲ ਸੁਰੱਖਿਆ ਯੂਨਿਟ ਆਦਿ ਹੋਰ ਵਿਭਾਗਾਂ ਵੱਲੋਂ ਔਰਤਾਂ / ਲੜੀਆਂ ਲਈ ਚੱਲ ਰਹੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ।