ਸਫਾਈ ਕਰਮਚਾਰੀਆਂ ਦੀ ਸੁਰੱਖਿਆ ਲਈ ਸ਼ੁਰੂ ਕੀਤਾ ਗਿਆ 'ਸਫਾਈ ਮਿੱਤਰ ਸੁਰੱਖਿਆ ਚੈਲੇਂਜ 2025'
- ਸੀਵਰ ਸਫਾਈ ’ਚ ਮੈਨੂਅਲ ਐਂਟਰੀ ’ਤੇ ਮੁਕੰਮਲ ਪਾਬੰਦੀ
ਹੁਸ਼ਿਆਰਪੁਰ, 8 ਜਨਵਰੀ 2025: ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ‘ਸਫਾਈ ਮਿਤਰ ਸੁਰੱਖਿਆ ਚੈਲੇਂਜ 2025’ ਸੁਰੂ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਸੀਵਰਮੈਨਾਂ ਵਲੋਂ ਸੀਵਰ ਦੀ ਮੈਨੂਅਲ ਐਂਟਰੀ ’ਤੇ ਪੂਰੀ ਤਰ੍ਹਾਂ ਤੋਂ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਬਿਨ੍ਹਾਂ ਪੂਰਨ ਸੁਰੱਖਿਆ ਗਿਅਰ ਤੋਂ ਸੀਵਰ ਦੇ ਮੈਨਹੋਲ ਵਿਚ ਉਤਾਰਨ ਦੀ ਆਗਿਆ ਨਹੀ ਹੈ ਅਤੇ ਸੀਵਰ ਦੀ ਸਫਾਈ ਕੇਵਲ ਮਸ਼ੀਨਾ ਰਾਹੀਂ ਕੀਤੀ ਜਾਵੇਗੀ।
ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਵਲੋਂ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਸਬੰਧਤ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਮ ਜਨਤਾ ਵੀ ਇਸ ਮੁਹਿੰਮ ਵਿਚ ਆਪਣੀ ਭਾਗੀਦਾਰੀ ਦੇ ਸਕਦਾ ਹੈ। ਜੇਕਰ ਉਨ੍ਹਾਂ ਦੇ ਆਸਪਾਸ ਕੋਈ ਵਿਅਕਤੀ ਬਿਨ੍ਹਾਂ ਸੁਰੱਖਿਆ ਉਪਰਕਣਾਂ ਤੋਂ ਸੀਵਰ ਦੀ ਸਫਾਈ ਕਰਦਾ ਦਿਖਾਈ ਦੇਵੇ ਜਾਂ ਸੀਵਰ ਸਬੰਧੀ ਕੋਈ ਹੋਰ ਸਮੱਸਿਆ ਹੋਵੇ ਤਾਂ ਹੈਲਪਲਾਈਨ ਨੰਬਰ 14420, ਨਗਰ ਨਿਗਮ ਦਫ਼ਤਰ ਦੇ ਫੋਨ ਨੰਬਰ 01882-229687 ਅਤੇ ਮੋਬਾਇਲ ਨੰਬਰ 94634-97791 ’ਤੇ ਸੂਚਨਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਜਾਗਰੂਕਤਾ ਲਈ ਪੋਸਟਰ ਅਤੇ ਫਲੈਕਸ ਲਗਾਏ ਗਏ ਹਨ, ਜੋ ਲੋਕਾਂ ਨੂੰ ਸੀਵਰ ਸਫਾਈ ਨਾਲ ਸਬੰਧਤ ਨਿਯਮਾਂ ਅਤੇ ਸਾਵਧਾਨੀਆਂ ਦੇ ਬਾਰੇ ਵਿਚ ਜਾਗਰੂਕ ਕਰ ਰਹੇ ਹਨ। ਇਸ ਦੌਰਾਨ ਸੰਯੁਕਤ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ ਵੀ ਮੌਜੂਦ ਸਨ।