ਦੋ ਮਹੀਨੇ ਦੀ ਬੱਚੀ ਦੀ ਮੌਤ ਨੂੰ ਲੈ ਕੇ ਪਰਿਵਾਰ ਬੈਠਿਆ ਨਿਜੀ ਹਸਪਤਾਲ ਦੇ ਬਾਹਰ ਧਰਨੇ 'ਤੇ
ਪ੍ਰਾਈਵੇਟ ਡਾਕਟਰ ਦੀ ਅਣਗਹਿਲੀ ਨਾਲ ਨਵ ਜਨਮੀ ਦੀ ਮੌਤ ਹੋਣ ਦਾ ਦੋਸ਼
ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਕੀਤੀ : ਡਾਕਟਰ
ਰੋਹਿਤ ਗੁਪਤਾ
ਗੁਰਦਾਸਪੁਰ , 8 ਜਨਵਰੀ 2025 : ਗੁਰਦਾਸਪੁਰ ਵਿੱਚ ਇੱਕ ਪਰਿਵਾਰ ਨੇ ਨਿੱਜੀ ਹਸਪਤਾਲ ਦੇ ਡਾਕਟਰ ਤੇ ਦੋ ਮਹੀਨੇ ਦੀ ਬੱਚੀ ਦਾ ਗਲਤ ਇਲਾਜ ਕਰਨ ਦੇ ਦੋਸ਼ ਲਗਾਏ ਹਨ। ਬੱਚੀ ਦੀ ਇਲਾਜ ਦੌਰਾਨ ਮੌਤ ਹੋਣ ਤੋਂ ਬਾਅਦ ਪਰਿਵਾਰ ਨੇ ਹਸਪਤਾਲ ਦੇ ਬਾਹਰ ਹੰਗਾਮਾ ਕੀਤਾ ਤੇ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਲਗਾਇਆ ਧਰਨਾ ਲਗਾ ਦਿੱਤਾ। ਪਰਿਵਾਰ ਦਾ ਦੋਸ਼ ਹੈ ਕਿ ਬੱਚੀ ਨੂੰ ਗਲਤ ਇੰਜੈਕਸ਼ਨ ਲਗਾਇਆ ਗਿਆ ਜੋ ਬੱਚੀ ਨੂੰ ਰਿਐਕਸ਼ਨ ਕਰ ਗਿਆ ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ ਜਦਕਿ ਡਾਕਟਰ ਦਾ ਕਹਿਣਾ ਹੈ ਕਿ ਬੱਚੀ ਜਨਮ ਤੋਂ ਹੀ ਕਈ ਬਿਮਾਰੀਆਂ ਨਾਲ ਪੀੜਤ ਸੀ ਅਤੇ ਉਸ ਦੀ ਮੌਤ ਇਨਫੈਕਸ਼ਨ ਕਾਰਨ ਹੋਈ ਹੈ ।
ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੀ ਦੇ ਦਾਦਾ ਜੀਵਨ ਕੁਮਾਰ ਵਾਸੀ ਪਿੰਡ ਤਲਵੰਡੀ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਪੋਤਰੀ ਨੂੰ 20 ਤਰੀਕ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਬੱਚਿਆਂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ। ਉਹ ਦੁੱਧ ਨਹੀਂ ਸੀ ਪੀਂਦੀ । ਹਸਪਤਾਲ ਦੇ ਡਾਕਟਰ ਚੇਤਰ ਨੰਦਾ ਨੇ ਕੁਝ ਦਿਨ ਦੀਆਂ ਦਵਾਈਆਂ ਦੇ ਕੇ ਕਿਹਾ ਕਿ ਬੱਚੀ ਬਿਲਕੁਲ ਠੀਕ-ਠਾਕ ਹੈ ਪਰ ਛੇ ਦਿਨ ਦਵਾਈ ਖਾਣ ਨਾਲ ਵੀ ਉਹ ਠੀਕ ਨਹੀਂ ਹੋਈ ਤਾਂ ਮੁੜ ਉਸਨੂੰ ਇਸੇ ਡਾਕਟਰ ਕੋਲ ਲਿਆਂਦਾ ਗਿਆ ਅਤੇ ਗਲਤ ਨੇ ਮੁੜ ਉਸ ਨੂੰ ਕੁਝ ਦਿਨ ਦੀਆਂ ਦਵਾਈਆਂ ਦੇ ਦਿੱਤੀਆਂ ਪਰ ਬੱਚੀ ਨੂੰ ਫਰਕ ਨਾ ਪਿਆ ਤਾਂ ਡਾਕਟਰ ਵੱਲੋਂ 1 ਜਨਵਰੀ ਨੂੰ ਉਸ ਨੂੰ ਹਸਪਤਾਲ ਵਿੱਚ ਐਡਮਿਟ ਕਰ ਲਿਆ ਗਿਆ ਤੇ ਸਾਰੇ ਟੈਸਟ ਸਕੈਨਿੰਗ ਆਦਿ ਕਰਵਾਉਣ ਤੋਂ ਬਾਅਦ ਕਿਹਾ ਕਿ ਇਹ ਬਿਲਕੁਲ ਠੀਕ-ਠਾਕ ਹੈ ਪਰ ਇਸ ਦਾ ਕੁਝ ਦਿਨ ਹਸਪਤਾਲ ਵਿੱਚ ਇਲਾਜ ਚੱਲੇਗਾ। ਬੱਚੀ ਦੇ ਦਾਦਾ ਨੇ ਦੋਸ਼ ਲਗਾਇਆ ਕਿ ਇਸ ਦੌਰਾਨ ਬੱਚੀ ਨੂੰ ਇੱਕ ਅਜਿਹਾ ਇੰਜੈਕਸ਼ਨ ਲਗਾ ਦਿੱਤਾ ਗਿਆ ਜੋ ਸ਼ਾਇਦ ਉਸਨੂੰ ਰਿਐਕਸ਼ਨ ਕਰ ਗਿਆ ਅਤੇ ਉਸ ਦਾ ਸਰੀਰ ਸੁੱਜਣਾ ਸ਼ੁਰੂ ਹੋ ਗਿਆ ਤੇ ਸਖਤ ਹੋ ਗਿਆ ਜਿਸ ਤੋਂ ਬਾਅਦ 6 ਜਨਵਰੀ ਨੂੰ ਡਾਕਟਰ ਨੇ ਉਹਨਾਂ ਨੂੰ ਬਕਾਇਆ ਪੇਮੈਂਟ ਜਮਾ ਕਰਵਾਉਣ ਲਈ ਕਿਹਾ ਤੇ ਕਿਹਾ ਕਿ ਲੜਕੀ ਦਾ ਆਪਰੇਟ ਹੋਏਗਾ ਇਸ ਨੂੰ ਪੀਜੀਆਈ ਵਿਖੇ ਲੈ ਜਾਓ ਅਤੇ ਨਾਲ ਹੀ ਸਾਰੇ ਪ੍ਰਾਈਵੇਟ ਡਾਕਟਰ ਆਪਣੇ ਹਸਪਤਾਲ ਵਿਖੇ ਬੁਲਾ ਲਏ । ਬਾਅਦ ਵਿੱਚ ਬੱਚੀ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਉਹ 11:30 ਵਜੇ ਪਹੁੰਚੇ। ਬੱਚੀ ਦੇ ਦਾਦਾ ਦਾ ਕਹਿਣਾ ਹੈ ਕਿ ਇਲਾਜ ਦੌਰਾਨ ਅੰਮ੍ਰਿਤਸਰ ਦੇ ਡਾਕਟਰ ਨੇ ਮੰਨਿਆ ਹੈ ਕਿ ਬੱਚੀ ਨੂੰ ਪਹਿਲਾਂ ਗਲਤ ਇਲਾਜ ਦਿੱਤਾ ਗਿਆ ਹੈ। ਜਿਸ ਕਾਰਨ ਉਸ ਦੀ ਹਾਲਤ ਵਿਗੜੀ ਹੈ, ਜਿਸ ਦੇ ਪਰਿਵਾਰ ਕੋਲ ਬਕਾਇਦਾ ਸਬੂਤ ਵੀ ਹਨ। ਉਹਨਾਂ ਮੰਗ ਕੀਤੀ ਹੈ ਕਿ ਦਫਤਰ ਖਿਲਾਫ ਕਾਰਵਾਈ ਕੀਤੀ ਜਾਵੇ ।
ਦੂਜੇ ਪਾਸੇ ਬੱਚੀ ਦਾ ਇਲਾਜ ਕਰਨ ਵਾਲੇ ਡਾਕਟਰ ਚੇਤਨ ਨੰਦਾ ਦਾ ਕਹਿਣਾ ਹੈ ਕਿ ਬੱਚਾ ਜਨਮ ਜਾਤ ਹੀ ਕਈ ਬਿਮਾਰੀਆਂ ਨਾਲ ਪੀੜਤ ਸੀ ਅਤੇ ਉਸਦਾ ਦਿਲ ਵੀ ਕਮਜ਼ੋਰ ਸੀ। ਪਰਿਵਾਰ ਉਸਨੂੰ ਉਹਨਾਂ ਕੋਲ ਲੈ ਕੇ ਆਇਆ ਸੀ ਕਿਉਂਕਿ ਉਹ ਕਈ ਦਿਨਾਂ ਤੋਂ ਦੁੱਧ ਨਹੀਂ ਪੀ ਰਿਹਾ ਸੀ ਅਤੇ ਉਸ ਦੀ ਮੌਤ ਦਾ ਕਾਰਨ ਵੀ ਕਈ ਦਿਨਾਂ ਤੋਂ ਦੁੱਧ ਨਾਂ ਪੀਣਾ ਤੇ ਇਨਫੈਕਸ਼ਨ ਹੈ, ਜਿਸ ਬਾਰੇ ਪਰਿਵਾਰ ਨੂੰ ਪਹਿਲਾਂ ਹੀ ਦੱਸ ਦਿੱਤਾ ਜਾ ਚੁੱਕਿਆ ਸੀ ਕਿ ਉਸ ਦੀ ਹਾਲਤ ਗੰਭੀਰ ਹੈ ਪਰ ਪਰਿਵਾਰ ਨੇ ਬੱਚੀ ਦਾ ਇਲਾਜ ਕਰਨ ਦੀ ਮਿੰਨਤ ਕੀਤੀ ਤਾਂ ਹੀ ਉਹਨਾਂ ਨੇ ਇਲਾਜ ਸ਼ੁਰੂ ਕੀਤਾ ਸੀ। ਇਸ ਵਿੱਚ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਹੈ।