ਪੰਜਾਬ ਦੇ ਆਲੂ ਬੀਜ ਉਤਪਾਦਕਾਂ ਨੇ ਪੀ.ਏ.ਯੂ. ਵਾਈਸ ਚਾਂਸਲਰਾਂ ਨਾਲ ਮਿਲ ਕੇ ਚਲੰਤ ਮਸਲਿਆਂ ਤੇ ਵਿਚਾਰ ਕੀਤੀ
ਲੁਧਿਆਣਾ 7 ਜਨਵਰੀ, 2025
ਬੀਤੇ ਦਿਨੀਂ ਖਟਰਾ ਪਟੈਟੋ ਸੀਡ ਗਰੁੱਪ ਦੇ ਮੈਂਬਰਾਂ ਨੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨਾਲ ਮਿਲ ਕੇ ਬਹੁਤ ਸਾਰੇ ਮਸਲਿਆਂ ਬਾਰੇ ਵਿਚਾਰ-ਚਰਚਾ ਕੀਤੀ| ਇਸ ਦੌਰਾਨ ਗਰੁੱਪ ਨੇ ਆਉਣ ਵਾਲੇ ਸਮੇਂ ਵਿਚ ਕਿਸਾਨ ਸਿਖਲਾਈ ਪ੍ਰੋਗਰਾਮ ਅਤੇ ਮਾਣੂੰਕੇ ਵਿਖੇ ਗਿੱਲ ਪਟੈਟੋ ਸੀਡ ਅਤੇ ਟਿਸ਼ੂ ਕਲਚਰ ਲੈਬਾਰਟਰੀ ਦੇ ਉਦਘਾਟਨ ਮੌਕੇ ਵਾਈਸ ਚਾਂਸਲਰ ਨੂੰ ਸੱਦਾ ਵੀ ਦਿੱਤਾ| ਜ਼ਿਕਰਯੋਗ ਹੈ ਕਿ ਖਟਰਾ ਗਰੁੱਪ ਲੁਧਿਆਣਾ, ਮੋਗਾ ਅਤੇ ਆਸਪਾਸ ਦੇ ਇਲਾਕਿਆਂ ਦੇ 2000 ਤੋਂ ਵਧੇਰੇ ਕਿਸਾਨਾਂ ਦਾ ਇਕ ਸਮੂਹ ਹੈ ਜੋ ਵਟਸਐੱਪ ਰਾਹੀਂ ਆਲੂ ਉਤਪਾਦਕਾਂ ਅਤੇ ਆਲੂ ਬੀਜ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਪੈਪਸੀਕੋ ਅਤੇ ਮੈਕੇਨ ਨਾਲ ਜੋੜਨ ਵਿਚ ਸਰਗਰਮ ਭੂਮਿਕਾ ਨਿਭਾਉਂਦਾ ਹੈ| ਵਿਚਾਰ ਚਰਚਾ ਦੌਰਾਨ ਡਾ. ਗੋਸਲ ਨੇ ਆਲੂ ਉਤਪਾਦਕਾਂ ਦੀ ਐਸੋਸੀਏਸ਼ਨ ਦੇ ਗਠਨ ਉੱਪਰ ਜ਼ੋਰ ਦਿੱਤਾ| ਉਹਨਾਂ ਕਿਹਾ ਕਿ ਪੀ.ਏ.ਯੂ. ਆਲੂ ਉਤਪਾਦਕਾਂ ਨੂੰ ਟਿਸ਼ੂ ਕਲਚਰ, ਬੀਜ ਵਿਕਾਸ (ਜੀ-1 ਅਤੇ ਜੀ-2), ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ, ਪੋਸ਼ਣ ਸੰਤੁਲਨ, ਆਲੂ ਦੀ ਪ੍ਰੋਸੈਸਿੰਗ, ਪੈਕਿੰਗ ਅਤੇ ਮੰਡੀਕਰਨ ਆਦਿ ਵਿਸ਼ਿਆਂ ਤੇ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ| ਉਹਨਾਂ ਨੇ ਆਲੂ ਬਰੀਡਿੰਗ ਪ੍ਰੋਗਰਾਮ ਵਿਚ ਪੀ.ਏ.ਯੂ. ਦੀਆਂ ਪਹਿਲਕਦਮੀਆਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਨੇ 2016 ਵਿਚ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਕਿਲੋਂਗ ਹਿਮਾਚਲ ਪ੍ਰਦੇਸ਼ ਵਿਚ ਬੇਮੌਸਮੀ ਹਾਲਾਤ ਵਿਚ ਨਵੀਆਂ ਕਿਸਮਾਂ ਪੈਦਾ ਕਰਨ ਵੱਲ ਰੱੁਖ ਕੀਤਾ| ਉਹਨਾਂ ਨੇ 2023 ਵਿਚ ਸਾਹਮਣੇ ਲਿਆਂਦੀਆਂ ਕਿਸਮਾਂ ਪੰਜਾਬ ਪਟੈਟੋ-101 ਅਤੇ ਪੰਜਾਬ ਪਟੈਟੋ-102 ਦੀ ਸਫਲਤਾ ਬਾਰੇ ਗੱਲ ਵੀ ਕੀਤੀ| ਨਾਲ ਹੀ ਡਾ. ਗੋਸਲ ਨੇ ਦੱਸਿਆ ਕਿ ਇਹ ਕਿਸਮਾਂ ਵੱਧ ਝਾੜ ਦੇਣ ਵਾਲੀਆਂ ਹਨ| ਮੁੱਖ ਸੀਜ਼ਨ ਦੌਰਾਨ ਕਾਸ਼ਤ ਲਈ ਢੁੱਕਵੀਆਂ ਹੋਣ ਕਾਰਨ ਇਹਨਾਂ ਕਿਸਮਾਂ ਨੂੰ ਕਿਸਾਨਾਂ ਦਾ ਭਰਵਾਂ ਹੁੰਗਾਰਾ ਪ੍ਰਾਪਤ ਹੋਇਆ ਹੈ| ਇਸਦੇ ਨਾਲ ਹੀ ਡਾ. ਗੋਸਲ ਨੇ ਪੀ.ਏ.ਯੂ. ਵਿਖੇ ਸਪੀਡ ਬਰੀਡਿੰਗ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਵਿਧੀ ਰਾਹੀਂ 10 ਸਾਲਾਂ ਵਿਚ ਹੋਣ ਵਾਲਾ ਖੋਜ ਦਾ ਕੰਮ 4-5 ਸਾਲਾਂ ਦੌਰਾਨ ਕੀਤਾ ਜਾ ਸਕੇਗਾ| ਉਹਨਾਂ ਕਿਹਾ ਕਿ ਪੰਜਾਬ ਦੀ ਮਿੱਟੀ ਅਤੇ ਪੌਣ ਪਾਣੀ ਆਲੂ ਉਤਪਾਦਨ ਲਈ ਬੇਹੱਦ ਢੁੱਕਵਾਂ ਹੈ| ਲੋੜ ਪੀ.ਏ.ਯੂ. ਨਾਲ ਜੁੜ ਕੇ ਇਸ ਫਸਲ ਦੇ ਵਿਗਿਆਨਕ ਉਤਪਾਦਨੀ ਪਹਿਲੂਆਂ ਨੂੰ ਜਾਣਨ ਦੀ ਹੈ|
ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਸਾਨਾਂ ਨੂੰ ਦੂਸਰੀਆਂ ਐਸੋਸੀਏਸ਼ਨਾਂ ਵਾਂਗ ਮਜ਼ਬੂਤ ਗਠਜੋੜ ਬਨਾਉਣ ਲਈ ਉਤਸ਼ਾਹਿਤ ਕੀਤਾ| ਇਸ ਦੌਰਾਨ ਆਲੂ ਉਤਪਾਦਕਾਂ ਅਤੇ ਬੀਜ ਪੈਦਾ ਕਰਨ ਵਾਲੇ ਕਿਸਾਨਾਂ ਨੇ ਪੀ.ਏ.ਯੂ. ਮਾਹਿਰਾਂ ਨਾਲ ਗੱਲਬਾਤ ਕੀਤੀ|