ਡੀ ਸੀ ਨੇ ਮੁਹਾਲੀ ਵਿਖੇ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਲਈ ਜ਼ਿੰਮੇਵਾਰੀਆਂ ਸੌਂਪੀਆਂ
ਲਗਪਗ 1500 ਵਿਦਿਆਰਥੀਆਂ ਨੂੰ ਠੰਡੇ ਮੌਸਮ ਤੋਂ ਬਚਾਉਣ ਕਰਨ ਲਈ 'ਬਾਡੀ ਵਾਰਮਰਜ਼' ਦਿੱਤੇ ਜਾਣਗੇ
ਪ੍ਰਾਪਤੀਆਂ ਨੂੰ ਦਰਸਾਉਣ ਜਾਂ ਭਲਾਈ ਸਕੀਮਾਂ ਨੂੰ ਉਤਸ਼ਾਹਿਤ ਕਰਨ ਲਈ ਝਾਕੀਆਂ ਵੀ ਆਰ ਡੇ ਪਰੇਡ ਦਾ ਹਿੱਸਾ ਹੋਣਗੀਆਂ
ਐਸ.ਏ.ਐਸ.ਨਗਰ, 07 ਜਨਵਰੀ, 2025:
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ 26 ਜਨਵਰੀ, 2025 ਨੂੰ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਫੇਜ਼ 6, ਮੁਹਾਲੀ ਵਿਖੇ ਹੋਣ ਵਾਲੇ ਗਣਤੰਤਰ ਦਿਵਸ ਦੇ ਜਸ਼ਨਾਂ ਦੀ ਤਿਆਰੀ ਲਈ ਅੱਜ ਵੱਖ-ਵੱਖ ਵਿਭਾਗਾਂ ਨੂੰ ਕੰਮ ਸੌਂਪੇ।
ਜ਼ਿਲ੍ਹਾ ਪ੍ਰਬੰਧਕੀ ਮੀਟਿੰਗ ਹਾਲ, ਐਸ.ਏ.ਐਸ.ਨਗਰ, ਮੁਹਾਲੀ ਵਿਖੇ ਸਮੂਹ ਸਬੰਧਤ ਵਿਭਾਗਾਂ ਦੀ ਤਿਆਰੀ ਸਬੰਧੀ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ਪ੍ਰੋਗਰਾਮ ਦੌਰਾਨ ਸਖ਼ਤ ਸਰਦੀ ਵਿੱਚ ਸਕੂਲੀ ਬੱਚਿਆਂ ਵੱਲੋਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਅਤੇ ਉਸ ਤੋਂ ਪਹਿਲਾਂ ਕੀਤੀ ਜਾਣ ਵਾਲੀ ਰਿਹਰਸਲ ਦੌਰਾਨ ਉਨ੍ਹਾਂ ਦੀ ਸਿਹਤ 'ਤੇ ਚਿੰਤਾ ਪ੍ਰਗਟ ਕਰਦਿਆਂ ਹਦਾਇਤ ਕੀਤੀ ਕਿ ਭਾਗੀਦਾਰ ਵਿਦਿਆਰਥੀਆਂ ਨੂੰ ਠੰਡ ਤੋਂ ਬਚਾਉਣ ਲਈ ਉਨ੍ਹਾਂ ਨੂੰ 'ਬਾਡੀ ਵਾਰਮਰਜ਼' ਮੁੱਹਈਆ ਕਰਵਾਉਣ ਲਈ ਆਖਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਡਾ. ਗਿੰਨੀ ਦੁੱਗਲ ਨੇ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ 'ਬਾਡੀ ਵਾਰਮਰਜ਼' ਦੀ ਮੌਜੂਦਾ ਗਿਣਤੀ 1500 ਤੋਂ ਵਧਾ ਕੇ 2000 ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਵਿਭਾਗ ਮੁਖੀਆਂ ਨੂੰ ਵੱਖ-ਵੱਖ ਕਾਰਜਾਂ ਦੀ ਵੰਡ ਕਰਦਿਆਂ ਕਿਹਾ ਕਿ ਰਾਸ਼ਟਰੀ ਮਹੱਤਵ ਵਾਲੇ ਦਿਵਸ ਦੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਗਣਤੰਤਰ ਦਿਵਸ ਸਮਾਰੋਹ ਨੂੰ ਸ਼ਾਨਦਾਰ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਗਣਤੰਤਰ ਦਿਵਸ ਵਾਲੇ ਸਥਾਨ ਤੇ ਮੈਦਾਨ ਤੱਕ ਪਹੁੰਚ ਸੜਕਾਂ ਦੀ ਸਫਾਈ ਅਤੇ ਮੁਰੰਮਤ ਤੋਂ ਸ਼ੁਰੂ ਕਰਕੇ ਅਤੇ ਸਟੇਜ ਅਤੇ ਹੋਰ ਸੈਟਅਪ ਦੀ ਤਿਆਰੀ ਤੋਂ ਇਲਾਵਾ, ਉਨ੍ਹਾਂ ਨੇ ਰਿਹਰਸਲ ਤੋਂ ਇਲਾਵਾ ਪ੍ਰੋਗਰਾਮ ਵਾਲੇ ਦਿਨ ਵੀ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਅਤੇ ਮੈਡੀਕਲ ਸਹਾਇਤਾ ਦੇਣ 'ਤੇ ਜ਼ੋਰ ਦਿੱਤਾ।
ਮੁੱਖ ਮੰਤਰੀ ਫੀਲਡ ਅਫਸਰ ਦੀਪਾਂਕਰ ਗਰਗ ਨੂੰ ਉੱਥੇ ਪੇਸ਼ ਕੀਤੇ ਜਾਣ ਵਾਲੀਆਂ ਸੱਭਿਆਚਾਰਕ ਪੇਸ਼ਕਾਰੀਆਂ ਨੂੰ ਅੰਤਿਮ ਰੂਪ ਦੇਣ ਲਈ ਕਿਹਾ ਗਿਆ। ਇਸੇ ਤਰ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਬਲਜਿੰਦਰ ਸਿੰਘ ਗਰੇਵਾਲ ਨੂੰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੂੰ ਵੱਖ ਵੱਖ ਵਿਭਾਗਾਂ ਵੱਲੋਂ ਚਲਾਈਆਂ ਜਾ ਰਹੀਆਂ ਪ੍ਰਾਪਤੀਆਂ/ਭਲਾਈ ਸਕੀਮਾਂ ਦੇ ਆਧਾਰ ’ਤੇ ਝਾਕੀਆਂ ਤਿਆਰ ਕਰਨ ਵਿੱਚ ਸਹਿਯੋਗ ਦੇਣ ਲਈ ਕਿਹਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਾਲਜ ਗਰਾਊਂਡ ਵਿਖੇ 24 ਜਨਵਰੀ 2025 ਨੂੰ ਹੋਣ ਵਾਲੀ ਫੁੱਲ ਡਰੈੱਸ ਰਿਹਰਸਲ ਤੋਂ ਪਹਿਲਾਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਮੌਕੇ ਸਮਾਗਮ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਨਾਸ਼ਤਾ/ਰਿਫਰੈਸ਼ਮੈਂਟ ਵੀ ਦਿੱਤੀ ਜਾਵੇ ਅਤੇ ਖਾਣੇ ਦਾ ਨਮੂਨਾ ਫੂਡ ਸੇਫਟੀ ਅਧਿਕਾਰੀਆਂ ਦੁਆਰਾ ਲਿਆ ਜਾਣਾ ਯਕੀਨੀ ਬਣਾਇਆ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੀਰਤਾ ਪੁਰਸਕਾਰ ਜੇਤੂ ਸਾਬਕਾ ਫੌਜੀ ਵਿਅਕਤੀ/ਪਰਿਵਾਰ ਵੀ ਸਮਾਗਮ ਵਿੱਚ ਸ਼ਿਰਕਤ ਕਰਨਗੇ ਅਤੇ ਜ਼ਿਲ੍ਹਾ ਰੱਖਿਆ ਭਲਾਈ ਸੇਵਾਵਾਂ ਦਫ਼ਤਰ ਵੱਲੋਂ ਅਜਿਹੇ ਵਿਅਕਤੀਆਂ/ਪਰਿਵਾਰਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਨੂੰ ਇਹ ਵੀ ਕਿਹਾ ਕਿ ਉਹ 10 ਜਨਵਰੀ ਤੱਕ ਵਧੀਆ ਕਾਰਗੁਜ਼ਾਰੀ ਵਾਲੇ ਕਰਮਚਾਰੀਆਂ ਦੇ ਨਾਮ ਅਤੇ ਵੇਰਵੇ ਭੇਜਣ ਤਾਂ ਜੋ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਬਦਲੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਸਕੇ।
ਮੀਟਿੰਗ ਵਿੱਚ ਏ ਡੀ ਸੀ (ਜ) ਵਿਰਾਜ ਐਸ ਟਿਡਕੇ, ਨਗਰ ਨਿਗਮ ਮੁਹਾਲੀ ਦੇ ਕਮਿਸ਼ਨਰ ਟੀ ਬੇਨਿਥ, ਏ ਡੀ ਸੀ (ਪੇਂਡੂ ਵਿਕਾਸ) ਸੋਨਮ ਚੌਧਰੀ, ਐਸ ਡੀ ਐਮ ਮੁਹਾਲੀ ਦਮਨਦੀਪ ਕੌਰ, ਸੀ ਐਮ ਐਫ ਓ ਦੀਪਾਂਕਰ ਗਰਗ, ਸਹਾਇਕ ਕਮਿਸ਼ਨਰ (ਜ) ਡਾ. ਅੰਕਿਤਾ ਕਾਂਸਲ, ਸਿਵਲ ਸਰਜਨ ਡਾ. ਸੰਗੀਤਾ ਜੈਨ ਅਤੇ ਸਮੂਹ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।