ਕੇਂਦਰ ਸਰਕਾਰ ਖੇਤੀ ਸੈਕਟਰ ਨੂੰ ਲਾਹੇਵੰਦ ਧੰਦਾ ਬਣਾਉਣ ਲਈ 'ਚੰਨੀ ਕਮੇਟੀ' ਦੀਆਂ ਸਿਫਾਰਸ਼ਾਂ ਲਾਗੂ ਕਰੇ: ਪ੍ਰੋ. ਚੰਦੂਮਾਜਰਾ
ਚੰਡੀਗੜ੍ਹ 24 ਦਸੰਬਰ 2024 - ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਖੇਤੀ ਸੈਕਟਰ ਨੂੰ ਲਾਹੇਵੰਦ ਧੰਦਾ ਬਣਾਉਣ ਲਈ 'ਚੰਨੀ ਕਮੇਟੀ' ਦੀਆਂ ਸਿਫਾਰਸ਼ਾਂ ਨੂੰ ਜਲਦ ਲਾਗੂ ਕਰੇ। ਉਨ੍ਹਾਂ ਆਖਿਆ ਕਿ ਪਾਰਲੀਮੈਂਟ ਵੱਲੋਂ ਖੇਤੀ ਮਾਮਲਿਆਂ ਸਬੰਧੀ ਸਟੈਂਡਿੰਗ ਕਮੇਟੀ ਦੇ ਨਿਯੁਕਤ ਕੀਤੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਬਣੀ ਕਮੇਟੀ ਦੀਆਂ ਤਿਆਰ ਕੀਤੀਆਂ ਸਿਫਾਰਸ਼ਾਂ ਨੂੰ ਸਰਦ ਰੁੱਤ ਸ਼ੈਸ਼ਨ ਵਿੱਚ ਪਾਸ ਕੀਤਾ ਗਿਆ ਹੈ। ਕੇਂਦਰ ਸਰਕਾਰ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਤੇ ਖੇਤੀ ਦੇ ਉਚਿਤ ਭਾਅ ਲਈ ਚੰਨੀ ਕਮੇਟੀ ਨੂੰ ਅਮਲੀ ਰੂਪ ਵਿਚ ਲਾਗੂ ਕਰਦਿਆਂ ਕਿਸਾਨੀ ਨੂੰ ਮੁੜ ਲੀਹਾਂ ਤੇ ਲਿਆਉਣ ਦਾ ਯਤਨ ਕਰੇ।
ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਖੇਤੀਬਾੜੀ ਦਿਨ ਪ੍ਰਤੀ ਦਿਨ ਖੇਤੀ ਲਾਗਤਾਂ ਦੇ ਮੁੱਲ ਵਧਣ ਅਤੇ ਜਿਨਸ ਦੇ ਭਾਅ ਨਾ ਮਿਲਣ ਕਰਕੇ ਘਾਟੇ ਦਾ ਧੰਦਾ ਬਣਦੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਕੋਈ ਵੀ ਸਾਰਥਕ ਫ਼ਸਲ ਬੀਮਾ ਯੋਜਨਾ ਨਾ ਮਿਲਣ ਕਰਕੇ ਕੁਦਰਤੀ ਆਫ਼ਤਾਂ ਨੇ ਵੀ ਖੇਤੀ ਸੈਕਟਰ ਨੂੰ ਝੱਮ ਕੇ ਰੱਖ ਦਿੱਤਾ। ਜਿਸ ਕਰਕੇ ਦੇਸ਼ ਦੀ ਕਿਸਾਨੀ ਕਰਜ਼ੇ ਦੇ ਬੋਝ ਥੱਲੇ ਧੱਸਦੀ ਗਈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਖੇਤੀ ਸੈਕਟਰ ਨੂੰ ਦੇਸ਼ ਦੀ ਆਰਥਿਕਤਾ ਦਾ ਧੁਰਾ ਮੰਨਦੀ ਹੈ ਦੂਜੇ ਪਾਸੇ ਖੇਤੀ ਸੈਕਟਰ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਦਿੱਤਾ।
ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਦਿਨੋਂ ਦਿਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਦੱਸਿਆ। ਉਹਨਾਂ ਆਖਿਆ ਕਿ ਜੇਕਰ ਕਿਸਾਨ ਆਪਣੀਆਂ ਮੰਗਾਂ ਖਾਤਰ ਪੈਦਲ ਦਿੱਲੀ ਮਾਰਚ ਕਰਨ ਨੂੰ ਤਿਆਰ ਹਨ ਤਾਂ ਸੂਬੇ ਦੀਆਂ ਰਾਜਸੀ ਧਿਰਾਂ ਆਪਣੇ ਕਿਸਾਨਾਂ ਲਈ ਦਿੱਲੀ ਕਿਉਂ ਨਹੀਂ ਜਾ ਰਹੀਆਂ? ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਮੁੱਖ ਮੰਤਰੀ ਪੰਜਾਬ ਸਰਬ ਪਾਰਟੀ ਮੀਟਿੰਗ ਕਰਕੇ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਇੱਕ ਮੰਚ ਤੇ ਇਕੱਠਾ ਕਰ ਕੇਂਦਰ ਸਰਕਾਰ ਕੋਲ ਪਹੁੰਚ ਕਰਨ।