ਕਿਲ੍ਹਾ ਛੱਡਣ ਦੇ ਦਿਵਸ ਮੌਕੇ ਦਸ਼ਮੇਸ਼ ਪੈਦਲ ਮਾਰਚ ਵਿੱਚ ਸ਼ਾਮਲ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ
- ਵੱਖ ਵੱਖ ਲੰਗਰਾਂ ਵਿੱਚ ਕੀਤੀ ਸੇਵਾ,ਆਮ ਸ਼ਰਧਾਲੂ ਦੀ ਤਰਾਂ ਹੋਏ ਨਤਮਸਤਕ
ਪ੍ਰਮੋਦ ਭਾਰਤੀ
ਸ਼੍ਰੀ ਅਨੰਦਪੁਰ ਸਾਹਿਬ 21 ਦਸੰਬਰ,2024 - ਸਰਬੰਸਦਾਨੀ ਸਾਹਿਬ-ਏ-ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਸਮੇਤ ਬਾਕੀ ਸਿੰਘਾਂ ਵੱਲੋਂ 6-7 ਪੋਹ ਦੀ ਦਰਮਿਆਨੀ ਰਾਤ ਨੂੰ ਕਿਲ੍ਹਾ ਅਨੰਦਗੜ੍ਹ ਸਾਹਿਬ ਛੱਡਣ ਦੇ ਦ੍ਰਿਸ਼ ਨੂੰ ਦਰਸਾਉਂਦੇ ਵਿਸ਼ਾਲ ਦਸ਼ਮੇਸ਼ ਪੈਦਲ ਮਾਰਚ ਵਿੱਚ ਪੰਜਾਬ ਕੈਬਨਿਟ ਮੰਤਰੀ ਸ੍. ਹਰਜੋਤ ਸਿੰਘ ਬੈਂਸ ਅਤੇ ਸਾਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਵੱਖ ਵੱਖ ਥਾਵਾਂ ਤੇ ਲੰਗਰਾਂ ਵਿੱਚ ਸੇਵਾ ਕੀਤੀ। ਉਹ ਤੜਕਸਾਰ ਲਗਭਗ ਸਵੇਰੇ ਤਿੰਨ ਵਜੇ ਆਮ ਸ਼ਰਧਾਲੂ ਦੀ ਤਰਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਅਰਦਾਸ ਵਿੱਚ ਸ਼ਾਮਲ ਹੋਏ।
ਕਿਲ੍ਹਾ ਅਨੰਦਗੜ੍ਹ ਸਾਹਿਬ ਤੋਂ ਅਰੰਭ ਹੋਏ ਦਸ਼ਮੇਸ਼ ਪੈਦਲ ਮਾਰਚ ਦੋਰਾਨ ਵੈਰਾਗਮਈ ਪਲਾਂ ਨੂੰ ਯਾਦ ਕਰਦਿਆਂ ਸੰਗਤਾਂ ਵੱਲੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆ ਸਨ। ਪੌਹ ਦੀ ਭਰੀ ਸਰਦੀ ਵਿੱਚ ਸੰਗਤਾਂ ਅਤੇ ਕੈਬਨਿਟ ਮੰਤਰੀ ਨੰਗੇ ਪੈਰੀਂ ਇਸ ਮਾਰਚ ਵਿੱਚ ਸ਼ਾਮਲ ਹੋਏ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮੋਕੇ ਕਿਹਾ ਕਿ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਤੇ ਜੁਲਮ ਦਾ ਟਾਕਰਾ ਕਰਦਿਆਂ ਆਪਣਾ ਸਰਬੰਸ ਵਾਰ ਦਿੱਤਾ ਸੀ। ਅੱਜ ਸੰਗਤਾਂ ਵੱਡੀ ਗਿਣਤੀ ਵਿੱਚ ਗੁ:ਸੀਸ ਗੰਜ ਸਾਹਿਬ ਵਿਖੇ ਵੀ ਨਤਮਸਤਕ ਹੋ ਰਹੀਆਂ ਹਨ। ਉਨਾਂ ਕਿਹਾ ਕਿ ਕਿਲ੍ਹਾ ਛੱਡਣ ਉਪਰੰਤ ਸਰਸਾ ਨਦੀ ਤੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜ ਗਿਆ। ਗੁਰੂ ਜੀ ਦੇ ਵੱਡੇ ਸਾਹਿਬਜਾਦੇ ਚਮਕੋਰ ਦੀ ਗੜੀ ਵਿੱਚ ਜੰਗ ਲੜਦਿਆਂ ਸ਼ਹੀਦ ਹੋ ਗਏ ਅਤੇ ਛੋਟੇ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਹੋਈ। ਇਨਾਂ ਵੈਰਾਗਮਈ ਦਿਨਾਂ ਦੋਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੋਈ ਜਸ਼ਨ ਨਹੀਂ ਮਨਾਏ ਜਾਂਦੇ ਹਨ।
ਬੈਂਸ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਵਰਗੀ ਮਿਸਾਲ ਕੁੱਲ ਸੰਸਾਰ ਵਿੱਚ ਕੀਤੇ ਵੀ ਨਹੀਂ ਮਿਲਦੀ ਹੈ। ਸਾਨੂੰ ਆਪਣੀ ਨੋਜਵਾਨ ਪੀੜੀ ਤੇ ਬੱਚਿਆਂ ਨੂੰ ਆਪਣੇ ਗੋਰਵਮਈ ਇਤਿਹਾਸ ਤੇ ਸ਼ਹਾਦਤਾਂ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਅਜ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਕਿਲਾ ਅਨੰਦਗੜ੍ਹ ਸਾਹਿਬ ਤੋ ਨਗਰ ਕੀਰਤਨ ਨਾਲ ਤਖਤ ਸ੍ਰੀ ਕੇਸਗੜ ਸਾਹਿਬ ਤਕ ਅਤੇ ਗੁਰਦਵਾਰਾ ਪਰਿਵਾਰ ਵਿਛੋੜਾ ਸਾਹਿਬ ਤਕ ਵਖ ਵਖ ਲੰਗਰਾਂ ਵਿੱਚ ਆਮ ਸੰਗਤ ਨਾਲ ਹਰ ਸਾਲ ਦੀ ਤਰਾਂ ਇਸ ਵਾਰ ਵੀ ਸੇਵਾ ਕਰ ਰਹੇ ਸਨ। ਉਨਾ ਦੇ ਨਾਲ ਸਾਥੀਆ ਵਿੱਚ ਵੀ ਭਾਰੀ ਉਤਸ਼ਾਹ ਸੀ।