Babushahi Special: ਥਾਣਿਆਂ 'ਤੇ ਬੰਬ ਧਮਾਕਿਆਂ ਪਿੱਛੋਂ ਖੌਫ ਤੇ ਤਣਾਅ ਦਾ ਮਹੌਲ ਬਣਨ ਲੱਗਿਆ
ਅਸ਼ੋਕ ਵਰਮਾ
ਚੰਡੀਗੜ੍ਹ,19 ਦਸੰਬਰ 2024: ਪੰਜਾਬ ਪੁਲੀਸ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਵਿੱਚ ਕਾਮਯਾਬ ਹੁੰਦੀ ਨਜ਼ਰ ਨਹੀਂ ਆ ਰਹੀ। ਥਾਣਿਆਂ ’ਤੇ ਗਰਨੇਡ ਹਮਲਿਆਂ ਦੀਆਂ ਘਟਨਾਵਾਂ ਕਾਰਨ ਲੋਕਾਂ ’ਚ ਖੌਫ ਦਾ ਮਹੌਲ ਬਣਨ ਲੱਗਿਆ ਹੈ ਜਿਸ ਵਿੱਚ ਅੱਜ ਗੁਰਦਾਸਪੁਰ ਜਿਲ੍ਹੇ ਦੀ ਇੱਕ ਪੁਲਿਸ ਚੌਂਕੀ ਤੇ ਹਮਲੇ ਕਰਕੇ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਫਿਰੌਤੀਆਂ ਮੰਗਣ, ਲੁੱਟਾਂ ਖੋਹਾਂ ਅਤੇ ਗੈਂਗਸਟਰ ਗਤੀਵਿਧੀਆਂ ਤੇ ਹੋਰ ਅਪਰਾਧਿਕ ਵਾਰਦਾਤਾਂ ਜਾਰੀ ਹਨ, ਜਿਸ ਦੇ ਚਲਦਿਆਂ ਲੋਕਾਂ ਦਾ ਖੌਫ਼ਜ਼ਦਾ ਹੋਣਾ ਕੋਈ ਅਲੋਕਾਰੀ ਗੱਲ ਨਹੀਂ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਅਮਨ ਕਾਨੂੰਨਾਂ ਦੀ ਸਥਿਤੀ ਬਿਹਤਰ ਹੋਣ ਦਾ ਦਾਅਵਾ ਕਰਦੇ ਆ ਰਹੇ ਹਨ ਅਤੇ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ’ਚ ਗਰਨੇਡ ਸੁੱਟਣ ਦੀ ਘਟਨਾ ਉਪਰੰਤ ਮੌਕੇ ਤੇ ਪੁੱਜੇ ਡੀਜੀਪੀ ਗੌਰਵ ਯਾਦਵ ਨੇ ਕਾਨੂੰਨ ਵਿਵਸਥਾ ਕਾਬੂ ਹੇਠ ਹੋਣ ਦੀ ਗੱਲ ਆਖੀ ਹੈ ਫਿਰ ਵੀ ਆਮ ਨਾਗਰਿਕਾਂ ਨੂੰ ਪੰਜਾਬ ਪੁਲਿਸ ਤੇ ਯਕੀਨ ਨਹੀਂ ਬੱਝ ਰਿਹਾ ਹੈ।
ਬੰਬ ਧਮਾਕਿਆਂ ਦੀਆਂ ਅੱਧੀ ਦਰਜਨ ਘਟਨਾਵਾਂ ਨੇ ਪੰਜਾਬ ਪੁਲੀਸ ਦੇ ਕਾਨੂੰਨ ਵਿਵਸਥਾ ਸਬੰਧੀ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਲੋਕ ਆਖਦੇ ਹਨ ਕਿ ਖਾਕੀ ਨੂੰ ਮੁੜ ਲੀਹ ’ਤੇ ਲਿਆਉਣ ਲਈ ਗੰਭੀਰਤਾ ਨਾਲ ਸੋਚਣਾ ਪਵੇਗਾ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਸੱਤਾ ਤਬਦੀਲੀ ਮਗਰੋਂ ਵੀ ਪੁਲੀਸ ਦੇ ਕੰਮਕਾਰ ਵਿੱਚ ਬਦਲਾਅ ਨਹੀਂ ਲਿਆਂਦਾ ਜਾ ਸਕਿਆ ਹੈ। ਰਤਾ ਪਿਛੋਕੜ ’ਚ ਜਾਈਏ ਤਾਂ ਸਾਫ ਨਜ਼ਰ ਆਵੇਗਾ ਕਿ ਅਕਾਲੀ-ਭਾਜਪਾ ਗਠਜੋੜ ਦੇ ਸਾਸ਼ਨ ਦੌਰਾਨ ਕਾਂਗਰਸ ਕਾਨੂੰਨ ਵਿਵਸਥਾ ਦੇ ਲੀਹ ਤੋਂ ਲਹਿਣ ਦੇ ਦੋਸ਼ ਲਾਉਂਦੀ ਸੀ ਪਰ ਸੱਤਾ ਹੱਥ ਆਉਣ ਤੋਂ ਬਾਅਦ ਕਾਂਗਰਸ ਹਕੂਮਤ ਵੀ ਕਾਨੂੰਨ ਵਿਵਸਥਾ ਨੂੰ ਲੀਹ ’ਤੇ ਨਹੀਂ ਲਿਆ ਸਕੀ ਸੀ। ਵੱਡੀ ਗੱਲ ਇਹ ਵੀ ਹੈ ਕਿ ਆਮ ਆਦਮੀ ਪਾਰਟੀ , ਕਾਂਗਰਸ ਅਤੇ ਗਠਜੋੜ ਹਕੂਮਤ ਨੂੰ ਘੇਰਦੀ ਰਹੀ ਹੈ ਤੇ ਹੁਣ ਜਦੋਂ ਸੱਤਾ ‘ਆਪ’ ਦੇ ਹੱਥ ਹੈ ਤਾਂ ਇਸ ਮੁੱਦੇ ’ਤੇ ਵਿਰੋਧੀ ਧਿਰਾਂ ਹਕੂਮਤ ਨੂੰ ਘੇਰਨ ’ਚ ਜੁਟੀਆਂ ਹੋਈਆਂ ਹਨ।
ਇਸ ਤੋਂ ਜਾਹਰ ਹੈ ਕਿ ਪੰਜਾਬ ’ਚ ਉੱਤਰ ਕਾਟੋ ਮੈਂ ਚੜ੍ਹਾਂ ਵਾਲੀ ਖੇਡ੍ਹ ਹੁਣ ਵੀ ਉਵੇਂ ਹੀ ਜਾਰੀ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਪੁਲੀਸ ’ਚ ਜ਼ਿੰਮੇਵਾਰੀ ਅਤੇ ਜਵਾਬਦੇਹੀ ਦੀ ਘਾਟ ਰੜਕਣ ਲੱਗੀ ਹੈ। ਪੁਲੀਸ ਨੇ ਕੁੱਝ ਹਾਈਪ੍ਰੋਫਾਈਲ ਕੇਸਾਂ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਅਤੇ ਗੈਂਗਸਟਰਾਂ ਦੇ ਹੌਸਲੇ ਪਸਤ ਕਰਨ ’ਚ ਆਪਣੀ ਪਿੱਠ ਤਾਂ ਥਾਪੜੀ ਪਰ ਕਾਨੂੰਨ ਦਾ ਰਾਜ ਸਥਾਪਤ ਕਰਨ ਵਿੱਚ ਸਫ਼ਲਤਾ ਹਾਸਲ ਨਹੀਂ ਹੋਈ ਅਤੇ ਨਾਂ ਹੀ ਕਈ ਨਾਮੀ ਗੈਂਗਸਟਰਾਂ ਨੂੰ ਮੁਕਾਬਲਿਆਂ ਦੌਰਾਨ ਮਾਰ ਮੁਕਾਉਣ ਅਤੇ ਵੱਡੀ ਗਿਣਤੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਵੀ ਪੰਜਾਬ ਨੂੰ ‘ਗੈਂਗਸਟਰ ਗਿਰੋਹਾਂ’ ਦੀ ਦਹਿਸ਼ਤ ਤੋਂ ਮੁਕਤ ਕੀਤਾ ਜਾ ਸਕਿਆ। ਆਮ ਲੋਕਾਂ ’ਚ ਹੀ ਗੈਂਗਸਟਰਾਂ ਦਾ ਸਹਿਮ ਨਹੀਂ ਬਣਿਆ ਹੋਇਆ ਸਗੋਂ ਪੁਲੀਸ ਗੈਂਗਸਟਰਾਂ ਤੋਂ ਏਨਾ ਜ਼ਿਆਦਾ ਖੌਫ ਖਾਂਦੀ ਹੈ ਕਿ ਕਈ ਪੁਲੀਸ ਅਫ਼ਸਰਾਂ ਨੂੰ ਬੁਲੇਟ ਪਰੂਫ਼ ਗੱਡੀਆਂ ਦਿੱਤੀਆਂ ਹੋਈਆਂ ਹਨ।
ਸੂਤਰਾਂ ਮੁਤਾਬਕ ਸੂਬੇ ਵਿੱਚ ਗੈਂਗਸਟਰਾਂ ਦੇ ਦੋ ਵੱਡੇ ਗਰੁੱਪ ਮੰਨੇ ਜਾਂਦੇ ਹਨ, ਜਿਨ੍ਹਾਂ ਅਧੀਨ ਅੱਗੇ ਛੋਟੇ ਗਰੁੱਪ ਕੰਮ ਕਰਦੇ ਹਨ। ਨਾਮੀ ਗੈਂਗਸਟਰਾਂ ਵਿੱਚ ਲਾਰੈਂਸ ਬਿਸ਼ਨੋਈ , ਗੋਲਡੀ ਬਰਾੜ, ਬੰਬੀਹਾ ਗਰੁੱਪ, ਅੱਤਵਾਦੀ ਅਰਸ਼ ਡੱਲਾ ਅਤੇ ਹੈਪੀ ਪਸ਼ੀਆ ਆਦਿ ਲਗਾਤਾਰ ਸਰਗਰਮ ਹਨ। ਇਨ੍ਹਾਂ ਤੱਥਾਂ ਤੋਂ ਹਾਲੇ ਵੀ ਪੰਜਾਬ ‘ਗੈਂਗਲੈਂਡ’ ਜਾਪਦਾ ਹੈ। ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ਤੇ ਲਗਾਮ ਲਾਉਣ ਲਈ ਕਈ ਵੱਡੀਆਂ ਕਾਰਵਾਈਆਂ ਦੇ ਬਾਵਜੂਦ ਪੰਜਾਬ ਦੀ ਜਵਾਨੀ ਨੂੰ ਨਰਕ ਦੀ ਭੱਠੀ ਵਿੱਚ ਸੁੱਟਣ ਵਾਲੇ ਨਾਮੀ ਤਸਕਰਾਂ ਤੱਕ ਕਾਨੂੰਨ ਦੇ ਲੰਮੇ ਹੱਥ ਫਿਲਹਾਲ ਨਹੀਂ ਅੱਪੜੇੇ ਹਨ। ਨਸ਼ਿਆਂ ਦੀ ਗ੍ਰਿਫਤ ਵਿੱਚ ਆਏ ਨੌਜਵਾਨਾਂ ਦਾ ਮੌਤ ਦੇ ਮੂੰਹ ’ਚ ਜਾਣਾ ਲਗਾਤਾਰ ਜਾਰੀ ਹੈ। ਉਂਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਗਸਟਰ ਗਿਰੋਹਾਂ ਦੀ ਸਰਗਰਮੀਆਂ ਨੂੰ ਲਗਾਮ ਲਾਉਣ ਅਤੇ ਨਸ਼ਿਆਂ ਦੀ ਤਸਕਰੀ ਰੋਕਣ ਲਈ ਵੱਖ ਵੱਖ ਵਿੰਗ ਬਨਾਉਣ ਨੂੰ ਹੁਣ ਤੱਕ ਦੀ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ।
ਪੁਲਿਸ ਦੇ ਅਧੁਨਿਕੀਕਰਨ ਦੀ ਲੋੜ
ਕਈ ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਜਿਸ ਅਪਰਾਧ ਵਿੱਚ ਮੋਬਾਈਲ ਫੋਨ ਦੀ ਵਰਤੋਂ ਹੋਈ ਹੋਵੇ ਤਾਂ ਅਪਰਾਧੀਆਂ ਦੀ ਪੈੜ ਨੱਪਣੀ ਸੁਖਾਲੀ ਹੁੰਦੀ ਹੈ ਨਹੀਂ ਤਾਂ ਪੁਲੀਸ ਹਨੇਰੇ ’ਚ ਹੱਥ ਮਾਰਦੀ ਰਹਿੰਦੀ ਹੈ। ਪੁਲੀਸ ਅਫ਼ਸਰ ਇਹ ਵੀ ਆਖਦੇ ਹਨ ਕਿ ਭਾਵੇਂ ਪਿਛਲੇ ਸਮੇਂ ਦੌਰਾਨ ਕਾਫੀ ਕੁੱਝ ਹੋਇਆ ਫਿਰ ਵੀ ਪੰਜਾਬ ਪੁਲਿਸ ਨੂੰ ਅਪਰਾਧ ਤੇ ਅਪਰਾਧੀਆਂ ਨਾਲ ਨਜਿੱਠਣ ਲਈ ਸਮੇਂ ਦੇ ਹਾਣੀ ਬਨਾਉਣ ਦੀ ਦਿਸ਼ਾ ’ਚ ਅਹਿਮ ਕਦਮ ਚੁੱਕਣ ਦੀ ਲੋੜ ਹੈ। ਅਧਿਕਾਰੀਆਂ ਦੀ ਦਲੀਲ ਹੈ ਕਿ ਪੁਰਾਣੇ ਢੰਗ ਤਰੀਕੇ ਛੱਡਕੇ ਪੁਲਿਸ ਨੂੰ ਅਧੁਨਿਕ ਲੀਹਾਂ ਤੇ ਤੋਰਨਾ ਹੋਵੇਗਾ ਨਹੀਂ ਤਾਂ ਮੁਕੰਮਲ ਸਫਲਤਾ ਮਿਲਣੀ ਮੁਸ਼ਕਿਲ ਹੈ।
ਅੱਧੀ ਦਰਜਨ ਤੋਂ ਵੱਧ ਧਮਾਕੇ ਹੋਏ
ਥਾਣਿਆਂ ਤੇ ਧਮਾਕੇ ਕਰਨ ਦੀ ਲੜੀ ’ਚ ਗੁਰਦਾਸਪੁਰ ਜਿਲ੍ਹੇ ਤੋਂ ਪਹਿਲਾਂ 17 ਦਸੰਬਰ ਨੂੰ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੇ ਗਰਨੇਡ ਸੁੱਟਿਆ ਗਿਆ। ਲੰਘੀ 27 ਅਕਤੂਬਰ ਨੂੰ ਫਿਰੌਤੀ ਨਾਂ ਦੇਣ ਤੇ ਮਾਨਸਾ ਦੇ ਪੈਟਰੋਲ ਪੰਪ ਤੇ ਗਰਨੇਡ ਹਮਲਾ ਹੋਇਆ ਸੀ। ਇਸੇ ਤਰਾਂ 23 ਨਵੰਬਰ ਨੂੰ ਨਵਾਂ ਸ਼ਹਿਰ ਦੇ ਥਾਣਾ ਅਜਨਾਲਾ ਮੂਹਰੇ ਆਈਈਡੀ ਰੱਖਿਆ ਜੋ ਫਟਿਆ ਨਹੀਂ । ਲੰਘੀ 29 ਨਵੰਬਰ ਨੂੰ ਗੁਰਬਖਸ਼ ਨਗਰ ਪੁਲਿਸ ਚੌਂਕੀ ’ਚ ਬਣਾਏ ਬਣਾਏ ਟਰੈਫਿਕ ਸੈਲ ’ਚ ਅਤੇ 4 ਦਸੰਬਰ ਨੂੰ ਮਜੀਠਾ ਥਾਣੇ ਤੇ ਗਰਨੇਡ ਧਮਾਕਾ ਕੀਤਾ ਗਿਆ। ਇਸੇ ਤਰਾਂ 12 ਦਸੰਬਰ ਨੂੰ ਬਟਾਲਾ ਦੇ ਥਾਣਾ ਘਣੀਏ ਕੇ ਬਾਂਗਰ ’ਚ ਗਰਨੇਡ ਧਮਾਕਾ ਹੋਇਆ। ਚੰਡੀਗੜ੍ਹ ਦੇ ਸੈਕਟਰ 10 ਦੀ ਕੋਠੀ ’ਚ 11 ਸਤੰਬਰ ਨੂੰ ਗਰਨੇਡ ਸੁੱਟਕੇ ਧਮਾਕਾ ਕੀਤਾ ਗਿਆ ਸੀ।