Mohali : DC ਨੇ ਪਾਣੀ ਦੀ ਨਿਕਾਸੀ, ਸੜ੍ਹਕਾਂ ਦੀ ਮੁਰੰਮਤ, ਸਕੂਲਾਂ ਦੀ ਤਿਆਰੀ ਅਤੇ ਨੁਕਸਾਨ ਦੇ ਮੁਲਾਂਕਣ ਦੀ ਪ੍ਰਕਿਰਿਆ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਸਤੰਬਰ:
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਨਗਰ ਕੌਂਸਲਾਂ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਖੜ੍ਹੇ ਪਾਣੀ ਦੀ ਨਿਕਾਸੀ ਲਈ ਯਤਨ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਨੂੰ ਤੁਰੰਤ ਰਾਹਤ ਮਿਲ ਸਕੇ।
ਉਨ੍ਹਾਂ ਅੱਗੇ ਕਿਹਾ ਕਿ ਡੇਰਾਬੱਸੀ ਵਿੱਚ ਘੱਗਰ ਨਦੀ 'ਤੇ ਮੁਬਾਰਕਪੁਰ ਕਾਜ਼ਵੇਅ - ਜੋ ਕਿ ਜ਼ੀਰਕਪੁਰ ਨਾਲ ਜੁੜਨ ਵਾਲਾ ਇੱਕ ਪ੍ਰਮੁੱਖ ਲਿੰਕ ਵੀ ਹੈ - ਦੀ ਸਫਾਈ ਪੂਰੇ ਜ਼ੋਰਾਂ 'ਤੇ ਹੈ। ਸਥਾਨਕ ਨਗਰ ਕੌਂਸਲ ਦੀਆਂ ਟੀਮਾਂ ਸਫਾਈ ਕਾਰਜਾਂ ਦੇ ਨਾਲ-ਨਾਲ ਕਾਜ਼ਵੇਅ ਦੀਆਂ ਪਹੁੰਚ ਸੜਕਾਂ ਦੀ ਮੁਰੰਮਤ ਵਿੱਚ ਸਰਗਰਮੀ ਨਾਲ ਰੁੱਝੀਆਂ ਹੋਈਆਂ ਹਨ ਤਾਂ ਜੋ ਸੁਚਾਰੂ ਸੰਪਰਕ ਨੂੰ ਯਕੀਨੀ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ, ਭਗਤ ਮਾਜਰਾ ਅਤੇ ਪਲਹੇੜੀ ਵਿਚਕਾਰ ਇਕੱਠੇ ਹੋਏ ਪਾਣੀ ਦੀ ਨਿਕਾਸੀ ਲਈ ਯਤਨ ਜਾਰੀ ਹਨ। ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਦੀ ਨਿਕਾਸੀ ਅਤੇ ਆਮ ਸਥਿਤੀ ਨੂੰ ਬਹਾਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਲੋੜੀਂਦੀ ਮਸ਼ੀਨਰੀ ਅਤੇ ਮਾਨਵੀ ਸ਼ਕਤੀ ਤਾਇਨਾਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਭਰ ਵਿੱਚ ਸੜ੍ਹਕੀ ਸੰਪਰਕ ਦੀ ਸਮੇਂ ਸਿਰ ਬਹਾਲੀ 'ਤੇ ਵੀ ਜ਼ੋਰ ਦਿੱਤਾ। ਵਾਹਨਾਂ ਦੀ ਸੁਚਾਰੂ ਆਵਾਜਾਈ ਅਤੇ ਜਨਤਕ ਅਸੁਵਿਧਾ ਨੂੰ ਘੱਟ ਕਰਨ ਲਈ ਟੋਇਆਂ ਅਤੇ ਨੁਕਸਾਨੇ ਗਏ ਹਿੱਸਿਆਂ ਦੀ ਮੁਰੰਮਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸ ਤੋਂ ਇਲਾਵਾ, ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰੀ ਸਕੂਲ ਦੇ ਅਹਾਤੇ ਨੂੰ ਜਲਦੀ ਤੋਂ ਜਲਦੀ ਸਾਫ਼ ਕਰਨ ਤਾਂ ਜੋ ਮੰਗਲਵਾਰ ਤੋਂ ਆਮ ਸਿੱਖਿਆ ਗਤੀਵਿਧੀਆਂ ਮੁੜ ਸ਼ੁਰੂ ਕੀਤੀਆਂ ਜਾ ਸਕਣ।
ਇਸ ਤੋਂ ਇਲਾਵਾ, ਫਸਲਾਂ, ਪਸ਼ੂਆਂ ਅਤੇ ਘਰਾਂ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਅਤੇ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਹੀ ਮੁਆਵਜ਼ਾ ਵੰਡਿਆ ਜਾਵੇਗਾ।
ਉਨ੍ਹਾਂ ਦੁਹਰਾਇਆ ਕਿ ਪ੍ਰਸ਼ਾਸਨ ਹੜ੍ਹ ਤੋਂ ਬਾਅਦ ਦੀਆਂ ਚੁਣੌਤੀਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਲੋਕਾਂ ਨੂੰ, ਸਥਿਤੀ ਆਮ ਹੋਣ ਤੱਕ ਨਿਰੰਤਰ ਨਿਗਰਾਨੀ ਰੱਖਣ ਦਾ ਭਰੋਸਾ ਦਿੱਤਾ।