Canada: ਸਰੀ ਫਲੀਟਵੁੱਡ-ਪੋਰਟ ਕੈਲਸ ਤੋਂ ਕੰਸਰਵੇਟਿਵ ਉਮੀਦਵਾਰ ਸੁਖ ਪੰਧੇਰ ਵੱਲੋਂ ਵੋਟਰਾਂ ਨਾਲ ਨੁੱਕੜ ਮੀਟਿੰਗਾਂ
ਹਰਦਮ ਮਾਨ
ਸਰੀ, 24 ਅਪ੍ਰੈਲ 2025--ਸਰੀ ਫਲੀਟਵੁੱਡ- ਪੋਰਟ ਕੈਲਸ ਤੋਂ ਕੰਸਰਵੇਟਿਵ ਉਮੀਦਵਾਰ ਸੁਖ ਪੰਧੇਰ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ ਵੋਟਰਾਂ ਨਾਲ ਘਰ ਘਰ ਜਾ ਕੇ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਨੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਆਪਣੀ ਚੋਣ ਮੁਹਿੰਮ ਬਾਰੇ ਉਹਨਾਂ ਦੱਸਿਆ ਕਿ ਹਲਕੇ ਵਿਚ ਕੰਸਰਵੇਟਿਵ ਮੁਹਿੰਮ ਨੂੰ ਭਰਵਾਂ ਹੁ੍ੰਗਾਰਾ ਮਿਲ ਰਿਹਾ ਹੈ। ਲੋਕ ਕੰਸਰਵੇਟਿਵ ਆਗੂ ਪੀਅਰ ਪੋਲੀਵਰ ਅਤੇ ਪਾਰਟੀ ਨੀਤੀਆਂ ਦਾ ਭਰਪੂਰ ਸਮਰਥਨ ਕਰ ਰਹੇ ਹਨ। ਏਜੰਸੀਆਂ ਦੇ ਚੋਣ ਸਰਵੇਖਣਾਂ ਵਿਚ ਲਿਬਰਲ ਨੂੰ ਉਪਰ ਵਿਖਾਏ ਜਾਣ ਦੇ ਸਵਾਲ ‘ਤੇ ਉਹਨਾਂ ਕਿਹਾ ਕਿ ਜ਼ਮੀਨੀ ਪੱਧਰ ‘ਤੇ ਹਕੀਕਤ ਹੋਰ ਹੈ। ਡੋਰ ਨਾਕਿੰਗ ਦੌਰਾਨ ਅਤੇ ਪਾਰਟੀ ਪ੍ਰੋਗਰਾਮਾਂ ਦੌਰਾਨ ਲੋਕਾਂ ਦਾ ਉਤਸ਼ਾਹ ਅਤੇ ਸਮੱਰਥਨ ਇਕ ਤਬਦੀਲੀ ਦਾ ਸੰਕੇਤ ਹੈ। ਲੋਕ ਲਿਬਰਲ ਸਰਕਾਰ ਦੀਆਂ 10 ਸਾਲ ਦੀਆਂ ਗਲਤ ਨੀਤੀਆਂ ਅਤੇ ਕੁਸ਼ਾਸਨ ਤੋਂ ਬਹੁਤ ਅੱਕੇ ਹੋਏ ਹਨ। ਹੁਣ ਉਹਨਾਂ ਕੋਲ ਇਕ ਮੌਕਾ ਹੈ ਤੇ ਉਹ ਇਹ ਮੌਕਾ ਕਦੇ ਵੀ ਗਵਾਉਣਾ ਨਹੀ ਚਾਹੁੰਦੇ।
ਸੁਖ ਪੰਧੇਰ ਨੇ ਦਾਅਵਾ ਕੀਤਾ ਕਿ ਪੀਅਰ ਪੋਲੀਵਰ ਦੀ ਅਗਵਾਈ ਹੇਠ ਕੰਸਰਵੇਟਿਵ ਨਵੀਂ ਸਰਕਾਰ ਬਣਾਉਣਗੇ ਅਤੇ ਇਹ ਸਰਕਾਰ ਕੈਨੇਡੀਅਨ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਦੇ ਨਾਲ ਨਾਲ ਕੈਨੇਡਾ ਨੂੰ ਮਜ਼ਬੂਤ ਤੇ ਵਿਕਾਸ ਮੁਖੀ ਆਰਥਿਕਤਾ ਪ੍ਰਦਾਨ ਕਰੇਗੀ। ਇਸ ਮੌਕੇ ਉਹਨਾਂ ਨਾਲ ਉੱਘੇ ਕਬੱਡੀ ਪ੍ਰੋਮੋਟਰ ਇੰਦਰਜੀਤ ਰੂਮੀ, ਦਿਲਬਾਗ ਸਿੰਘ ਗਰੇਵਾਲ ਤੇ ਹੋਰ ਕਈ ਸਮੱਰਥਕ ਹਾਜ਼ਰ ਸਨ।