Babushahi Special ਡੀਐਸਪੀ ਭੁੱਚੋ ਦੇ ਰੀਡਰ ਦਾ ਮਾਮਲਾ :ਮੇਰੇ ਯਾਰ ਨੂੰ ਮੰਦਾ ਨਾਂ ਬੋਲੀਂ ਮੇਰੀ ਭਾਵੇਂ ਜਿੰਦ ਕੱਢ ਲੈ
ਅਸ਼ੋਕ ਵਰਮਾ
ਬਠਿੰਡਾ,8ਅਗਸਤ 2025:ਰਿਸ਼ਵਤ ਲੈਣ ਦੇ ਮਾਮਲੇ ’ਚ ਦੂਸਰੀ ਵਾਰ ਨਾਮਜ਼ਦ ਰੀਡਰ ਰਾਜਕੁਮਾਰ ਦੇ ਮਾਮਲੇ ’ਚ ਡੀਐਸਪੀ ਭੁੱਚੋ ਨੂੰ ਕਥਿਤ ਤੌਰ ਤੇ ਬਚਾਉਣ ਲਈ ਪੂਰਾ ਪੁਲਿਸ ਵਿਭਾਗ ਇੱਕ ਮੋਰੀ ਨਿਕਲ ਗਿਆ ਹੈ। ਇਸ ਸਬੰਧ ’ਚ ਸਾਹਮਣੇ ਆਏ ਤੱਥਾਂ ਨੂੰ ਗਹੁ ਨਾਲ ਵਾਚੀਏ ਤਾਂ ਪਤਾ ਲੱਗਦਾ ਹੈ ਕਿ ਕੋਈ ਅਧਿਕਾਰੀ ਸ਼ਕਾਇਤਕਰਤਾ ਦਰਸ਼ਨ ਸਿੰਘ ਨੂੰ ਫੋਨ ਕਰਕੇ ਧਮਕਾ ਰਿਹਾ ਹੈ ਜਦੋਂਕਿ ਕਿਸੇ ਵੱਲੋਂ ਉਸ ਖਿਲਾਫ ਸ਼ਿਕਾਇਤ ਆਉਣ ਸਬੰਧੀ ਕਹਿਕੇ ਥਾਣੇ ਆਉਣ ਦੀ ਗੱਲ ਆਖੀ ਜਾ ਰਹੀ ਹੈ। ਪੁਲਿਸ ਨੇ ਸ਼ਕਾਇਤਕਰਤਾ ਨੂੰ ਥਾਣੇ ਸੱਦਿਆ ਅਤੇ ਉਸ ਦਾ ਮੋਬਾਇਲ ਕਬਜੇ ’ਚ ਲੈਕੇ ਤੋੜ ਦਿੱਤਾ ਤੇ ਸ਼ਕਾਇਤਕਰਤਾ ਤੋਂ ਹੀ ਉਸ ਦੇ ਫੋਨ ਨੂੰ ਅੱਗ ਲੁਆ ਦਿੱਤੀ। ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਪੁਲਿਸ ਨੇ ਸ਼ਕਾਇਤਕਰਤਾ ਦੀ ਬਾਂਹ ਮਰੋੜਨ ਦੇ ਮੰਤਵ ਨਾਲ ਇੱਕ ਔਰਤ ਤੋਂ ਦਰਖਾਸਤ ਵੀ ਲੈ ਲਈ ਤਾਂਜੋ ਮੁਕੱਦਮਾ ਦਰਜ ਕਰਨ ਦਾ ਡਰਾਵਾ ਦਿੱਤਾ ਜਾ ਸਕੇ।
ਸ਼ਕਾਇਤਕਰਤਾ ਦਰਸ਼ਨ ਸਿੰਘ ਨੇ ਆਪਣੇ ਨਾਲ ਵਰਤਿਆ ਵਰਤਾਰਾ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਕੋਲ ਬਿਆਨ ਕੀਤਾ ਅਤੇ ਮੀਡੀਆ ਨੂੰ ਵੀ ਪੁਲਿਸ ਦੀ ਕਾਰਗੁਜ਼ਾਰੀ ਦੱਸੀ। ਉਸ ਨੇ ਕਿਹਾ ਕਿ ਡੀਐਸਪੀ ਭੁੱਚੋ ਨੇ ਸ਼ਕਾਇਤ ਵਾਪਿਸ ਲੈਣ ਲਈ ਉਸ ਨੂੰ ਪੈਸਿਆਂ ਦਾ ਲਾਲਚ ਦਿੱਤਾ ਤੇ ਖਾਲੀ ਅਸਟਾਮਾਂ ਤੇ ਦਸਤਖਤ ਲਈ ਦਬਾਅ ਪਾਇਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਐਸਐਸਪੀ ਨੇ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਮੀਡੀਆ ਸਾਹਮਣੇ ਖੁਲਾਸਾ ਕਰਦਿਆਂ ਦਰਸ਼ਨ ਸਿੰਘ ਨੇ ਦਾਅਵਾ ਕੀਤਾ ਕਿ ਵਿਜੀਲੈਂਸ ਕੋਲ ਦਰਜ ਕਰਵਾਏ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਉਸ ਕੋਲ ਅਹਿਮ ਸੂਬਤ ਵਜੋਂ ਆਡੀਓ ਹੈ ਜਿਸ ਵਿੱਚ ਬੋਲਣ ਵਾਲਾ ਵਿਅਕਤੀ ਡੀਐਸਪੀ ਭੁੱਚੋ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਹਾਲਾਂਕਿ ਜਾਂਚ ਤੋਂ ਬਿਨਾਂ ਆਡੀਓ ਦੇ ਸਹੀ ਹੋਣ ਦੀ ਪੁਸ਼ਟੀ ਕਰਨੀ ਮੁਸ਼ਕਲ ਹੈ ਪਰ ਦਰਸ਼ਨ ਸਿੰਘ ਨੇ ਮੀਡੀਆ ਕੋਲ ਕਈ ਆਡੀਓ ਜਾਰੀ ਕੀਤੀਆਂ ਜਿੰਨ੍ਹਾਂ ਦੇ ਸਹੀ ਹੋਣ ਦਾ ਦਾਅਵਾ ਕੀਤਾ ਹੈ।
ਉਹ ਦੱਸਦਾ ਹੈ ਕਿ ਕੁੱਝ ਦਿਨ ਪਹਿਲਾਂ ਉਸ ਨੂੰ ਪੁਲਿਸ ਚੌਂਕੀ ਗੋਨਿਆਣਾ ਸੱਦਿਆ ਜਿੱਥੇ ਪਹਿਲਾਂ ਉਸ ਦਾ ਫੋਨ ਤੋੜਿਆ ਗਿਆ ਅਤੇ ਫਿਰ ਪੈਟਰੋਲ ਮੰਗਵਾਕੇ ਦਿੱਤਾ ਤੇ ਕਿਹਾ ਕਿ ਉਹ ਪੁਲਿਸ ਦੀ ਹਾਜ਼ਰੀ ’ਚ ਮੋਬਾਇਲ ਨੂੰ ਅੱਗ ਲਾਏ ਤਾਂ ਉਸ ਨੂੰ ਇਹ ਕਰਨਾ ਪਿਆ। ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਦਰਸ਼ਨ ਸਿੰਘ ਅੱਗ ਲਾਗੇ ਬੈਠਾ ਦਿਖਾਈ ਦਿੰਦਾ ਹੈ। ਉਹ ਦੱਸਦਾ ਹੈ ਕਿ ਪੁਲਿਸ ਨੂੰ ਲੱਗਿਆ ਕਿ ਜਿਸ ਮੋਬਾਇਲ ਫੋਨ ਨੂੰ ਸਾੜਿਆ ਹੈ ਉਸ ਵਿੱਚ ਇਸ ਕੇਸ ਸਬੰਧੀ ਸਬੂਤ ਹਨ ਜਦੋਂਕਿ ਜਾਣ ਮੌਕੇ ਉਹ ਦੂਸਰਾ ਮੋਬਾਇਲ ਆਪਣੇ ਨਾਲ ਲੈ ਗਿਆ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਨਾਲ ਠੱਗੀ ਮਾਰਨ ਵਾਲੀ ਔਰਤ ਤੋਂ ਸ਼ਕਾਇਤ ਲੈਕੇ ਥਾਣਾ ਕੈਂਟ ਦੇ ਏਐਸਆਈ ਤੇ ਐਸਐਚਓ ਨੇ ਫੋਨ ’ਤੇ ਕਾਰਵਾਈ ਕਰਨ ਦੀ ਧਮਕੀ ਦਿੱਤੀ ਸੀ ਜਦੋਂਕਿ ਇਸ ਸਬੰਧ ਵਿੱਚ ਕਰਵਾਈ ਜਾਂਚ ਦੌਰਾਨ ਦੋਸ਼ ਝੂਠੇ ਨਿਕਲੇ ਹਨ।
ਦਰਸ਼ਨ ਸਿੰਘ ਨੇ ਦੱਸਿਆ ਕਿ ਡੀਐਸਪੀ ਸਿਟੀ ਟੂ ਨੇ ਵੀ ਉਸੇ ਔਰਤ ਵੱਲੋਂ ਦਿੱਤੀ ਸ਼ਕਾਇਤ ਨੂੰ ਮੋਹਰਾ ਬਣਾਕੇ ਮੇਰੇ ਤੇ ਦਬਾਅ ਪਾਇਆ ਹੈ। ਉਸ ਨੇ ਦਾਅਵੇ ਨਾਲ ਕਿਹਾ ਕਿ ਪੁਲਿਸ ਇਸ ਕੇਸ ਨਾਲ ਸਬੰਧਤ ਸਬੂਤ ਮਿਟਾਉਣਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਦਰਸ਼ਨ ਸਿੰਘ ਵਾਸੀ ਗੋਨਿਆਣਾ ਨੇ ਐਂਟੀ ਕੁਰਪਸ਼ਨ ਹੈਲਪਲਾਈਨ ਤੇ ਸ਼ਕਾਇਤ ਦਰਜ ਕਰਵਾਈ ਸੀ। ਸ਼ਕਾਇਤ ’ਚ ਕਿਹਾ ਸੀ ਕਿ ਉਸ ਨੇ ਐਸਐਸਪੀ ਬਠਿੰਡਾ ਨੂੰ ਇੱਕ ਸ਼ਕਾਇਤ ਦਿੱਤੀ ਸੀ ਜਿਸ ਦੀ ਜਾਂਚ ਡੀਐਸਪੀ ਭੁੱਚੋ ਵੱਲੋਂ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦਾ ਨਤੀਜਾ ਉਸਦੇ ਹੱਕ ਵਿੱਚ ਕਰਨ ਲਈ ਡੀਐਸਪੀ ਭੁੱਚੋ ਦੇ ਰੀਡਰ ਰਾਜਕੁਮਾਰ ਨੇ ਪੁਲਿਸ ਦੇ ਇੱਕ ਹੌਲਦਾਰ ਦੇ ਸਾਹਮਣੇ ਕਥਿਤ ਰਿਸ਼ਵਤ ਮੰਗੀ ਸੀ। ਵਿਜੀਲੈਂਸ ਬਿਊਰੋ ਬਠਿੰਡਾ ਨੇ ਦਰਸ਼ਨ ਸਿੰਘ ਦੇ ਬਿਆਨ ਲੈਣ ਤੋਂ ਬਾਅਦ ਲੰਘੀ 17 ਜੁਲਾਈ ਨੂੰ ਰੀਡਰ ਰਾਜ ਕੁਮਾਰ ਖਿਲਾਫ ਭ੍ਰਿਸ਼ਟਚਾਰ ਦਾ ਮੁਕੱਦਮਾ ਦਰਜ ਕੀਤਾ ਸੀ।
ਐਸਐਸਪੀ ਵੱਲੋਂ ਜਾਂਚ ਦੇ ਆਦੇਸ਼
ਐਸਪੀ ਸਿਟੀ ਨਰਿੰਦਰ ਸਿੰਘ ਦਾ ਕਹਿਣਾ ਸੀ ਕਿ ਜਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਦਰਸ਼ਨ ਸਿੰਘ ਵੱਲੋਂ ਪੁਲਿਸ ਚੌਂਕੀ ਗੋਨਿਆਣਾ ,ਥਾਣਾ ਕੈਂਟ ਦੇ ਮੁਲਾਜਮਾਂ ਅਤੇ ਡੀਐਸਪੀ ਸਿਟੀ ਟੂ ਤੇ ਲਾਏ ਦੋਸ਼ਾਂ ਦੀ ਜਾਂਚ ਲਈ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਇੱਕ ਔਰਤ ਵੱਲੋਂ ਦਰਸ਼ਨ ਸਿੰਘ ਖਿਲਾਫ ਦਿੱਤੀ ਸ਼ਕਾਇਤ ਵਿੱਚ ਵੀ ਕੁੱਝ ਸਾਹਮਣੇ ਨਹੀਂ ਆਇਆ ਹੈ ਜਿਸ ਕਰਕੇ ਉਹ ਦਾਖਲ ਦਫਤਰ ਕਰ ਦਿੱਤੀ ਗਈ ਹੈ।
ਲਗਾਤਾਰ ਵਿਵਾਦਾਂ ’ਚ ਬਠਿੰਡਾ ਪੁਲਿਸ
ਬਠਿੰਡਾ ਪੁਲਿਸ ਲਗਾਤਾਰ ਵਿਵਾਦਾਂ ’ਚ ਘਿਰਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਸੀਆਈਏ ਵਨ ਪੁਲਿਸ ਦੀ ਹਿਰਾਸਤ ’ਚ ਭਿੰਦਰ ਸਿੰਘ ਦੀ ਤਸੀਹੇ ਦੇਣ ਕਾਰਨ ਹੋਈ ਮੌਤ ਦਾ ਮਾਮਲਾ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਜੋ ਹੁਣ ਅਦਾਲਤ ਦੇ ਸਾਹਮਣੇ ਹੈ। ਇਸੇ ਤਰਾਂ ਵੀ ਹੀ ਸੀਆਈਏ ਸਟਾਫ ਟੂ ਦੀ ਹਿਰਾਸਤ ’ਚ ਗੋਨਿਆਣਾ ਦੇ ਨਰਿੰਦਰਦੀਪ ਸਿੰਘ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਦਾ ਮਾਮਲਾ ਵੀ ਭਖਿਆ ਸੀ। ਕੁੱਝ ਦਿਨ ਪਹਿਲਾਂ ਇੱਕ ਅਧਿਆਪਕਾ ਨੂੰ ਸਕੂਲ ’ਚ ਨਜ਼ਰਬੰਦ ਕਰਨ ਕਰਕੇ ਵੀ ਬਠਿੰਡਾ ਪੁਲਿਸ ਵਿਵਾਦਾਂ ’ਚ ਉਲਝੀ ਜਦੋਂਕਿ ਪੁਲਿਸ ਦੇ ਦੋ ਸਿਪਾਹੀਆਂ ਵੱਲੋਂ ਵੀ ਛੁੱਟੀ ਲੈਣ ਲਈ ਫਰਜੀ ਸੰਮਨ ਤਿਆਰ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ।