Babushahi Special: ਸਧਾਰਨ ਬੋਲੀ ‘ਮੁਤਰ ਮੁਤਰ’ ਨੇ ਪੁਆਇਆ ਸਰਕਾਰ ਤੇ ਕਿਸਾਨਾਂ ’ਚ ਪੁਆੜਾ
ਅਸ਼ੋਕ ਵਰਮਾ
ਬਠਿੰਡਾ, 4 ਮਾਰਚ2025: ਪੰਜਾਬੀ ਸਮਾਜ ’ਚ ਅਕਸਰ ਹੀ ਬੋਲੇ ਜਾਂਦੇ ‘ਕੀ ਮੁਤਰ ਮੁਤਰ ਝਾਕਦੇਂ’ ਸ਼ਬਦ ਬੋਲਣ ਤੇ ਮੁੱਖ ਮੰਤਰੀ ਪੰਜਾਬ ਤੇ ਕਿਸਾਨ ਆਗੂਆਂ ਵਿਚਕਾਰ ਬਣੇ ਤਲਖ ਮਹੌਲ ਨੇ ਚੰਡੀਗੜ੍ਹ ਮੋਰਚੇ ਤੋਂ ਪਹਿਲਾਂ ਕਿਸਾਨ ਧਿਰਾਂ ਅਤੇ ਪੰਜਾਬ ਸਰਕਾਰ ਵਿਚਕਾਰ ਨਵਾਂ ਪਆੜਾ ਪਾ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨੇ 5 ਮਾਰਚ ਦੇ ਧਰਨੇ ਦੇ ਸੱਦੇ ਮਗਰੋਂ ਮੁੱਖ ਮੰਤਰੀ ਵੱਲੋਂ ਸੱਦੀ ਮੀਟਿੰਗ ਨੂੰ ਦੇਖਦਿਆਂ ਉਮੀਦ ਸੀ ਕਿ ਦੋਵਾਂ ਧਿਰਾਂ ਸਹਿਮਤੀ ਨਾਲ ਕੋਈ ਹੱਲ ਕੱਢ ਲੈਣਗੀਆਂ ਪਰ ਸਧਾਰਨ ਜਿਹੀ ਗੱਲ ਟਕਰਾਅ ਦਾ ਰੂਪ ਧਾਰਨ ਕਰ ਜਾਏਗੀ ਕਿਸੇ ਨੇ ਸੋਚਿਆ ਵੀ ਨਹੀਂ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਿਸਾਨ ਆਗੂਆਂ ਨੂੰ ਘਰਾਂ ’ਚ ਨਜ਼ਰਬੰਦ ਕਰਨ ਜਾਂ ਹਿਰਾਸਤ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਪੁਲਿਸ ਕਾਰਵਾਈ ਤੋਂ ਭੜਕੇ ਕਿਸਾਨਾਂ ਨੇ ਚੰਡੀਗੜ੍ਹ ਵਿੱਚ ਲੱਗਣ ਵਾਲੇ ਕਿਸਾਨ ਮੋਰਚੇ ਲਈ ਕਮਰਕਸੇ ਕਸ ਲਏ ਹਨ।
ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਕੂਮਤ ਉਨ੍ਹਾਂ ਦਾ ਜੁੱਸਾ ਪਰਖਣਾ ਚਾਹੁੰਦੀ ਹੈ ਤਾਂ ਉਹ ਵੀ ਆਪਣੀਆਂ ਮੰਗਾਂ ਖਾਤਰ ਹਰ ਪ੍ਰੀਖਿਆ ਦੇਣ ਲਈ ਤਿਆਰ ਬਰ ਤਿਆਰ ਹੋਕੇ ਨਿੱਤਰਨ ਲੱਗੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਚੰਡੀਗੜ੍ਹ ’ਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾਣ ਵਾਲੇ ਧਰਨੇ ਨੂੰ ਨਾਕਾਮ ਕਰਨ ਲਈ ਪੰਜਾਬ ਪੁਲਿਸ ਨੇ ਕਿਲਾਬੰਦੀ ਸ਼ੁਰੂ ਕਰ ਦਿੱਤੀ ਹੈ। ਕਿਸਾਨ ਆਗੂਆਂ ਨੇ ਹਰ ਹੀਲੇ ਚੰਡੀਗੜ੍ਹ ਪੁੱਜਣ ਦਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਕਿਸਾਨ ਧਿਰਾਂ ਤੇ ਪੁਲਿਸ ’ਚ ਟਾਕਰੇ ਵਾਲਾ ਮਹੌਲ ਬਣਨ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਧਰਨੇ ਕਾਰਨ ਹਰ ਜਿਲ੍ਹੇ ’ਚ ਪੁਲੀਸ ਮੁਲਾਜ਼ਮਾਂ ਦੀ ਵੱਡੀ ਤਾਇਨਾਤੀ ਕਰਨ ਲਈ ਕਿਹਾ ਹੈ। ਪੁਲਿਸ ਨੂੰ ਝਕਾਨੀ ਦੇਣ ਵਾਲੇ ਆਗੂਆਂ ਨੇ ਦੱਸਿਆ ਕਿ ਪੁਲਿਸ ਨੇ ਕਿਸਾਨਾਂ ਦੇ ਕਾਫਲਿਆਂ ਨੂੰ ਰੋਕਣ ਲਈ ਵੱਖ ਵੱਖ ਥਾਵਾਂ ਤੇ ਪਹਿਰਾ ਸਖਤ ਕਰਨਾ ਸ਼ੁਰੂ ਕੀਤਾ ਹੋਇਆ ਹੈ ਪਰ ਉਹ ਹਰ ਹੀਲੇ ਅੱਗੇ ਵਧਣਗੇ।
ਕਿਸਾਨ ਲਹਿਰਾਂ ਦਾ ਗੜ੍ਹ ਹੋਣ ਕਰਕੇ ਬਠਿੰਡਾ , ਮਾਨਸਾ,ਸੰਗਰੂਰ,ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਫਾਜ਼ਿਲਕਾ ਜਿਲ੍ਹੇ ਨੂੰ ਇਸ ਪੱਖ ਤੋਂ ਨਾਜ਼ੁਕ ਐਲਾਨਿਆ ਗਿਆ ਹੈ। ਵੱਡੀਆਂ ਕਿਸਾਨ ਧਿਰਾਂ ਦਾ ਖਿੱਤਾ ਹੋਣ ਕਰਕੇ ਪੁਲੀਸ ਨੂੰ ਇੰਨ੍ਹਾਂ ਜਿਲਿ੍ਹਆਂ ਵਿੱਚ ਆਮ ਨਾਲੋਂ ਜਿਆਦਾ ਚੌਕਸੀ ਵਰਤਣ ਲਈ ਕਿਹਾ ਹੈ। ਮਹੱਤਵਪੂਰਨ ਤੱਥ ਹੈ ਕਿ ਪੰਜਾਬ ਸਰਕਾਰ ਦਾ ਖੁਫੀਆ ਤੰਤਰ ਵੀ ਸੂਹ ਲੈਣ ਵਿਚ ਲੱਗਾ ਹੋਇਆ ਹੈ ਪਰ ਬਹੁਤੇ ਆਗੂ ਪੁਲਿਸ ਨਾਲ ਤੂੰ ਡਾਲ ਡਾਲ ਮੈਂ ਪਾਤ ਪਾਤ ਖੇਡ੍ਹਣ ’ਚ ਲੱਗੇ ਹੋਏ ਹਨ। ਫਾਜਿਲਕਾ ਜਿਲ੍ਹੇ ਦੇ ਕਿਸਾਨ ਆਗੂ ਗੁਰਭੇਜ ਸਿੰਘ ਰੋਹੀ ਵਾਲਾ ਆਖਦੇ ਹਨ ਕਿ ਜੇਕਰ ਸਰਕਾਰ ਇਹ ਸਮਝਦੀ ਹੈ ਕਿ ਪੁਲਿਸ ਦੇ ਜੋਰ ਤੇ ਕਿਸਾਨਾਂ ਨੂੰ ਦਬਾ ਲਏਗੀ ਤਾਂ ਇਹ ਉਸਦੀ ਭੁੱਲ ਹੈ । ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਨਾਲੋਂ ਵੀ ਤਿੱਗਣੀ ਤਾਕਤ ਨਾਲ ਹਕੂਮਤੀ ਜਬਰ ਦਾ ਵਿਰੋਧ ਕਰਨਗੇ ਜਿਸ ਵਿੱਚ ਸਭ ਤੋਂ ਵੱਡਾ ਯੋਗਦਾਨ ਔਰਤਾਂ ਪਾਉਣ ਜਾ ਰਹੀਆਂ ਹਨ ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨੀ ਰੋਹ ਕਾਰਨ ਮੋਦੀ ਸਰਕਾਰ ਤਿੰਨ ਖੇਤੀ ਕਾਨੂੰਨ ਵਾਪਿਸ ਲੈਣ ਲਈ ਮਜਬੂਰ ਹੋਈ ਸੀ ਇਸ ਲਈ ਪੰਜਾਬ ਸਰਕਾਰ ਵਕਤ ਦੀ ਨਜ਼ਾਕਤ ਪਛਾਣੇ ਅਤੇ ਕਿਸਾਨੀ ਮੰਗਾਂ ਮੰਨੇ ਨਹੀਂ ਤਾਂ ਹਕੂਮਤ ਨੂੰ ਲੋਕ ਰੋਹ ਦੇ ਝੱਖੜ ਦਾ ਸਾਹਮਣਾ ਕਰਨਾ ਪਵੇਗਾ। ਅੱਜ ਵੀ ਕਈ ਥਾਵਾਂ ਤੇ ਕਿਸਾਨ ਆਗੂਆਂ ਅਤੇ ਵੱਖ ਵੱਖ ਪਿੰਡਾਂ ਨਾਲ ਸਬੰਧਤ ਕਿਸਾਨਾਂ ਨਾਲ ਇਸ ਸਬੰਧ ’ਚ ਜਾਇਜਾ ਲੈਣ ਲਈ ਗੱਲਬਾਤ ਕੀਤੀ ਤਾਂ ਸਾਹਮਣੇ ਆਇਆ ਹੈ ਕਿ ਕਿਸਾਨ ਜੱਥੇਬੰਦੀਆਂ ਮੋਰਚਾ ਸ਼ੁਰੂ ਹੀ ਤਿੱਖੇ ਰੌਂਅ ’ਚ ਭਖਾਉਣ ਦੀ ਤਿਆਰੀ ਵਿੱਚ ਹਨ ਜੋ ਪੰਜਾਬ ਪੁਲਿਸ ਅਤੇ ਯੂਟੀ ਪ੍ਰਸ਼ਾਸ਼ਨ ਦੇ ਫਿਕਰ ਵਧਾਉਣ ਵਾਲੀ ਗੱਲ ਹੈ। ਚੰਡੀਗੜ੍ਹ ਪ੍ਰਸ਼ਾਸ਼ਨ ਸਖਤ ਸੁਰੱਖਿਆ ਕਰਨ ਦੇ ਦਾਅਵਿਆਂ ਦੀ ਜਿੰਨੀ ਮਰਜੀ ਪੰਡ ਬੰਨ੍ਹੀ ਜਾਏ ਪਰ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਯੂਟੀ ਪੁਲਿਸ, ਕੇਂਦਰੀ ਬਲਾਂ ਅਤੇ ਹੋਰ ਸੁਰੱਖਿਆ ਫੋਰਸਾਂ ਨੂੰ ਕਿਸਾਨ ਮੋਰਚੇ ਦੇ ਡਰ ਨੇ ਸੁੱਕਣੇ ਪਾਇਆ ਹੋਇਆ ਹੈ।
ਦੇਖਣ ’ਚ ਆਇਆ ਕਿ ਅੱਜ ਤਾਂ ਪਿੰਡਾਂ ਵਿੱਚੋਂ ਕੀ ਨਿਆਣਾ ਕੀ ਸਿਆਣਾ ਸਭ ਨੇ ਯੋਗਦਾਨ ਪਾਉਣਾ ਸ਼ੁਰੂ ਕੀਤਾ ਹੋਇਆ ਹੈ। ਮਹਿਲਾ ਕਿਸਾਨ ਹਰਪ੍ਰੀਤ ਕੌਰ ਦਾ ਕਹਿਣਾ ਸੀ ਕਿ ਪੁਲਿਸ ਜਿੰਨ੍ਹਾਂ ਮਰਜੀ ਜੋਰ ਲਾ ਲਵੇ ਪੰਜ ਤਰੀਕ ਨੂੰ ਸੜਕਾਂ ਤੇ ਕਿਸਾਨਾਂ ਦੇ ਸ਼ੂਕਦੇ ਟਰੈਕਟਰ ਨਜ਼ਰ ਆਉਣਗੇ। ਉਨ੍ਹਾਂ ਦੱਸਿਆ ਕਿ ਲੰਗਰ , ਚਾਹ ਲਈ ਦੁੱਧ ,ਦਾਲਾਂ ਸਬਜੀਆਂ ਅਤੇ ਮਿਰਚ ਮਸਲਿਆਂ ਦਾ ਪੂਰਾ ਭੰਡਾਰ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪੂਰੀ ਤਿਆਰੀ ਕਰਕੇ ਮੋਰਚੇ ਵਿੱਚ ਕੁੱਦਣ ਜਾ ਰਹੇ ਹਨ ਤਾਂ ਜੋ ਮੋਰਚਾ ਵਧਾਉਣ ਦੀ ਸੂਰਤ ’ਚ ਪਿੱਛੇ ਝਾਕਣ ਦੀ ਲੋੜ ਹੀ ਨਾਂ ਪਵੇ। ਜੱਥੇਬੰਦੀਆਂ ਨੇ ਜਿਸ ਤਰਾਂ ਦੀ ਤਿਆਰੀ ਕੀਤੀ ਹੈ ਉਸ ਤੋਂ ਜਾਪਦਾ ਹੈ ਕਿ ਕਿਸਾਨ ਆਰ ਪਾਰ ਦੇ ਰੌਂਅ ਵਿੱਚ ਹਨ। ਹਾਲਾਂਕਿ ਮੌਸਮ ਬਦਲਿਆ ਹੈ ਫਿਰ ਵੀ ਰਾਤ ਨੂੰ ਸੌਣ ਲਈ ਜੋ ਟਰਾਲੀਆਂ ਤਿਆਰ ਕੀਤੀਆਂ ਹਨ ਉਨ੍ਹਾਂ ਵਿੱਚ ਠੰਢ ਆਦਿ ਰੋਕਣ ਤੋਂ ਪੂਰੇ ਇੰਤਜਾਮ ਹਨ।
ਕੰਧ ਤੇ ਲਿਖਿਆ ਪੜ੍ਹੇ ਸਰਕਾਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਸਰਕਾਰ ਅਸਲ ਵਿਚ ਕਿਸਾਨਾਂ ਦੀ ਤਾਕਤ ਤੇ ਦਮ ਪਰਖਣ ਦੇ ਮੂਡ ਵਿਚ ਹੈ ਅਤੇ ਕਿਸਾਨ ਵੀ ਆਪਣਾ ਦਮ ਤੇ ਤਾਕਤ ਦਿਖਾ ਕੇ ਹੀ ਪਿੱਛੇ ਹਟਣਗੇ। ਉਨ੍ਹਾਂ ਕਿਹਾ ਕਿ ਸਰਕਾਰ ਾਂ ਜਿੰਨ੍ਹੀ ਮਰਜੀ ਪੁਲਿਸ ਚਾੜ੍ਹ ਲਵੇ ਕਿਸਾਨ ਘੋਲ ਨੂੰ ਦਬਾ ਨਹੀਂ ਸਕੇਗੀ। ਉਨ੍ਹਾਂ ਨਸੀਹਤ ਦਿੱਤੀ ਕਿ ਪੰਜਾਬ ਸਰਕਾਰ ਕੰਧ ਤੇ ਲਿਖਿਆ ਪੜ੍ਹੇ ਅਤੇ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰੇ।