Babushahi Special: ਕਾਟੋ ਕਲੇਸ਼ ਨੇ ਕਾਂਗਰਸ ਦੀ ਸਿਆਸੀ ਬੇੜੀ ’ਚ ਪਾਏ ਵੱਟੇ, ਮਾਮਲਾ ਬਠਿੰਡਾ ਦੇ ਮੇਅਰ ਦੀ ਚੇਅਰ ਦਾ
ਅਸ਼ੋਕ ਵਰਮਾ
ਬਠਿੰਡਾ, 5 ਫਰਵਰੀ 2025: ਨਗਰ ਨਿਗਮ ਬਠਿੰਡਾ ਦੇ ਮੇਅਰ ਲਈ ਹੋਈ ਚੋਣ ਦੌਰਾਨ ਕਾਂਗਰਸ ਕੋਲ ਦੋ ਤਿਹਾਈ ਬਹੁਮੱਤ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਆਪਣੇ ਇਕਲੌਤੇ ਕੌਂਸਲਰ ਨੂੰ ਮੇਅਰ ਬਨਾਉਣ ’ਚ ਸਫਲ ਹੋ ਗਈ ਹੈ। ਇਕੱਲਾ ਮੇਅਰ ਹੀ ਨਹੀਂ ਬਣਾਇਆ ਬਲਕਿ ਕਾਂਗਰਸ , ਅਕਾਲੀ ਦਲ ਅਤੇ ਭਾਜਪਾ ਸਣੇ ਤਿੰਨ ਜਿਲ੍ਹਾ ਪ੍ਰਧਾਨਾਂ ਨੂੰ ਵੀ ਹਾਕਮ ਧਿਰ ਨੇ ਅਜਿਹਾ ਧੋਬੀ ਪਟਕਾ ਮਾਰਿਆ ਹੈ ਜਿਸ ਦੀ ਗੂੰਜ ਸ਼ਹਿਰ ਦੀ ਹੱਟੀ ਭੱਠੀ ਤੇ ਲੰਮਾਂ ਸਮਾਂ ਸੁਣਾਈ ਦਿੰਦੀ ਰਹੇਗੀ। ਪੰਜਾਬ ਦੀ ਸਿਆਸੀ ਰਾਜਧਾਨੀ ਮੰਨੇ ਜਾਂਦੇ ਬਠਿੰਡਾ ’ਚ ਹੋਏ ਇਸ ਵੱਡੇ ਉਲਟਫੇਰ ਨੂੰ ਕਾਂਗਰਸ ਦੀ ਨਮੋਸ਼ੀਜਨਕ ਹਾਰ ਮੰਨਿਆ ਜਾ ਰਿਹਾ ਹੈ ਜੋ ਆਪਣੇ ਕੌਂਸਲਰਾਂ ਨੂੰ ਸੰਭਾਲਣ ’ਚ ਪੂਰੀ ਤਰਾਂ ਅਸਫਲ ਰਹੀ ਹੈ। ਹਾਲਾਂਕਿ ਸੰਭਾਵਨਾ ਇਹ ਦਿਖਾਈ ਦਿੰਦੀ ਸੀ ਕਿ ਹਾਕਮ ਧਿਰ ਕੁੱਝ ਕੌਂਸਲਰਾਂ ਦੀ ਕਰਾਸ ਵੋਟਿੰਗ ਰਾਹੀਂ ਜਿੱਤ ਹਾਸਲ ਕਰੇਗੀ ਪੈਰ ਐਨੇ ਵੱਡੇ ਫਰਕ ਨਾਲ ਸੱਤਾ ਪੱਖੀ ਮੇਅਰ ਬਣ ਜਾਏਗਾ ਕਿਸੇ ਨੇ ਸੋਚਿਆ ਵੀ ਨਹੀਂ ਸੀ।
ਅੱਜ ਦੀ ਚੋਣ ਦੌਰਾਨ ਨਗਰ ਨਿਗਮ ਤੇ ਕਾਬਜ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 15 ਵੋਟਾਂ ਪਈਆਂ ਹਨ ਜਦੋਂਕਿ ਆਮ ਆਦਮੀ ਪਾਰਟੀ ਦੇ ਪਦਮਜੀਤ ਮਹਿਤਾ ਦੀ 33 ਕੌਂਸਲਰਾਂ ਨੇ ਹਮਾਇਤ ਦਿੱਤੀ ਹੈ। ਜਰਨਲ ਹਾਊਸ ਦੇ 50 ਮੈਂਬਰ ਹਨ ਅਤੇ ਜਿਹੜੇ ਤਿੰਨ ਕੌਂਸਲਰਾਂ ਨੇ ਵੋਟਾਂ ਨਹੀਂ ਪਾਈਆਂ ਉਹ ਵਿਧਾਇਕ ਜਗਰੂਪ ਗਿੱਲ ਦੇ ਹਮਾਇਤੀ ਦੱਸੇ ਜਾਂਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਹਾਊਸ ’ਚ 47 ਕੌਂਸਲਰ ਹਾਜ਼ਰ ਸਨ ਜਿੰਨ੍ਹਾਂ ਦੇ ਹਿਸਾਬ ਨਾਲ ਕਾਂਗਰਸ ਦੀਆਂ 14 ਵੋਟਾਂ ਹੋਣੀਆਂ ਚਾਹੀਦੀਆਂ ਸਨ। ਹੁਣ ਸ਼ਹਿਰ ’ਚ ਇਸ 15ਵੀਂ ਵੋਟ ਨੂੰ ਲੈਕੇ ਭਾਂਤ ਭਾਂਤ ਦੀ ਚੁੰਝ ਚਰਚਾ ਛਿੜੀ ਹੋਈ ਹੈ। ਹਾਕਮ ਧਿਰ ਆਪਣੇ ਧੁਰ ਵਿਰੋਧੀ ਅਕਾਲੀ ਦਲ ਦੇ ਚੌਹਾਂ ਕੌਂਸਲਰਾਂ ਦੀ ਹਮਾਇਤ ਲੈਣ ’ਚ ਸਫਲ ਰਹੀ ਹੈ। ਰਾਜਨੀਤੀ ਦਾ ਇਹ ਵੀ ਨਿਵੇਕਲਾ ਰੰਗ ਹੀ ਕਿਹਾ ਜਾ ਸਕਦਾ ਹੈ ਕਿ ਮਨਪ੍ਰੀਤ ਬਾਦਲ ਨੇ ਉਸ ਸਿਆਸੀ ਧਿਰ ਦੀ ਹਮਾਇਤ ਕੀਤੀ ਹੈ ਜਿਸ ਉਨ੍ਹਾਂ ਨੂੰ 2022 ’ਚ ਕਰਾਰੀ ਹਾਰ ਹੋਈ ਸੀ।
ਸਿਆਸੀ ਮਾਹਿਰਾਂ ਨੇ ਇਸ ਜਿੱਤ ਲਈ ਕਾਂਗਰਸੀਆਂ ਦੇ ਆਪਸੀ ਕਾਟੋ ਕਲੇਸ਼ ਅਤੇ ਲੀਡਰਸ਼ਿਪ ਨੂੰ ਜਿੰਮੇਵਾਰ ਦੱਸਿਆ ਹੈ ਜੋ ਇਹ ਜਾਣਦੀ ਸੀ ਕਿ ਸੱਤਾਧਾਰੀ ਧਿਰ ਸੰਨ੍ਹ ਲਾਉਣ ਦੀ ਤਿਆਰੀ ’ਚ ਹੈ ਫਿਰ ਵੀ ਮੋਹਰੀ ਆਗੂ ਕੌਂਸਲਰਾਂ ਨੂੰ ਇੱਕਜੁੱਟ ਨਹੀਂ ਰੱਖ ਸਕੇ ਹਨ। ਰਤਾ ਪਿਛੋਕੜ ’ਚ ਝਾਤ ਮਾਰੀਏ ਤਾਂ ਸਾਫ ਨਜ਼ਰ ਆਵੇਗਾ ਕਿ ਬਠਿੰਡਾ ਕਾਂਗਰਸ ਵਿੱਚ ਅੰਦਰੂਨੀ ਜੰਗ ਦਾ ਮੁੱਢ ਵੀ ਮੇਅਰ ਦੀ ਚੇਅਰ ਤੋਂ ਬੱਝਿਆ ਸੀ। ਸਾਲ 2021 ’ਚ ਨਗਰ ਨਿਗਮ ਚੋਣਾਂ ਦੌਰਾਨ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਯਤਨਾਂ ਸਦਕਾ ਕਾਂਗਰਸ ਪਾਰਟੀ 50 ਵਾਰਡਾਂ ਚੋਂ 43 ਵਿੱਚ ਆਪਣੇ ਕੌਂਸਲਰ ਜਿਤਾਉਣ ’ਚ ਸਫਲ ਹੋਈ ਸੀ। ਚੋਣ ਪ੍ਰਚਾਰ ਦੌਰਾਨ ਤੱਤਕਾਲੀ ਸੀਨੀਅਰ ਕਾਂਗਰਸੀ ਜਗਰੂਪ ਗਿੱਲ ਦਾ ਨਾਮ ਮੇਅਰ ਵਜੋਂ ਉਭਾਰਿਆ ਗਿਆ ਸੀ ਪਰ ਜਦੋਂ ਚੋਣ ਹੋਈ ਤਾਂ ਪਹਿਲੀ ਵਾਰ ਕੌਂਸਲਰ ਬਣੀ ਰਮਨ ਗੋਇਲ ਨੂੰ ਮੇਅਰ ਬਣਾ ਦਿੱਤਾ ਗਿਆ ਜੋ ਮਨਪ੍ਰੀਤ ਬਾਦਲ ਦੀ ਹਮਾਇਤੀ ਮੰਨੀ ਜਾਂਦੀ ਸੀ।
ਮੇਅਰ ਨਾਂ ਬਨਾਉਣ ਤੋਂ ਨਰਾਜ਼ ਹੋਏ ਗਿੱਲ ਨੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰ ਲਈ ਅਤੇ ਟਿਕਟ ਮਿਲਣ ਤੇ ਵਿਧਾਨ ਸਭਾ ਚੋਣਾਂ ਮੌਕੇ ਮਨਪ੍ਰੀਤ ਬਾਦਲ ਨੂੰ ਹਰਾ ਦਿੱਤਾ। ਮਨਪ੍ਰੀਤ ਦੀ ਹਾਰ ਤੋਂ ਬਾਅਦ ਕਾਂਗਰਸੀ ਖੇਮੇ ਨੇ ਮੇਅਰ ਰਮਨ ਗੋਇਲ ਨੂੰ ਹਟਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਜਿਸ ਤੋਂ ਖਫਾ ਮਨਪ੍ਰੀਤ ਹਮਾਇਤੀ ਕੌਂਸਲਰਾਂ ਨੇ ਵੱਖਰਾ ਰਸਤਾ ਅਖਤਿਆਰ ਕਰ ਲਿਆ। ਕਾਂਗਰਸ ਨੇ ਕੁੱਝ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਪਰ ਉਨ੍ਹਾਂ ਦੀ ਇੱਕਜੁਟਤਾ ਕਾਇਮ ਰਹੀ। ਕਰੀਬ ਸਵਾ ਸਾਲ ਪਹਿਲਾਂ ਕਾਂਗਰਸ ਲੀਡਰਸ਼ਿਪ ਰਮਨ ਗੋਇਲ ਨੂੰ ਹਟਾਉਣ ’ਚ ਸਫਲ ਤਾਂ ਹੋ ਗਈ ਪਰ ਇਸ ਕਾਰਨ ਪਾਰਟੀ ’ਚ ਛਿੜੇ ਕਲੇਸ਼ ਦਾ ਖਮਿਆਜਾ ਅੱਜ ਸ਼ਹਿਰੀ ਕਾਂਗਰਸ ਨੂੰ ਮੇਅਰ ਨਾਂ ਬਣਨ ਦੇ ਰੂਪ ’ਚ ਭੁਗਤਣਾ ਪਿਆ ਹੈ। ਜਿਸ ਕਾਂਗਰਸ ਦੇ ਹਾਊਸ ਵਿੱਚ 26 ਕੌਂਸਲਰ ਇੱਟ ਵਾਂਗ ਪੱਕੇ ਸਨ ਉਨ੍ਹਾਂ ਚੋਂ ਕਰੀਬ ਇੱਕ ਦਰਜਨ ਨੂੰ ਤੋੜਕੇ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਜਿਤਾ ਲਿਆ।
ਮਨਪ੍ਰੀਤ ਬਾਦਲ ਵੱਲੋਂ ਸਿਆਸੀ ਠਿੱਬੀ
ਮਹਿਤਾ ਦੇ ਮੇਅਰ ਬਣਨ ਨੂੰ ਮਨਪ੍ਰੀਤ ਬਾਦਲ ਵੱਲੋਂ ਰਾਜਾ ਵੜਿੰਗ ਨੂੰ ਸਿਆਸੀ ਠਿੱਬੀ ਲਾਉਣ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਸਾਲ 2019 ’ਚ ਲੋਕ ਸਭਾ ਚੋਣਾਂ ਮੌਕੇ ਬਠਿੰਡਾ ਹਲਕੇ ਤੋਂ ਹਾਰਨ ਮਗਰੋਂ ਰਾਜਾ ਵੜਿੰਗ ਅਤੇ ਮਨਪ੍ਰੀਤ ਬਾਦਲ ਵਿਚਕਾਰ ਛੱਤੀ ਦਾ ਅੰਕੜਾ ਚਲਿਆ ਆ ਰਿਹਾ ਹੈ। ਸਾਲ 2022 ’ਚ ਰਾਜਾ ਵੜਿੰਗ ਨੇ ਸਾਰੇ ਬਾਦਲਾਂ ਨੂੰ ਹਰਾਉਣ ਦਾ ਸੱਦਾ ਦੇ ਦਿੱਤਾ ਸੀ ਜਦੋਂਕਿ ਉਦੋਂ ਮਨਪ੍ਰੀਤ ਬਾਦਲ ਕਾਂਗਰਸ ਵਿੱਚ ਸਨ। ਹੁਣ ਮਨਪ੍ਰੀਤ ਬਾਦਲ ਨੇ ਕੌਂਸਲਰਾਂ ਰਾਂਹੀਂ ਕਾਂਗਰਸ ਦੇ ਉਮੀਦਵਾਰ ਨੂੰ ਹਰਾਕੇ ਇੱਕ ਤਰਾਂ ਨਾਲ 21 ਦੀਆਂ 31 ਪਾ ਦਿੱਤੀਆਂ ਹਨ।
ਜੋਜੋ ਨੇ ਵੱਢੀ ਸਿਆਸੀ ਚੂੰਢੀ
ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਆਪਣੇ ਫੇਸਬੁੱਕ ਪੇਜ਼ ਤੇ ਪੋਸਟ ਪਾਕੇ ਬਠਿੰਡਾ ਦੇ ਲੀਡਰਾਂ ਦੇ ਸਿਆਸੀ ਚੁੰਢੀ ਵੱਢੀ ਹੈ। ਪੋਸਟ ਮੁਤਾਬਕ ਕਾਂਗਰਸ ਪਾਰਟੀ ਕੋਲ ਦੋ ਤਿਹਾਈ ਬਹੁਮੱਤ ਸੀ ਪਰ ਆਪਣੇ ਕੌਂਸਲਰਾਂ ਨੂੰ ਇਕੱਠੇ ਨਹੀਂ ਰਖ ਸਕੀ ਹੈ। ਰਾਜਾ ਵੜਿੰਗ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਪਤਨੀ ਬਠਿੰਡਾ ਆਈ ਤਾਂ ਸਿਰਫ 10 ਕੌਂਸਲਰ ਹੀ ਆਏ ਸਨ। ਪੋਸਟ ’ਚ ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ, ਵੜਿੰਗ ਅਤੇ ਸਰੂਪ ਸਿੰਗਲਾ ਦੇ ਨਿਸ਼ਾਨੇ ਤੇ ਸਨ ਪਰ ਇਸ ਪ੍ਰਕਿਰਿਆ ’ਚ ਉਨ੍ਹਾਂ ਆਪਣੀਆਂ ਪਾਰਟੀਆਂ ਦਾ ਨੁਕਸਾਨ ਕੀਤਾ ਹੈ।