45 ਲੱਖ ਲਗਾ ਕੇ ਅਮਰੀਕਾ ਗਿਆ ਸੀ ਜਸਪਾਲ ਸਿੰਘ 10 ਦਿਨ ਬਾਅਦ ਹੀ ਹੋਇਆ ਡਿਪੋਰਟ
ਰੋਹਿਤ ਗੁਪਤਾ
ਗੁਰਦਾਸਪੁਰ, 5 ਫਰਵਰੀ 2025 - ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਤੇ ਪਿੰਡ ਹਰਦੁਰੋਵਾਲ ਦੇ ਰਹਿਣ ਵਾਲੇ 36 ਸਾਲਾਂ ਨੌਜਵਾਨ ਜਸਪਾਲ ਸਿੰਘ ਜੋ ਕਿ ਪਹਿਲਾਂ ਕੁਵੈਤ ਦੇ ਵਿੱਚ ਕੰਮ ਕਰਦਾ ਸੀ ਅਤੇ ਛੇ ਸੱਤ ਮਹੀਨੇ ਪਹਿਲਾਂ ਉਹ ਇੰਗਲੈਂਡ ਦੇ ਵਿੱਚ ਕੰਮ ਕਰ ਰਿਹਾ ਸੀ ਪਰ ਪਿਛਲੇ 10 ਦਿਨ ਤੋਂ ਉਹ ਅਮਰੀਕਾ ਪਹੁੰਚਿਆ ਸੀ ਪਰ ਅਮਰੀਕਾ ਪਹੁੰਚਦਿਆਂ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਟਰੰਪ ਵੱਲੋਂ ਡਿਪੋਰਟ ਕੀਤੇ ਦੋ ਸੌ ਪੰਜ ਭਾਰਤੀਆਂ ਦੇ ਪਹਿਲੇ ਜੱਥੇ ਵਿੱਚ ਜਸਪਾਲ ਸਿੰਘ ਨੂੰ ਵੀ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ।
ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਸਾਹਮਣੇ ਆਏ ਅਤੇ ਉਹਨਾਂ ਨੇ ਪਹਿਲਾਂ ਤਾਂ ਗੱਲ ਕਰਨ ਤੋਂ ਮਨਾ ਕਰ ਦਿੱਤਾ ਪਰ ਬਾਅਦ ਵਿੱਚ ਬੋਲਦਿਆਂ ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਬਹੁਤ ਗਹਿਰਾ ਸਦਮਾ ਲੱਗਾ ਹੈ ਜਦ ਦਾ ਸਾਨੂੰ ਪਤਾ ਲੱਗਾ ਹੈ ਕਿ ਜਸਪਾਲ ਸਿੰਘ ਨੂੰ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ ਅਸੀਂ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਬਾਰੇ ਕੁਝ ਸੋਚਿਆ ਜਾਏ ਅਤੇ ਉਸਨੂੰ ਇਨਸਾਫ ਦਿੱਤਾ ਜਾਏ। ਉਹਨਾਂ ਕਿਹਾ ਕਿ 45 ਲੱਖ ਲਗਾ ਕੇ ਸਾਡਾ ਪੁੱਤਰ ਅਮਰੀਕਾ ਗਿਆ ਸੀ ਪਰ 10 ਦਿਨ ਵਿੱਚ ਹੀ ਉਸਨੂੰ ਡਿਪੋਰਟ ਕਰਕੇ ਵਾਪਸ ਭੇਜ ਦਿੱਤਾ ਗਿਆ ਹੈ। ਉਹਨਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀ ਬਾਂਹ ਫੜੀ ਜਾਏ। ਸਾਡੇ ਪੁੱਤਰ ਨੂੰ ਇਨਸਾਫ ਦਿੱਤਾ ਜਾਏ।