ਸਿਵਲ ਸਰਜਨ ਵਲੋਂ ਨਸ਼ਾ-ਛੁਡਾਊ ਤੇ ਮੁੜ-ਵਸੇਬਾ ਕੇਂਦਰ ਦਾ ਅਚਨਚੇਤ ਦੌਰਾ
ਹਰਜਿੰਦਰ ਸਿੰਘ ਭੱਟੀ
- ਸਿਹਤ ਸਹੂਲਤਾਂ ਅਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ, ਦਿਤੀਆਂ ਹਦਾਇਤਾਂ ਨਸ਼ੇ ਦੇ ਮਰੀਜ਼ਾਂ ਨੂੰ ਰਾਜ਼ੀ ਕਰ ਕੇ ਘਰ ਭੇਜਣ ਲਈ ਸਿਹਤ ਵਿਭਾਗ ਵਚਨਬੱਧ : ਡਾ. ਸੰਗੀਤਾ ਜੈਨ
ਐਸ ਏ ਐਸ ਨਗਰ, 5 ਫ਼ਰਵਰੀ : ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਅੱਜ ਸਵੇਰੇ ਸੈਕਟਰ 66 ਵਿਚ ਪੈਂਦੇ ਸਰਕਾਰੀ ਨਸ਼ਾ-ਛੁਡਾਊ ਅਤੇ ਮੁੜ-ਵਸੇਬਾ ਕੇਂਦਰ ਦਾ ਅਚਨਚੇਤ ਦੌਰਾ ਕੀਤਾ ਅਤੇ ਉਥੇ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕੇਂਦਰ ਦੇ ਵੱਖ-ਵੱਖ ਵਾਰਡਾਂ ਦਾ ਨਿਰੀਖਣ ਕੀਤਾ ਅਤੇ ਕੇਂਦਰ ਵਿਚ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ। ਸਿਵਲ ਸਰਜਨ ਨੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਦਿਤੀ ਕਿ ਮਰੀਜ਼ਾਂ ਦੀ ਵੱਧ ਤੋਂ ਵੱਧ ਸਰੀਰਕ ਗਤੀਵਿਧੀ ਕਰਾਈ ਜਾਵੇ ਤਾਕਿ ਉਨ੍ਹਾਂ ਦਾ ਨਸ਼ੇ ਦੀ ਬੁਰੀ ਆਦਤ ਤੋਂ ਸਦਾ ਲਈ ਮੂੰਹ ਮੁੜ ਜਾਵੇ। ਉਨ੍ਹਾਂ ਸਟਾਫ਼ ਦੇ ਹਾਜ਼ਰੀ ਰਜਿਸਟਰ ਚੈੱਕ ਕੀਤੇ ਅਤੇ ਹਦਾਇਤ ਕੀਤੀ ਕਿ ਸਮੁੱਚਾ ਸਟਾਫ਼ ਪੂਰੀ ਮਿਹਨਤ ਅਤੇ ਲਗਨ ਨਾਲ ਡਿਊਟੀ ਕਰੇ ਅਤੇ ਸਮੇਂ ਸਿਰ ਸਿਹਤ ਸੰਸਥਾ ਵਿਚ ਪੁੱਜੇ। ਉਨ੍ਹਾਂ ਸਟਾਫ਼ ਨੂੰ ਕਿਹਾ ਕਿ ਨਸ਼ੇ ਦੇ ਮਰੀਜ਼ ਨਾਲ ਪਿਆਰ ਤੇ ਹਮਦਰਦੀ ਭਰਿਆ ਵਿਹਾਰ ਕੀਤਾ ਜਾਵੇ ਅਤੇ ਜੇ ਕਦੇ ਕੋਈ ਮਰੀਜ਼ ਕਿਸੇ ਸਮੇਂ ਕਿਸੇ ਗੱਲ ’ਤੇ ਸਖ਼ਤ ਪ੍ਰਤੀਕਰਮ ਵੀ ਕਰਦਾ ਹੈ ਤਾਂ ਉਸ ਨੂੰ ਪਿਆਰ ਅਤੇ ਹਲੀਮੀ ਨਾਲ ਸੰਭਾਲਿਆ ਜਾਵੇ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਦਾ ਇਕੋ-ਇਕ ਮਕਸਦ ਹੈ ਕਿ ਨਸ਼ੇ ਤੇ ਮਾਨਸਿਕ ਰੋਗਾਂ ਦੇ ਮਰੀਜ਼ਾਂ ਨੂੰ ਕੇਂਦਰ ਵਿਚ ਬਿਲਕੁਲ ਤੰਦਰੁਸਤ ਕਰ ਕੇ ਘਰ ਵਾਪਸ ਭੇਜਿਆ ਜਾਵੇ। ਡਾ. ਜੈਨ ਨੇ ਕੇਂਦਰ ਵਿਚ ਦਾਖ਼ਲ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਉਨ੍ਹਾਂ ਨੂੰ ਬਹੁਤ ਵਧੀਆ ਮਾਹੌਲ ਦਿਤਾ ਜਾ ਰਿਹਾ ਹੈ, ਜਿਥੇ ਉਨ੍ਹਾਂ ਨੂੰ ਰਹਿਣ-ਸਹਿਣ, ਖਾਣ-ਪੀਣ ਅਤੇ ਇਲਾਜ ਦੀ ਬਿਲਕੁਲ ਮੁਫ਼ਤ ਸਹੂਲਤ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ਾਖ਼ੋਰੀ ਵੀ ਹੋਰਨਾਂ ਬੀਮਾਰੀਆਂ ਵਾਂਗ ਹੈ, ਜਿਸ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨਸ਼ੇ ਦੇ ਮਰੀਜ਼ਾਂ ਦੀ ਸਿਹਤਯਾਬੀ ਲਈ ਪੂਰੀ ਵਾਹ ਲਾਉਂਦਾ ਹੈ ਅਤੇ ਮਰੀਜ਼ ਨੂੰ ਵੀ ਅਪਣਾ ਮਨ ਪੱਕਾ ਕਰ ਕੇ ਸਟਾਫ਼ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਸਿਵਲ ਸਰਜਨ ਨੇ ਕੇਂਦਰ ਵਿਚ ਮਰੀਜ਼ਾਂ ਲਈ ਕਰਵਾਈਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵੀ ਜਾਣਿਆ।
ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਓਪਨ ਜਿੰਮ, ਟੈਲੀਵਿਜ਼ਨ, ਮਿਊਜ਼ਿਕ ਸਿਸਟਮ ਜਿਹੀਆਂ ਸਹੂਲਤਾਂ ਦੇਣ ਅਤੇ ਖੇਡ ਗਤੀਵਿਧੀਆਂ ਕਰਾਉਣ ਦਾ ਮਕਸਦ ਉਨ੍ਹਾਂ ਨੂੰ ਕੇਂਦਰ ਵਿਚ ਘਰ ਜਿਹਾ ਮਾਹੌਲ ਪ੍ਰਦਾਨ ਕਰਨਾ ਹੈ ਤਾਕਿ ਉਨ੍ਹਾਂ ਦਾ ਧਿਆਨ ਨਸ਼ਿਆਂ ਦੀ ਬੁਰੀ ਆਦਤ ਤੋਂ ਹਮੇਸ਼ਾ ਲਈ ਪਾਸੇ ਹੋਵੇ ਅਤੇ ਉਹ ਆਮ ਵਿਅਕਤੀ ਵਾਂਗ ਅਪਣੀ ਜ਼ਿੰਦਗੀ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਦਾ ਚਾਹਵਾਨ ਕੋਈ ਵੀ ਵਿਅਕਤੀ ਕਿਸੇ ਵੀ ਸਰਕਾਰੀ ਸਿਹਤ ਸੰਸਥਾ ਵਿਚ ਜਾ ਕੇ ਅਪਣੀ ਸਮੱਸਿਆ ਬਾਰੇ ਦੱਸ ਸਕਦਾ ਹੈ ਜਿਸ ਦਾ ਲੋੜੀਂਦੀ ਜਾਂਚ ਮਗਰੋਂ ਇਲਾਜ ਸ਼ੁਰੂ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦੇ ਘਰ, ਰਿਸ਼ਤੇਦਾਰੀ ਜਾਂ ਗੁਆਂਢ ਵਿਚ ਨਸ਼ੇ ਦਾ ਕੋਈ ਮਰੀਜ਼ ਹੈ ਅਤੇ ਉਹ ਨਸ਼ਾ ਛਡਣਾ ਚਾਹੁੰਦਾ ਹੈ ਤਾਂ ਉਸ ਨੂੰ ਪ੍ਰੇਰਨਾ ਦੇ ਕੇ ਸਰਕਾਰੀ ਸਿਹਤ ਸੰਸਥਾ ਵਿਚ ਲਿਆਂਦਾ ਜਾਵੇ ਜਿਥੇ ਨਸ਼ੇ ਦੀ ਬੀਮਾਰੀ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਜਾਣਕਾਰੀ ਲਈ ਸਿਹਤ ਵਿਭਾਗ ਦੀ ਮੈਡੀਕਲ ਹੈਲਪਲਾਈਨ 104 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਫ਼ੋਟੋ ਕੈਪਸ਼ਨ : ਸਿਵਲ ਸਰਜਨ ਡਾ. ਸੰਗੀਤਾ ਜੈਨ ਕੇਂਦਰ ਦਾ ਦੌਰਾ ਕਰਨ ਸਮੇਂ ਅਤੇ ਹੋਰ ਸਿਹਤ ਅਧਿਕਾਰੀ।