ਸਵਰਗੀ ਊਧਮ ਸਿੰਘ ਮੈਨੇਜਰ ਨੂੰ ਸ਼ਰਧਾ ਦੇ ਫੁੱਲ ਭੇਟ; ਸਮਾਜ ਨੂੰ ਊਧਮ ਸਿੰਘ ਮੈਨੇਜਰ ਦੇ ਜੀਵਨ ਤੋਂ ਸੇਧ ਲੈਣ ਦਾ ਸੱਦਾ
- ਪਹਿਲੀ ਬਰਸੀ ਗੁਰਦੁਆਰਾ ਸਿੰਘ ਸਭਾ ਬਾਬਾ ਫਤਹਿ ਸਿੰਘ ਨਗਰ-ਪ੍ਰੀਤ ਨਗਰ ਸਰਹਿੰਦ ਵਿਖੇ ਮਨਾਈ
ਗੁਰਪ੍ਰੀਤ ਸਿੰਘ ਜਖਵਾਲੀ
ਫ਼ਤਹਿਗੜ੍ਹ ਸਾਹਿਬ 4 ਮਾਰਚ 2025:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਲੰਮਾ ਸਮਾਂ ਮੈਨੇਜਰ ਦੀ ਸੇਵਾ ਨਿਭਾ ਕੇ ਬੇਦਾਗ਼ ਸੇਵਾ ਮੁਕਤ ਹੋਏ ਮੈਨੇਜਰ ਊਧਮ ਸਿੰਘ ਸਾਨੀਪੁਰ ਦੀ ਪਹਿਲੀ ਬਰਸੀ ਗੁਰਦੁਆਰਾ ਸਿੰਘ ਸਭਾ ਬਾਬਾ ਫਤਹਿ ਸਿੰਘ ਨਗਰ-ਪ੍ਰੀਤ ਨਗਰ ਸਰਹਿੰਦ ਵਿਖੇ ਮਨਾਈ ਗਈ। ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਮਤਿ ਸਮਾਗਮ ਵਿੱਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਬਰਤੋੜ ਸਿੰਘ ਦੇ ਜਥੇ ਕੀਰਤਨ ਕੀਤਾ ਅਤੇ ਸੰਗਤਾਂ ਨੂੰ ਮੌਤ ਦੀ ਅਟੱਲ ਸਚਾਈ ਬਾਰੇ ਗੁਰਬਾਣੀ ਦੇ ਹਵਾਲੇ ਨਾਲ ਵਖਿਆਨ ਕੀਤਾ।
ਇਸ ਮੌਕੇ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧੀ ਬੀਬੀ ਕੁਲਦੀਪ ਕੌਰ ਟੌਹੜਾ ਨੇ ਮਰਹੂਮ ਸ. ਊਧਮ ਸਿੰਘ ਮੈਨੇਜਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਪਰਿਵਾਰ ਨਾਲ ਜੁੜੀਆਂ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ।
ਇਸ ਸ਼ਰਧਾਂਜ਼ਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਪਾਰਲੀਮੈਂਟ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਵ: ਗੁਰਦਿਆਲ ਸਿੰਘ ਸਾਨੀਪੁਰ (ਪਿਤਾ ਸਵ: ਊਧਮ ਸਿੰਘ) ਦੀਆਂ ਤਿੰਨ ਪੀੜ੍ਹੀਆਂ ਦੇ ਪਰਿਵਾਰ ਪੰਥ ਦੀ ਸੇਵਾ ਕਰਦੇ ਆ ਰਹੇ ਹਨ। ਇਹ ਪਰਿਵਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਸਦਾ ਖੜ੍ਹਾ ਰਿਹਾ ਤੇ ਜ਼ੁਲਮ ਝੱਲਣ ਦੇ ਬਾਵਜੂਦ ਪੰਥ ਪ੍ਰਸਤੀ ਨਹੀਂ ਛੱਡੀ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਗੁਰੂ ਦਾ ਭਾਣਾ ਮੰਨਣ ਵਾਲੇ ਇਸ ਪਰਿਵਾਰ ਅਤੇ ਸਵਰਗੀ ਸ. ਊਧਮ ਸਿੰਘ ਦੀ ਪਤਨੀ ਤੇ ਜ਼ਿਲ੍ਹਾ ਲਿਖਾਰੀ ਸਭਾ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਨੇ ਆਪਣੇ ਇਕਲੌਤੇ ਪੁੱਤਰ ਦੇ ਦੁਨੀਆਂ ਤੋਂ ਜਾਣ ਮਗਰੋਂ ਹੌਸਲਾ ਨਾ ਛੱਡ ਕੇ ਪੰਜਾਬੀ ਸਾਹਿਤ ਵਿੱਚ ਰੁਚੀ ਲਾਈ ਅਤੇ ਅੱਜ ਚੋਟੀ ਦੇ ਲਿਖਾਰੀਆਂ ਵਿੱਚ ਉਹਨਾਂ ਦਾ ਨਾਮ ਹੈ।
ਇਸ ਮੌਕੇ ਸਕੱਤਰ, ਜ਼ਿਲ੍ਹਾ ਲਿਖਾਰੀ ਸਭਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਸ. ਊਧਮ ਸਿੰਘ ਮੈਨੇਜਰ ਆਪ ਲੇਖਕ ਨਹੀਂ ਸਨ ਪਰ ਉਹਨਾਂ ਨੇ ਜ਼ਿਲ੍ਹਾ ਲਿਖਾਰੀ ਸਭਾ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕੀਤਾ ਅਤੇ ਹਰ ਸਮਾਗਮ ਦੇ ਪ੍ਰਬੰਧਕੀ ਪੱਧਰ ਦੀ ਜ਼ਿੰਮੇਵਾਰੀ ਖੁਦ ਸੰਭਾਲਦੇ ਰਹੇ। ਸਵ. ਊਧਮ ਸਿੰਘ ਦੇ ਜੀਵਨ ਸੰਘਰਸ਼, ਆਦਰਸ਼, ਉਹਨਾਂ ਦੀ ਸਾਦਗੀ ਅਤੇ ਧਾਰਮਿਕ ਤੇ ਸਮਾਜਿਕ ਜੀਵਨ ਪ੍ਰਤੀ ਪ੍ਰਪੱਕਤਾ ਸਭਨਾਂ ਨੂੰ ਗੁਰੂ ਆਸ਼ੇ ਅਨੁਸਾਰ ਜਿਊਣ ਦਾ ਹੋਕਾ ਦਿੰਦੇ ਹਨ।
ਇਸ ਮੌਕੇ ਦਲਮੇਘ ਸਿੰਘ ਸਾਬਕਾ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ, ਕਰਨੈਲ ਸਿੰਘ ਪੀਰ ਮੁਹੰਮਦ ਜਨਰਲ ਸਕੱਤਰ ਅਕਾਲੀ ਦਲ ਨੇ ਜਿਥੇ ਸਵ: ਸਾਬਕਾ ਮੈਨੇਜਰ ਊਧਮ ਸਿੰਘ ਦੀਆਂ ਪੰਥ ਤੇ ਸਾਹਿਤ ਪ੍ਰਤੀ ਸੇਵਾਵਾਂ ਨੂੰ ਸਲਾਹਿਆ, ਉਥੇ ਇਹ ਵੀ ਆਖਿਆ ਕਿ ਉਹਨਾਂ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਸਰਹਿੰਦ ਨੇ ਵੱਡੇ ਦੁੱਖਾਂ ਵਿੱਚ ਹੌਸਲਾ ਨਾ ਛੱਡ ਕੇ ਅਤੇ ਪੰਥਕ ਸੇਵਾਵਾਂ ਦੇ ਨਾਲ ਨਾਲ ਪੰਜਾਬੀ ਮਾਂ ਬੋਲੀ ਦੀ ਵੱਡੀ ਸੇਵਾ ਕਰਕੇ ਨਾਮੀ ਸਾਹਿਤਕਾਰਾਂ ਵਿੱਚ ਆਪਣੇ ਆਪ ਨੂੰ ਲਿਆ ਕੇ ਖੜ੍ਹਾ ਕੀਤਾ ਹੈ। ਉਕਤ ਬੁਲਾਰਿਆਂ ਨੇ ਕਿਹਾ ਕਿ ਉਹਨਾਂ ਨੂੰ ਇਸ ਪਰਿਵਾਰ ਦੇ ਗੁਰਸਿੱਖੀ ਨੂੰ ਪ੍ਰਣਾਏ ਹੋਣ ਸਬੰਧੀ ਜਿਥੇ ਮਾਣ ਹੈ, ਉਥੇ ਭੋਗ ਸਮਾਗਮ ਦਾ ਇਕੱਠ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਹ ਪਰਿਵਾਰ ਇੱਕ ਸੰਸਥਾ ਹੈ, ਜਿਸ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ।
ਮੰਚ ਦਾ ਸੰਚਾਲਨ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕੀਤਾ ਅਤੇ ਪਰਿਵਾਰਕ ਸਾਂਝ ਕਰ ਕੇ ਆਈ ਸੰਗਤ ਦਾ ਧੰਨਵਾਦ ਵੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ।
ਇਸ ਮੌਕੇ ਬੀਬੀ ਬਲਵਿੰਦਰ ਕੌਰ ਚੰਦੂਮਾਜਰਾ, ਬੀਬੀ ਸੁਖਮਨਜੀਤ ਕੌਰ ਸੁੱਖ ਪੀਰਮੁਹੰਮਦ, ਬੀਬੀ ਪ੍ਰਕਾਸ਼ ਕੌਰ ਧਾਮੀ ਸੁਪਤਨੀ ਸਤਬੀਰ ਸਿੰਘ ਧਾਮੀ ਪੀ.ਏ., ਐੱਸ.ਜੀ.ਪੀ.ਸੀ.ਸ੍ਰੀ ਅੰਮ੍ਰਿਤਸਰ, ਪਰਮਜੀਤ ਪਰਮ ਸਾਹਿਤ ਸਭਾ ਚੰਡੀਗੜ੍ਹ, ਦਰਸ਼ਨ ਸਿੰਘ ਸ਼ਾਹਬਾਦ, ਸਾਹਿਤ ਸਭਾ ਸ਼ਾਹਬਾਦ ਹਰਿਆਣਾ, ਸਨੇਹਇੰਦਰ ਮੀਲੂ ਕੋ ਆਰਡੀਨੇਟਰ ਸਾਹਿਤ ਸਭਾ ਗੋਬਿੰਦਗੜ੍ਹ, ਗੁਰਪ੍ਰੀਤ ਸਿੰਘ ਬੀੜਕਿਸ਼ਨ ਸਾਹਿਤ ਸਭਾ ਅਮਲੋਹ, ਗੁਰਨਾਮ ਸਿੰਘ ਬਿਜਲੀ ਪ੍ਰਧਾਨ, ਸ਼ਬਦ ਸੰਚਾਰ ਸੋਸਾਇਟੀ, ਮੋਰਿੰਡਾ, ਜਲੌਰ ਸਿੰਘ ਖੀਵਾ ਸਾਹਿਤ ਸਭਾ ਰੋਪੜ, ਗੁਰਪ੍ਰੀਤ ਸਿੰਘ ਜਖਵਾਲੀ ਸਾਹਿਤ ਸਭਾ ਪਟਿਆਲਾ, ਬਾਈ ਰਾਜਿੰਦਰ ਸਿੰਘ ਪਾਤੜਾਂ, ਜ਼ਿਲ੍ਹਾ ਲਿਖਾਰੀ ਸਭਾ ਦੇ ਅਹੁਦੇਦਾਰ, ਮੈਂਬਰ, ਸਮਾਜਕ, ਰਾਜਨੀਤਕ ਤੇ ਧਾਰਮਿਕ ਆਗੂਆਂ ਸਮੇਤ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਅਧਿਕਾਰੀ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ।