ਸਰਬਜੀਤ ਸਿੰਘ ਝਿੰਜਰ ਨੇ ਹਲਕਾ ਘਨੌਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ
ਹੜ੍ਹ ਪੀੜਤਾਂ ਦੀ ਮਦਦ ਨਾ ਕਰ ਕੇ ਪੰਜਾਬ ਸਰਕਾਰ ਨੇ ਧੋਖਾ ਕੀਤਾ: ਸਰਬਜੀਤ ਸਿੰਘ ਝਿੰਜਰ
ਜਲਦ ਤੋਂ ਜਲਦ ਕਿਸਾਨਾਂ ਨੂੰ ਮੁਆਵਜ਼ਾ ਦੇਵੇ ਸਰਕਾਰ: ਝਿੰਜਰ
ਜੇਕਰ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।
ਘਨੌਰ, 30 ਅਗਸਤ 2025
ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਝਿੰਜਰ ਨੇ ਹੜ੍ਹ ਪੀੜਤਾਂ ਦੀ ਸਥਿਤੀ ਬਾਰੇ ਪੰਜਾਬ ਸਰਕਾਰ ਦੀ ਨਾਕਾਮੀ ਅਤੇ ਉਦਾਸੀਨਤਾ 'ਤੇ ਗਹਿਰਾ ਅਫ਼ਸੋਸ ਜਤਾਇਆ ਹੈ। ਝਿੰਜਰ ਨੇ ਦੱਸਿਆ ਕਿ ਹਲਕਾ ਘਨੌਰ ਦੇ ਦਰਜਨ ਦੇ ਕਰੀਬ ਪਿੰਡ ਘੱਗਰ ਦਰਿਆ ਦੀ ਮਾਰ ਹੇਠ ਹਨ।
ਝਿੰਜਰ ਨੇ ਪਿੰਡ ਕਾਮੀ ਖ਼ੁਰਦ, ਲਾਛੜੂ ਕਲਾਂ, ਚਮਾਰੂ, ਜੰਡ ਮੰਗੋਲੀ ਵਿੱਚ ਪੈਂਦੇ ਘੱਗਰ ਦਰਿਆ ਵਿੱਚ ਪਏ ਪਾੜ ਕਾਰਨ ਹੋਏ ਨੁਕਸਾਨ ਦੀ ਤਸਦੀਕ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਜੋ ਕਿ ਪੱਕਣ ਦੇ ਕਰੀਬ ਸਨ ਉਹ ਤਬਾਹ ਹੋ ਗਈਆਂ ਹਨ। ਉਹਨਾਂ ਨੇ ਜ਼ਮੀਨੀ ਪੱਧਰ 'ਤੇ ਪੀੜਤ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਝਿੰਜਰ ਨੇ ਪਿੰਡ ਸਰਾਲਾ ਕਲਾਂ, ਸਰਾਲਾ ਖ਼ੁਰਦ, ਹਰਪਾਲਾਂ ਅਤੇ ਰਾਮਪੁਰ ਦਾ ਵੀ ਦੌਰਾ ਕੀਤਾ।
ਝਿੰਜਰ ਨੇ ਪੀੜਤਾਂ ਪ੍ਰਤੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਹਾਲੇ ਵੀ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ ਤੇ ਪੀੜਤਾਂ ਨੂੰ ਅਜੇ ਤਕ ਰਾਹਤ ਮੁਹੱਈਆ ਨਹੀਂ ਕਰਵਾਈ।
ਝਿੰਜਰ ਨੇ ਪੰਜਾਬ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਿਆਂ ਕਿਹਾ ਕਿ ਦੋ ਸਾਲ ਪਹਿਲਾਂ 2023 ਵਿੱਚ ਆਏ ਹੜ੍ਹ ਕਾਰਨ ਕਾਮੀ ਖ਼ੁਰਦ ਨੇੜੇ ਘੱਗਰ ਵਿਚ ਪਾੜ ਪਿਆ ਸੀ, ਜਿਸ ਤੋਂ ਬਾਅਦ ਸਰਕਾਰ ਵੱਲੋਂ ਉਸ ਪਾੜ ਨੂੰ ਬੰਦ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਘੱਗਰ ਦਰਿਆ ਦੀ ਸਫਾਈ ਕਰਵਾਈ ਗਈ। ਹੁਣ ਉਸੇ ਪਾੜ ਕਾਰਨ ਕਿਸਾਨਾਂ ਨੂੰ ਇਸ ਵਾਰ ਵੀ ਨੁਕਸਾਨ ਝੱਲਣਾ ਪਿਆ।
ਝਿੰਜਰ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ 2023 ਅਤੇ 2025 ਵਿਚ ਹੜ੍ਹਾਂ ਕਾਰਨ ਫ਼ਸਲਾਂ ਬਰਬਾਦ ਹੋਈਆਂ ਹਨ ਉਨ੍ਹਾਂ ਦੀ ਗਿਰਦਾਵਰੀ ਕਰਵਾ ਕੇ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾਵੇ।
ਝਿੰਜਰ ਨੇ ਕਿਹਾ ਕਿ ਮੁਰਗ਼ੀ ਅਤੇ ਬੱਕਰੀਆਂ ਦੇ ਮਰ ਜਾਣ 'ਤੇ ਮੁਆਵਜ਼ਾ ਦੇਣ ਦਾ ਵਾਅਦਾ ਕਰਨ ਵਾਲੇ ਮੁੱਖ ਮੰਤਰੀ ਅਜੇ ਤੱਕ ਕਿਸਾਨਾਂ ਦੀ ਮਦਦ ਲਈ ਕੋਈ ਪ੍ਰਮਾਣਿਕ ਕਦਮ ਨਹੀਂ ਚੁੱਕ ਰਹੇ। ਭਗਵੰਤ ਮਾਨ ਸਾਬ੍ਹ ਸਿਰਫ਼ ਆਪਣੇ ਆਪ ਨੂੰ ਮਹਾਨ ਦਿਖਾਉਣ ਵਾਲੀਆਂ ਹਵਾਈ ਘੋਸ਼ਣਾਵਾਂ ਕਰਦੇ ਹਨ, ਪਰ ਜਦੋਂ ਜ਼ਮੀਨ 'ਤੇ ਕਾਰਵਾਈ ਕਰਨ ਦੀ ਗੱਲ ਆਉਂਦੀ ਹੈ, ਤਾਂ ਉਹ ਪਿੱਠ ਦਿਖਾ ਕੇ ਭੱਜਦੇ ਹਨ। ਹੜ੍ਹ ਪੀੜਤਾਂ ਦੀ ਮਦਦ ਕਰਨ ਦੀ ਬਜਾਇ, ਸਰਕਾਰ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਅਣਡਿੱਠਾ ਕਰ ਰਹੀ ਹੈ।
ਇਸ ਮੌਕੇ ਗੁਰਜੰਟ ਸਿੰਘ ਮਹਿਦੂਦਾ, ਪਰਮਿੰਦਰ ਸਿੰਘ ਭੰਗੂ, ਪਰਮਿੰਦਰ ਸਿੰਘ ਸਰਵਾਰਾ, ਸਹਿਜ ਕਾਮੀ ਖ਼ੁਰਦ, ਸਤਨਾਮ ਸਿੰਘ ਜੰਡ ਮੰਗੋਲੀ, ਅਮਨਦੀਪ ਸਿੰਘ ਸਰਾਲਾ, ਦਰਸ਼ਨ ਕਾਮੀ ਖ਼ੁਰਦ ਆਦਿ ਇਲਾਕੇ ਦੇ ਸੀਨੀਅਰ ਆਗੂ ਨਾਲ ਮੌਜੂਦ ਸਨ।
ਝਿੰਜਰ ਨੇ ਅੱਗੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।