ਸ਼ਹਿਰਾਂ ਵਿੱਚ ਪੇਡ ਸਾਈਟਾਂ ਕਿਰਾਏ ’ਤੇ ਲੈ ਕੇ ਹੀ ਲਗਾਏ ਜਾਣ ਹੋਰਡਿੰਗਜ਼ ਤੇ ਇਸ਼ਤਿਹਾਰ - ADC
- ਸ਼ਹਿਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ
ਰੋਹਿਤ ਗੁਪਤਾ
ਗੁਰਦਾਸਪੁਰ, 5 ਫਰਵਰੀ 2025 - ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਹਰਜਿੰਦਰ ਸਿੰਘ ਬੇਦੀ ਨੇ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੂਹ ਨਗਰ ਕੌਂਸਲਾਂ ਅਤੇ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰਾਂ ਵਿੱਚ ਅਣ-ਅਧਿਕਾਰਤ ਤੌਰ ’ਤੇ ਲੱਗੇ ਹੋਰਡਿੰਗਜ਼ ਅਤੇ ਇਸ਼ਤਿਹਾਰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਪੇਡ ਸਾਈਟਾਂ 'ਤੇ ਹੋਰਡਿੰਗਜ਼ ਲੱਗਣ ਨਾਲ ਜਿੱਥੇ ਸ਼ਹਿਰਾਂ ਦੀ ਦਿੱਖ ਸੁਧਰੇਗੀ ਓਥੇ ਨਗਰ ਕੌਂਸਲਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਅੱਜ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਦੇ ਈ.ਓਜ ਅਤੇ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰਾਂ ਵਿੱਚ ਇਸ਼ਤਿਹਾਰ ਅਤੇ ਹੋਰਡਿੰਗਜ਼ ਕੇਵਲ ਨਿਰਧਾਰਿਤ ਥਾਵਾਂ ਜਾਂ ਯੂਨੀਪੋਲ ਉੱਪਰ ਹੀ ਲਗਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਸੜਕਾਂ ਦੇ ਡਿਵਾਈਡਰਾਂ, ਕੰਧਾਂ, ਬਿਜਲੀ ਤੇ ਸਟਰੀਟ ਲਾਈਟਾਂ ਦੇ ਪੋਲਾਂ, ਰੁੱਖਾਂ ਆਦਿ ਨਾਲ ਇਸ਼ਤਿਹਾਰ, ਹੋਰਡਿੰਗਜ਼ ਲਗਾਉਣੇ ਗੈਰ-ਕਾਨੂੰਨੀ ਹਨ। ਉਨ੍ਹਾਂ ਕਿਹਾ ਕਿ ਥਾਂ-ਥਾਂ ਇਸ਼ਤਿਹਾਰ ਲੱਗਣ ਨਾਲ ਸ਼ਹਿਰਾਂ ਦੀ ਦਿੱਖ ਵੀ ਖ਼ਰਾਬ ਹੋ ਰਹੀ ਹੈ ਅਤੇ ਨਾਲ ਹੀ ਨਗਰ ਕੌਂਸਲਾਂ ਅਤੇ ਨਗਰ ਨਿਗਮ ਨੂੰ ਮਾਲੀ ਨੁਕਸਾਨ ਵੀ ਹੋ ਰਿਹਾ ਹੈ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਪ੍ਰਚਾਰ ਲਈ ਇਸ਼ਤਿਹਾਰ ਜਾਂ ਹੋਰਡਿੰਗਜ਼ ਲਗਾਉਣਾ ਚਾਹੁੰਦਾ ਹੈ ਤਾਂ ਉਹ ਨਗਰ ਨਿਗਮ ਦਫ਼ਤਰ ਬਟਾਲਾ ਜਾਂ ਸਬੰਧਿਤ ਨਗਰ ਕੌਂਸਲ ਦੇ ਦਫ਼ਤਰ ਪਹੁੰਚ ਕੇ ਪੇਡ ਸਾਈਟ ਕਿਰਾਏ ’ਤੇ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪੇਡ ਸਾਈਟ ਤੋਂ ਬਿਨਾਂ ਲੱਗੇ ਹਰ ਹੋਰਡਿੰਗਜ਼/ਇਸ਼ਤਿਹਾਰ ਨੂੰ ਹਟਾਉਣ ਦੇ ਨਾਲ ਉਸ ਨੂੰ ਲਗਾਉਣ ਵਾਲੇ ਵਿਅਕਤੀ ਨੂੰ ਜੁਰਮਾਨਾ ਕਰਨ ਦੇ ਨਾਲ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਉਨ੍ਹਾਂ ਨਗਰ ਕੌਂਸਲਾਂ ਤੇ ਨਗਰ ਨਿਗਮ ਬਟਾਲਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰਾਂ ਵਿੱਚ ਜਨਤਕ ਪਖਾਨਿਆਂ ਦੀ ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਇਸਦੇ ਨਾਲ ਹੀ ਸ਼ਹਿਰਾਂ ਵਿੱਚ ਸੜਕਾਂ ਅਤੇ ਬਜ਼ਾਰਾਂ ਵਿੱਚ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਜਾਰੀ ਰੱਖਿਆ ਜਾਵੇ।