ਵਿਧਾਇਕ ਗੱਜਣਮਾਜਰਾ ਨੇ ਕੀਤਾ ਡਾਇਲੈਸਿਸ ਸੈਂਟਰ ਦਾ ਉਦਘਾਟਨ
* ਉਦਯੋਗਿਕ ਇਕਾਈਆਂ ਦੇ ਨੁਮਾਇੰਦੇ ਆਪਣੀ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਸਮਝਦੇ ਹੋਏ ਲੋੜਵੰਦ ਦੀ ਮਦਦ ਲਈ ਅੱਗੇ ਆਉਣ- ਵਿਧਾਇਕ ਅਮਰਗੜ੍ਹ
*ਕਿਹਾ, ਰੋਟੇਰੀਅਨ ਵੱਲੋਂ ਲਗਾਈਆਂ ਗਈਆਂ ਡਾਇਲੈਸਿਸ ਮਸ਼ੀਨਾਂ ਨੂੰ ਸਵ: ਬਿਮਲ ਸ਼ਰਮਾ ਦੀ ਯਾਦ ਨੂੰ ਸਮਰਪਿਤ ਕਰਕੇ ਬਿਨਾ ਕਿਸੇ ਲਾਭ ਨਾਲ ਚਲਾਈ ਜਾਣ ਵਾਲੀ ਪ੍ਰੋਜੈਕਟ ਨੂੰ ਦਹਾਕਿਆਂ ਲਈ ਸੁਰਜੀਤ ਰੱਖਣ ਦਾ ਕੀਤਾ ਇੰਤਜ਼ਾਮ
ਅਹਿਮਦਗੜ੍ਹ/ਮਾਲੇਰਕੋਟਲਾ, 21 ਅਪ੍ਰੈਲ 2025
ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਰੋਟਰੀ ਇੰਟਰਨੈਸ਼ਨਲ ਦੀ ਗਲੋਬਲ ਗਰਾਂਟ ਅਧੀਨ ਕਰੀਬ ਪੱਚੀ ਲੱਖ ਰੁਪਏ ਦੀ ਲਾਗਤ ਨਾਲ ਸਥਾਨਕ ਸੂਦ ਹਸਪਤਾਲ ਵਿਖੇ ਲਗਾਏ ਡਾਇਲੈਸਿਸ ਸੈਂਟਰ ਦਾ ਉਦਘਾਟਨ ਪਿਛਲੇ ਦਿਨੀਂ ਕੀਤਾ।
ਰੋਟਰੀ ਦੇ ਜ਼ਿਲ੍ਹਾ ਗਵਰਨਰ ਡਾ ਸੰਦੀਪ ਚੌਹਾਨ ਅਤੇ ਸਥਾਨਕ ਇਕਾਈ ਦੇ ਪ੍ਰਧਾਨ ਵੇਨੂੰ ਗੋਪਾਲ ਸ਼ਰਮਾ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਆਸਟ੍ਰੇਲੀਆ ਤੇ ਚੰਡੀਗੜ੍ਹ ਖੇਤਰ ਦੇ ਰੋਟੇਰੀਅਨ ਵੱਲੋਂ ਪਾਏ ਯੋਗਦਾਨ ਨਾਲ ਲਗਾਈਆਂ ਗਈਆਂ ਡਾਇਲੈਸਿਸ ਮਸ਼ੀਨਾਂ ਨੂੰ ਸਾਬਕਾ ਕੌਂਸਲਰ ਬਿਮਲ ਸ਼ਰਮਾ ਦੀ ਯਾਦ ਨੂੰ ਸਮਰਪਿਤ ਕਰਕੇ ਪ੍ਰਬੰਧਕਾਂ ਨੇ ਬਿਨਾ ਕਿਸੇ ਲਾਭ ਲਈ ਚਲਾਈ ਜਾਣ ਵਾਲੀ ਪ੍ਰੋਜੈਕਟ ਨੂੰ ਦਹਾਕਿਆਂ ਲਈ ਸੁਰਜੀਤ ਰੱਖਣ ਦਾ ਇੰਤਜ਼ਾਮ ਕਰ ਦਿੱਤਾ ਹੈ ਕਿਉਂਕਿ ਬਿਮਲ ਸ਼ਰਮਾ ਦਾ ਪਰਿਵਾਰ ਇਸ ਪ੍ਰੋਜੈਕਟ ਨੂੰ ਕਦੇ ਵੀ ਢਹਿੰਦੀ ਕਲਾ ਵਿੱਚ ਨਹੀਂ ਦੇਖਣਾ ਚਾਹੇਗਾ।
ਉਦਘਾਟਨੀ ਸਮਾਗਮ ਦੌਰਾਨ ਗੱਜਣਮਾਜਰਾ ਨੇ ਕਿਹਾ ਕਿ ਇਹ ਡਾਇਲੈਸਿਸ ਸੈਂਟਰ ਇਲਾਕੇ ਦੇ ਹਜ਼ਾਰਾਂ ਮਰੀਜ਼ਾਂ ਲਈ ਇਕ ਵੱਡੀ ਰਾਹਤ ਸਾਬਤ ਹੋਵੇਗਾ,ਜੋ ਪੀੜਤ ਮਰੀਜ਼ਾਂ ਨੂੰ ਲੰਬੇ ਸਮੇਂ ਤੱਕ ਲਾਭ ਦੇਣ ਵਿੱਚ ਸਮਰੱਥ ਹੋਵੇਗਾ। ਉਨ੍ਹਾਂ ਨੇ ਰੋਟਰੀ ਇੰਟਰਨੈਸ਼ਨਲ ਅਤੇ ਸੂਦ ਹਸਪਤਾਲ ਪ੍ਰਬੰਧਕਾਂ ਦੀ ਸਰਾਹਣਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਯਤਨ ਲੋਕ ਸੇਵਾ ਦੀ ਅਸਲ ਭਾਵਨਾ ਨੂੰ ਪ੍ਰਗਟ ਕਰਦੇ ਹਨ । ਉਨ੍ਹਾਂ ਕਿਹਾ ਕਿ ਡਾਇਲੈਸਿਸ ਸੇਵਾਵਾਂ ਆਮ ਤੌਰ 'ਤੇ ਮਹਿੰਗੀਆਂ ਹੁੰਦੀਆਂ ਹਨ, ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਹਨ। ਪਰ ਹੁਣ ਇਲਾਕੇ ਵਿੱਚ ਹੀ ਉੱਚ ਮਿਆਰੀ ਅਤੇ ਅਫੋਰਡੇਬਲ ਡਾਇਲੈਸਿਸ ਸੇਵਾਵਾਂ ਉਪਲਬਧ ਹੋਣ ਨਾਲ ਮਰੀਜ਼ਾਂ ਨੂੰ ਬਾਹਰੀ ਸ਼ਹਿਰਾਂ/ ਹਸਪਤਾਲਾਂ ਦਾ ਰੁੱਖ ਨਹੀਂ ਕਰਨਾ ਪਵੇਗਾ। ਵਿਧਾਇਕ ਗੱਜਣਮਾਜਰਾ ਨੇ ਸਨਅਤੀ ਤੇ ਵਪਾਰਕ ਇਕਾਈਆਂ ਨੂੰ ਅਪੀਲ ਕੀਤੀ ਕਿ ਉਹ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਅਧੀਨ ਵੱਧ ਤੋਂ ਵੱਧ ਯੋਗਦਾਨ ਪਾਕੇ ਲੋੜਵੰਦ ਮਰੀਜ਼ਾਂ ਨੂੰ ਆਪਣੇ ਘਰਾਂ ਦੇ ਨਜ਼ਦੀਕ ਸਸਤਾ ਤੇ ਵਧੀਆ ਇਲਾਜ ਮੁਹੱਈਆ ਕਰਵਾਉਣ ਨੂੰ ਪਹਿਲ ਦੇਣ।
ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਹਨ ਅਤੇ ਇਸ ਤਰ੍ਹਾਂ ਦੇ ਪ੍ਰਾਜੈਕਟਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।
ਸੂਦ ਹਸਪਤਾਲ ਦੇ ਪ੍ਰਬੰਧਕਾਂ ਡਾ ਰਜੀਵ ਸੂਦ ਨੇ ਵੀ ਵਿਧਾਇਕ ਅਤੇ ਰੋਟਰੀ ਇੰਟਰਨੈਸ਼ਨਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੈਂਟਰ ਆਸਪਾਸ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਮਰੀਜ਼ਾਂ ਲਈ ਇੱਕ ਜੀਵਨਦਾਤਾ ਸਾਬਤ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਸਪਤਾਲ ਨੇ ਇਹ ਵਾਅਦਾ ਕੀਤਾ ਹੈ ਕਿ ਇੱਥੇ ਸੇਵਾਵਾਂ ਸਮਾਜਿਕ ਦਾਇਤਵ ਅਧੀਨ ਕਾਫ਼ੀ ਘੱਟ ਦਰਾਂ 'ਤੇ ਬਿਨਾਂ ਮੁਨਾਫ਼ੇ ਤੋਂ ਉਪਲਬਧ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਤਕਨੀਕੀ ਤੌਰ 'ਤੇ ਆਧੁਨਿਕ ਮਸ਼ੀਨਾਂ, ਸੁਚੱਜੀ ਸਟਾਫ਼ ਅਤੇ ਤਜਰਬੇਕਾਰ ਡਾਕਟਰਾਂ ਦੀ ਟੀਮ ਇਨ੍ਹਾਂ ਮਸ਼ੀਨਾਂ ਦੇ ਸੰਚਾਲਨ ਲਈ ਤਾਇਨਾਤ ਕੀਤੀ ਗਈ ਹੈ, ਜੋ ਮਰੀਜ਼ਾਂ ਦੀ ਸੰਭਾਲ ਵਿਚ ਕੋਈ ਕਸਰ ਨਹੀਂ ਛੱਡੇਗੀ।
ਰੋਟਰੀ ਤੋਂ ਇਲਾਵਾ ਹੋਰਨਾਂ ਅੰਤਰਰਾਸ਼ਟਰੀ ਸੰਗਠਨਾਂ ਦੇ ਅਹੁਦੇਦਾਰਾਂ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ, ਮੈਂਬਰਸ਼ਿਪ ਅਤੇ ਪ੍ਰੋਜੈਕਟਾਂ ‘ਤੇ ਲੱਗਣ ਵਾਲੇ ਜੀ.ਐੱਸ.ਟੀ ਟੈਕਸ ਨੂੰ ਹਟਾਉਣ ਦੇ ਮੁੱਦੇ ਦਾ ਸਮਰਥਨ ਕਰਦਿਆਂ ਗੱਜਣਮਾਜਰਾ ਨੇ ਦਲੀਲ ਦਿੱਤੀ ਜਦੋਂ ਹੋਰਨਾਂ ਮੁਲਕਾਂ ਦੇ ਰੋਟੇਰੀਅਨ ਤੇ ਅਦਾਰੇ ਲੱਖਾਂ ਡਾਲਰ ਭੇਜ ਕੇ ਸਾਡੇ ਲੋਕਾਂ ਦੀ ਨਿਸ਼ਕਾਮ ਸੇਵਾ ਕਰਨ ਲਈ ਅੱਗੇ ਆ ਰਹੇ ਹਨ ਤਾਂ ਸਾਡੀਆਂ ਸਰਕਾਰਾਂ ਨੂੰ ਇੱਥੋਂ ਦੀਆਂ ਅੰਤਰਰਾਸ਼ਟਰੀ ਸੇਵਾ ਸੰਸਥਾਵਾਂ ‘ਤੇ ਬੋਝ ਵਧਾਉਣ ਦੀ ਵਜਾਏ ਵਿਸ਼ੇਸ਼ ਛੋਟਾਂ ਦੇਣੀਆਂ ਚਾਹੀਦੀਆਂ ਹਨ।
ਇਸ ਮੌਕੇ ਸਕੱਤਰ ਅਸ਼ੋਕ ਵਰਮਾ, ਅਸਿਸਟੈਂਟ ਗਵਰਨਰ ਇਲੈਕਟ ਐੱਸ ਪੀ ਸੋਫਤ, ਰੋਟਰੀ ਫੈਸਿਲੀਟੇਸ਼ਨ ਸੈਂਟਰ ਕਨਵੀਨਰ ਕੌਂਸਲਰ ਦੀਪਕ ਸ਼ਰਮਾ,ਪ੍ਰਧਾਨ ਨਗਰ ਕੌਂਸਲ ਵਿਕਾਸ ਕ੍ਰਿਸ਼ਨ ਸ਼ਰਮਾ, ਰੋਟਰੀ ਕਲੱਬ ਡਾਇਨੈਮਿਕ ਪ੍ਰਧਾਨ ਸ਼ੈਂਕੀ ਗੋਇਲ, ਸਕੱਤਰ ਮੁਨੀਸ਼ ਢੰਡ,ਗਲੋਬਲ ਗਰਾਂਟ ਇੰਚਾਰਜ ਵਿਜੇ ਗੁਪਤਾ, ਸਾਬਕਾ ਜ਼ਿਲ੍ਹਾ ਗਵਰਨਰ ਪਰਵੀਨ ਜਿੰਦਲ, ਚੀਫ਼ ਐਡਵਾਈਜ਼ਰ ਅਮਜਦ ਅਲੀ,ਇੰਡਸਟਰੀਅਲ ਚੈਂਬਰ ਸਰਪ੍ਰਸਤ ਘਣਸ਼ਾਮ ਕਾਂਸਲ ,ਮੈਡੀਕਲ ਐਡਵਾਈਜ਼ਰੀ ਚੇਅਰਮੈਨ ਡਾ ਸੁਨੀਤਾ ਹਿੰਦ ਭਾਰਤੀਆ ਮਹਾਵੀਰ ਦਲ ਸ੍ਰਪਰਸਤ ਡਾ ਰਾਮ ਸੂਦ ਅਤੇ ਰਵਿੰਦਰ ਪੁਰੀ ਨੇ ਵੀ ਸੰਬੋਧਨ ਕੀਤਾ