ਲੁਧਿਆਣੇ ਕਈ ਰਾਹਗੀਰ ਤੁੜਵਾ ਚੁੱਕੇ ਨੇ ਹੱਡ-ਗੋਡੇ...
V.V.I.P/ V.I.P ਵਿਅਕਤੀਆਂ ਦੀਆਂ ਗੱਡੀਆਂ ਲੰਘ ਜਾਂਦੀਆਂ ਨੇ ਹੂਟਰ ਮਾਰਦੀਆਂ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ,22 ਜਨਵਰੀ 2025 : ਬਠਿੰਡਾ-ਬਰਨਾਲਾ-ਲੁਧਿਆਣਾ ਮੁੱਖ ਮਾਰਗ 'ਤੇ ਪੈਂਦੇ ਰਾਏਕੋਟ ਸ਼ਹਿਰ 'ਚ ਬਣੇ ਸ੍ਰ. ਹਰੀ ਸਿੰਘ ਨਲੂਆ ਚੌਂਕ ਤੋਂ ਕੁਝ ਕੁ ਦੂਰੀ 'ਤੇ(ਸਵਾਮੀ ਗੰਗਾ ਗਿਰੀ ਗਰਲਜ਼ ਕਾਲਜ ਦੇ ਨੇੜੇ)ਫੁੱਟਪਾਥ ਦੀ ਸ਼ੁਰੂਆਤ ਹੁੰਦਿਆਂ ਥੜ੍ਹੇ ਉੱਪਰ ਸਾਈਨ ਬੋਰਡ ਲਗਾਇਆ ਗਿਆ ਸੀ।
ਬੀਤੇ ਕੁਝ ਦਿਨ ਪਹਿਲਾਂ ਕਿਸੇ ਵਾਹਨ ਨੇ ਇਸ ਨੂੰ ਟੱਕਰ ਮਾਰਕੇ ਕੱਚ ਵਾਂਗੂੰ ਤੋੜ ਦਿੱਤਾ ਤੇ ਫੁੱਟਪਾਥ ਤੋਂ ਅਲੱਗ ਹੋਇਆ ਇਹ ਥੜਾ ਸਮੇਤ ਸਾਈਨ ਬੋਰਡ ਦੇ ਸੜਕ ਉੱਪਰ ਜਾ ਡਿੱਗਿਆ। ਅਜਿਹਾ ਹੋਣ ਕਾਰਨ ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀ ਆ ਰਹੀ ਹੈ।ਪ੍ਰੰਤੂ ਹੈਰਾਨੀਜਨਕ ਗੱਲ ਇਹ ਹੈ ਕਿ ਅਜੇ ਤੱਕ ਇਸ ਅੜਿੱਕੇ ਨੂੰ ਦੂਰ ਕਰਨ ਲਈ ਕਿਸੇ ਨੇ ਉੱਕਾ ਹੀ ਧਿਆਨ ਨਹੀਂ ਦਿੱਤਾ। ਰੋਜ਼ਾਨਾ ਹੀ ਦਿਨ-ਰਾਤ ਸਮੇਂ ਇਸ ਮੁੱਖ ਸੜਕ ਤੋਂ ਵੱਖ-ਵੱਖ ਕਿਸਮ ਦੇ ਹਜ਼ਾਰਾਂ ਦੀ ਗਿਣਤੀ 'ਚ ਵਾਹਨ ਲੰਘਦੇ ਹਨ। ਅਨੇਕਾਂ V.V.I.P / V.I.P ਲੋਕ ਇੱਥੋਂ ਦੀ ਲੰਘਦੇ ਹਨ, ਪ੍ਰੰਤੂ ਕਿਸੇ ਨੇ ਵੀ ਕੋਈ ਧਿਆਨ ਦੇਣ ਦੀ ਥਾਂ 'ਤੇ ਪਾਸਾ ਵੱਟ ਕੇ ਹੀ ਲੰਘਣ ਨੂੰ ਤਰਜੀਹ ਦਿੱਤੀ।(ਖ਼ਬਰ ਲਿਖੇ ਜਾਣ ਤੱਕ ਇਹ ਸਮੱਸਿਆ ਮੂੰਹ ਅੱਡੀ ਖੜ੍ਹੀ ਹੈ)
ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਸਾਈਨ ਬੋਰਡ ਅਤੇ ਥੜੇ ਦੇ ਸੜਕ ਉੱਪਰ ਡਿੱਗਣ ਕਾਰਨ ਕਈ ਲੋਕ ਆਪਣੇ ਹੱਡ-ਗੋਡੇ ਤੁੜਵਾ ਚੁੱਕੇ ਹਨ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਦੋਂ ਕਈ ਦਿਨ ਬੀਤਣ ਦੇ ਬਾਵਜੂਦ ਮੁੱਖ ਸੜਕ 'ਤੇ ਆ ਰਹੀ ਇਸ ਸਮੱਸਿਆਂ ਵੱਲ ਕਿਸੇ ਨੇ ਅਜੇ ਤੱਕ ਧਿਆਨ ਨਹੀਂ ਦਿੱਤਾ ਤਾਂ ਆਮ ਰਸਤਿਆਂ/ਲਿੰਕ ਸੜਕਾਂ 'ਤੇ ਕਦੇ ਵੀ ਕਿਸੇ ਕਿਸਮ ਦੀ ਪੈਦਾ ਹੋਈ ਸਮੱਸਿਆਂ ਨੂੰ ਹੱਲ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ਵੱਲੋਂ ਕਿੰਨੀ ਕੁ ਤਵੱਜੋ ਦਿੱਤੀ ਜਾਂਦੀ ਹੋਵੇਗੀ?
ਕੀ ਜ਼ਿਲਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ/ਐਸ.ਡੀ.ਐਮ.ਰਾਏਕੋਟ/ਸਬੰਧਤ ਵਿਭਾਗ ਕਿਸੇ ਕਿਸਮ ਦਾ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਇਸ ਪਾਸੇ ਧਿਆਨ ਦੇਣਗੇ ? ਇਸ ਸਵਾਲ ਦਾ ਜਵਾਬ ਤਾਂ ਆਉਣ ਵਾਲਾ ਸਮਾਂ ਹੀ ਦੇਵੇਗਾ।