ਰੱਖੜੀ ਤੇ ਪੋਸਟ ਆਫਿਸ ਵੱਲੋਂ ਦਿੱਤੀਆਂ ਸਸਤੀਆਂ ਗ੍ਰਾਹਕ ਸੇਵਾਵਾਂ ਦੀ ਨਿਕਲੀ ਹਵਾ
ਸਿਸਟਮ ਇੱਕ ਹਫਤੇ ਤੋਂ ਨਹੀਂ ਕਰ ਰਿਹਾ ਕੰਮ ,ਅਧਿਕਾਰੀ ਕਹਿੰਦੇ ਪੂਰੇ ਭਾਰਤ ਵਿੱਚ ਅਪਗਰੇਡ ਹੋ ਰਿਹਾ ਸਿਸਟਮ
ਰੋਹਿਤ ਗੁਪਤਾ
ਗੁਰਦਾਸਪੁਰ 9 ਅਗਸਤ
ਰੱਖੜੀ ਤੇ ਹੋਰ ਕਈ ਤਿਉਹਾਰਾਂ ਤੇ ਭਾਰਤੀ ਡਾਕ ਵੱਲੋਂ ਵੀ ਗ੍ਹਾਹਕਾਂ ਲਈ ਕਈ ਤਰ੍ਹਾਂ ਦੀਆਂ ਪਾਰਸਲ , ਸਪੀਡ ਪੋਸਟ ਅਤੇ ਈ ਪੋਸਟ ਵਰਗੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਲੋਕ ਵੀ ਇਹਨਾਂ ਸੇਵਾਵਾਂ ਦਾ ਲਾਭ ਲੈਣ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਆਮ ਕੋਰੀਅਰ ਨਾਲੋਂ ਭਾਰਤੀ ਡਾਕ ਦੀਆਂ ਸੇਵਾਵਾਂ ਕਾਫੀ ਸਸਤੀਆਂ ਪੈਂਦੀਆਂ ਹਨ ਪਰ ਰੱਖੜੀ ਦੇ ਤਿਉਹਾਰ ਤੋਂ ਇੱਕ ਹਫਤਾ ਪਹਿਲਾਂ ਹੀ ਭਾਰਤੀ ਡਾਕ ਦੀਆ ਸੇਵਾਵਾਂ ਫੁੱਸ ਹੋ ਗਈਆਂ । ਜਿਸ ਕਾਰਨ ਲੋਕਾਂ ਨੂੰ ਖਾਸ ਕਰ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਭਰਾਵਾਂ ਨੂੰ ਰੱਖੜੀ ਭੇਜਣ ਲਈ ਆਈਆਂ ਭੈਣਾਂ ਨੂੰ ਖੱਜਲ ਖਵਾਰ ਹੋਣਾ ਪਿਆ ਉਥੇ ਹੀ ਦੂਜੇ ਪਾਸੇ ਨਿਜੀ ਕੋਰੀਅਰ ਕੰਪਨੀਆਂ ਨੂੰ ਵੀ ਇਸ ਦਾ ਫਾਇਦਾ ਮਿਲਿਆ । ਆਪਣੀ ਕਿਤਾਬ ਡਾਕ ਰਾਹੀ ਸ਼ੁਭ ਚਿੰਤਕਾਂ ਨੂੰ ਭੇਜਣ ਲਈ ਚਾਰ ਦਿਨ ਤੋਂ ਮੁੱਖ ਡਾਕਘਰ ਦੇ ਚੱਕਰ ਲਗਾ ਰਹੇ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਲਗਾਤਾਰ ਚਾਰ ਦਿਨ ਬਾਅਦ ਵੀ ਜਦੋਂ ਸਿਸਟਮ ਨਹੀਂ ਚੱਲਿਆ ਤਾਂ ਉਹਨਾਂ ਨੇ ਡਾਕਘਰ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਪੂਰੇ ਭਾਰਤ ਦਾ ਸਿਸਟਮ ਅਪਗਰੇਡ ਹੋ ਰਿਹਾ ਹੈ ਇਸ ਵਿੱਚ ਲੋਕਲ ਲੈਵਲ ਤੇ ਕਿਸੇ ਦਾ ਕੋਈ ਕਸੂਰ ਨਹੀਂ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜੇ ਸਿਸਟਮ ਅਪਗਰੇਡ ਹੀ ਕਰਨਾ ਸੀ ਤਾਂ ਰੱਖੜੀ ਦੇ ਦਿਨਾਂ ਵਿੱਚ ਹੀ ਕਿਉਂ ਕੀਤਾ ਜਾ ਰਿਹਾ ਸੀ ।
ਦੂਜੇ ਪਾਸੇ ਪਰੇਸ਼ਾਨ ਲੋਕਾਂ ਨਾਲ ਡਾਕਘਰ ਦੇ ਕਰਮਚਾਰੀਆਂ ਦੀ ਬਹਿਸਬਾਜੀ ਵੀ ਹੋਈ ਅਤੇ ਕਈ ਦਿਨਾਂ ਤੋਂ ਸਿਸਟਮ ਖਰਾਬ ਹੋਣ ਕਾਰਨ ਕਰਮਚਾਰੀਆਂ ਨੂੰ ਵੀ ਖਾਸੀ ਪਰੇਸ਼ਾਨੀ ਝਲਣ ਦੇ ਨਾਲ ਨਾਲ ਲੋਕਾਂ ਦੀਆਂ ਗੱਲਾਂ ਵੀ ਸੁਣਨੀਆਂ ਪਈਆਂ। ਲੋਕਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਕਰਵਾਏ ਗਏ ਰਜਿਸਟਰੀਆਂ, ਪਾਰਸਲ ਅਤੇ ਸਪੀਡ ਪੋਸਟ ਦਾ ਸਟੇਟਸ ਵੀ ਠੀਕ ਤਰ੍ਹਾਂ ਨਾਲ ਪਤਾ ਨਹੀਂ ਲੱਗਦਾ ਜਦਕਿ ਛੇ ਛੇ ਸੱਤ ਸੱਤ ਦਿਨ ਪਹਿਲਾਂ ਕਰਵਾਏ ਗਏ ਪਾਰਸਲ ਵੀ ਮੰਜ਼ਿਲ ਤਕ ਨਹੀਂ ਪਹੁੰਚੇ ਹਨ। ਕੋਰੀਅਰ ਰਾਹੀ ਪੈਸੇ ਡਾਕਘਰ ਤੋਂ ਲਗਭਗ ਡਬਲ ਲੱਗਦੇ ਹਨ ਇਸ ਲਈ ਉਹ ਰੱਖੜੀਆਂ ਤੇ ਹੋਰ ਸਮਾਨ ਭੇਜਣ ਲਈਆਂ ਸੇਵਾਵਾਂ ਨੂੰ ਤਰਜੀਹ ਦਿੰਦੇ ਹਨ ਪਰ ਕਈ ਦਿਨਾਂ ਤੋਂ ਡਾਕਘਰ ਦੀਆਂ ਸੇਵਾਵਾਂ ਬੰਦ ਪਈਆਂ ਹਨ।
ਪਿੰਡ ਨਸ਼ਹਿਰਾ ਬਹਾਦਰ ਤੋਂ ਪਹੁੰਚੀ ਸੰਯੋਗਤਾ ਨੇ ਦੱਸਿਆ ਕਿ ਉਹ ਮੰਗਲਵਾਰ ਨੂੰ ਮਹਾਰਾਸ਼ਟਰ ਵਿੱਚ ਇੰਜਨੀਰਿੰਗ ਕਰ ਰਹੇ ਆਪਣੇ ਭਰਾ ਨੂੰ ਰੱਖੜੀ ਭੇਜਣ ਲਈ ਸੀ ਪਰ ਰੱਖੜੀ ਨਹੀਂ ਗਈ ਤਾਂ ਉਸ ਨੇ ਰੱਖੜੀ ਕੋਰੀਅਰ ਰਾਹੀ ਆਪਣੇ ਭਰਾ ਨੂੰ ਭੇਜ ਦਿੱਤੀ । ਉਸਨੂੰ ਦੱਸਿਆ ਗਿਆ ਸੀ ਕਿ ਸਿਸਟਮ ਪੂਰੇ ਭਾਰਤ ਵਿੱਚ ਸਿਸਟਮ ਅਪਗ੍ਰੇਡ ਹੋ ਰਿਹਾ ਹੈ ਤੇ ਕੁਝ ਨਵੀਆਂ ਸੇਵਾਵਾਂ ਵੀ ਗ੍ਰਾਹਕਾਂ ਦੀ ਸਹੂਲਤ ਲਈ ਡਾਕਘਰ ਵੱਲੋਂ ਨਵੇਂ ਸਿਸਟਮ ਜੋੜੀਆਂ ਜਾ ਰਹੀਆਂ ਹਨ। ਅੱਜ ਫੇਰ ਉਹ ਇੱਕ ਪਾਰਸਲ ਕਰਾਉਣ ਲਈ ਆਈ ਹੈ ਪਰ ਸਿਸਟਮ ਅੱਜ ਵੀ ਕੰਮ ਨਹੀਂ ਕਰ ਰਿਹਾ। ਖੱਜਲ ਖੁਆਰ ਹੋ ਰਹੇ ਲੋਕਾਂ ਦਾ ਕਹਿਣਾ ਹੈ ਕਿ ਦੀ ਵੇਟ ਘੱਟੋ ਘੱਟ ਤਿਉਹਾਰਾਂ ਦੇ ਦਿਨਾਂ ਵਿੱਚ ਸਿਸਟਮ ਅਪਗਰੇਡ ਨਹੀਂ ਸੀ ਕਰਨਾ ਚਾਹੀਦਾ ।