ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਵਿਸ਼ੇਸ਼ ਸੂਬਾਈ ਮੀਟਿੰਗ
22 ਅਤੇ 23 ਫਰਵਰੀ ਨੂੰ ਮਸਤੂਆਣਾ ਸਾਹਿਬ ਵਿਖੇ ਹੋਵੇਗਾ ਸੂਬਾਈ ਜਥੇਬੰਦਕ ਇਜਲਾਸ: ਮਨਜੀਤ ਧਨੇਰ
5 ਮਾਰਚ ਤੋਂ ਐਸਕੇਐਮ ਦੇ ਸੱਦੇ ਤੇ ਚੰਡੀਗੜ੍ਹ ਵਿਖੇ ਲੱਗਣ ਵਾਲੇ ਪੱਕੇ ਮੋਰਚੇ ਲਈ ਕੀਤੀ ਗਈ ਵਿਉਂਤਬੰਦੀ: ਹਰਨੇਕ ਮਹਿਮਾ
ਚੰਦਭਾਨ ਮਜ਼ਦੂਰਾਂ ਖਿਲਾਫ਼ ਦਰਜ ਨਜਾਇਜ਼ ਕੇਸਾਂ ਵਿੱਚ ਗ੍ਰਿਫ਼ਤਾਰ ਕੀਤੇ ਆਗੂਆਂ/ਆਮ ਲੋਕਾਂ ਨੂੰ ਰਿਹਾਅ ਕੀਤਾ ਜਾਵੇ: ਗੁਰਦੀਪ ਰਾਮਪੁਰਾ
ਬਾਇਓ ਗੈਸ ਫੈਕਟਰੀਆਂ ਵਿਰੋਧੀ ਸੰਘਰਸ਼ ਨੂੰ ਪੁਲਿਸ ਜ਼ਬਰ ਨਾਲ ਦਬਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ: ਅਮਨਦੀਪ ਸਿੰਘ ਲਲਤੋਂ
ਦਲਜੀਤ ਕੌਰ
ਬਰਨਾਲਾ, 12 ਫਰਵਰੀ, 2025: ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੀ ਵਿਸ਼ੇਸ਼ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਕਮੇਟੀ ਤੋਂ ਇਲਾਵਾ 14 ਜ਼ਿਲਿਆਂ ਤੋਂ ਪ੍ਰਧਾਨ ਅਤੇ ਜਨਰਲ ਸਕੱਤਰ ਹਾਜ਼ਰ ਸਨ। ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੋਏ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਜਥੇਬੰਦੀ ਦਾ ਸੂਬਾਈ ਜਥੇਬੰਦਕ ਇਜਲਾਸ 22 ਅਤੇ 23 ਫਰਵਰੀ ਨੂੰ ਮਸਤੂਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਵਿਖੇ ਹੋਵੇਗਾ। ਇਸ ਤੋਂ ਪਹਿਲਾਂ ਜਥੇਬੰਦੀ ਦਾ ਜਨਰਲ ਇਜਲਾਸ 2016 ਵਿੱਚ ਭੁਪਾਲ ਖੁਰਦ (ਮਾਨਸਾ) ਵਿਖੇ ਹੋਇਆ ਸੀ। ਹੁਣ ਹੋਣ ਵਾਲੇ ਇਜਲਾਸ ਵਿੱਚ ਉਦੋਂ ਤੋਂ ਲੈ ਕੇ ਅੱਜ ਤੱਕ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇਗੀ। ਇਸ ਸਬੰਧੀ ਜਨਰਲ ਸਕੱਤਰ ਨੇ ਵਿਸਥਾਰਤ ਰਿਪੋਰਟ ਮੀਟਿੰਗ ਵਿੱਚ ਪੇਸ਼ ਕੀਤੀ ਅਤੇ ਬਹਿਸ ਉਪਰੰਤ ਸੋਧਾਂ ਕਰਨ ਉਪਰੰਤ ਸਰਬਸੰਮਤੀ ਨਾਲ ਪਾਸ ਕੀਤੀ ਗਈ। 22 ਅਤੇ 23 ਫਰਵਰੀ ਨੂੰ ਇਜਲਾਸ ਦੌਰਾਨ ਪਿਛਲੇ ਸਮੇਂ ਵਿੱਚ ਜਥੇਬੰਦੀ ਤੋਂ ਰਹੀਆਂ ਘਾਟਾਂ ਕਮਜ਼ੋਰੀਆਂ ਦੀ ਨਿਸ਼ਾਨਦੇਹੀ ਕਰਦਿਆਂ ਮਿਲੇ ਹੋਏ ਸਬਕਾਂ ਨੂੰ ਗ੍ਰਹਿਣ ਕੀਤਾ ਜਾਵੇਗਾ।
ਕੌਮੀ ਅਤੇ ਕੌਮਾਂਤਰੀ ਹਾਲਾਤਾਂ ਦੇ ਸਨਮੁੱਖ ਕਿਸਾਨੀ ਨੂੰ ਦਰਪੇਸ਼ ਸੰਕਟ ਨੂੰ ਵਿਚਾਰਦੇ ਹੋਏ ਆਉਣ ਵਾਲੇ ਸਮੇਂ ਵਿੱਚ ਕਿਸਾਨੀ ਘੋਲਾਂ ਦੀ ਦਿਸ਼ਾ ਸਬੰਧੀ ਵਿਚਾਰਿਆ ਜਾਵੇਗਾ।
ਇਸ ਤੋਂ ਇਲਾਵਾ 5 ਮਾਰਚ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਚੰਡੀਗੜ੍ਹ ਵਿਖੇ ਲੱਗਣ ਵਾਲੇ ਪੱਕੇ ਮੋਰਚੇ ਵਿੱਚ ਸ਼ਿਰਕਤ ਕਰਨ ਲਈ ਵਿਉਂਤਬੰਦੀ ਕੀਤੀ ਗਈ। ਵੱਖ ਵੱਖ ਜ਼ਿਲ੍ਹਾ ਕਮੇਟੀਆਂ ਤੋਂ ਮੋਰਚੇ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਮਜ਼ਦੂਰਾਂ ਅਤੇ ਔਰਤਾਂ ਦੀ ਗਿਣਤੀ ਅਤੇ ਟਰਾਲੀਆਂ ਦੀ ਗਿਣਤੀ ਦਾ ਜਾਇਜ਼ਾ ਲਿਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ -ਡਕੌਂਦਾ ਦੇ ਆਗੂ ਅਤੇ ਵਰਕਰ ਦਹਿ ਹਜ਼ਾਰਾਂ ਦੀ ਗਿਣਤੀ ਵਿੱਚ ਚੰਡੀਗੜ੍ਹ ਪਹੁੰਚਣਗੇ।
ਕੁੱਲਰੀਆਂ ਦੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਹੇ ਸੰਘਰਸ਼ ਬਾਰੇ ਆਗੂਆਂ ਨੇ ਕਿਹਾ ਕਿ ਕੁੱਲਰੀਆਂ ਦੀ ਜ਼ਮੀਨ ਤੇ ਕਿਸਾਨਾਂ ਦਾ ਕਬਜ਼ਾ ਬਰਕਰਾਰ ਰੱਖਿਆ ਜਾਵੇਗਾ। ਜੇਕਰ ਸਰਕਾਰ ਨੇ ਕਿਸਾਨਾਂ ਦੇ ਖ਼ਿਲਾਫ਼ ਕੋਈ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਜੱਥੇਬੰਦਕ ਸੰਘਰਸ਼ ਰਾਹੀਂ ਸਖ਼ਤ ਜਵਾਬ ਦਿੱਤਾ ਜਾਵੇਗਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਹਰੀਸ਼ ਨੱਢਾ ਲਾਧੂਕਾ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ, ਔਰਤ ਵਿੰਗ ਦੀ ਕਨਵੀਨਰ ਬੀਬੀ ਅੰਮ੍ਰਿਤਪਾਲ ਕੌਰ ਹਰੀ ਨੌਂ, ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਭਦੌੜ, ਲਖਵੀਰ ਸਿੰਘ ਆਕਲੀਆ, ਜੰਗੀਰ ਸਿੰਘ ਖਹਿਰਾ, ਗੁਰਦੀਪ ਸਿੰਘ ਖੁੱਡੀਆਂ, ਹਰਮੀਤ ਸਿੰਘ ਫਾਜ਼ਿਲਕਾ, ਜਗਤਾਰ ਸਿੰਘ ਦੇਹੜਕਾ, ਗੁਰਨਾਮ ਸਿੰਘ ਮਹਿਰਾਜ, ਸੁਖਚੈਨ ਸਿੰਘ ਰਾਜੂ, ਸਾਹਿਬ ਸਿੰਘ ਬਡਬਰ, ਦੇਵੀ ਰਾਮ ਰੰਘੜਿਆਲ, ਸਤਨਾਮ ਬਰਨਾਲਾ, ਪਰਮਿੰਦਰ ਸਿੰਘ ਮੁਕਤਸਰ, ਬੂਟਾ ਖਾਨ ਮਲੇਰਕੋਟਲਾ, ਗੁਰਦੇਵ ਸਿੰਘ ਮਾਂਗੇਵਾਲ, ਤਾਰਾ ਚੰਦ ਬਰੇਟਾ, ਜਗਤਾਰ ਸਿੰਘ ਦੁੱਗਾਂ, ਗੁਲਜ਼ਾਰ ਸਿੰਘ ਕਬਰਵੱਛਾ, ਸੁਖਦੇਵ ਸਿੰਘ ਜਮਾਲ ਕੇ, ਰਜਿੰਦਰ ਸਿੰਘ ਭਨੋਹੜ, ਹਸਨ ਮੁਹੰਮਦ, ਨਿਰਮਲ ਸਿੰਘ ਭੰਮੀਪੁਰਾ, ਪ੍ਰਿੰਸ ਕੰਬੋਜ, ਬਲਵੰਤ ਸਿੰਘ ਫਿਰੋਜ਼ਪੁਰ, ਜਤਿੰਦਰ ਸਿੰਘ ਫਿਰੋਜ਼ਪੁਰ, ਕੁਲਵਿੰਦਰ ਸਿੰਘ ਮੁਕਤਸਰ ਹਾਜ਼ਰ ਸਨ।