ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿੱਚ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਮਿਲੇ
- ਪੂਰਨ ਸਹਿਯੋਗ, ਸਮਰਪਿਤ ਭਾਵਨਾ ਵਾਲਾ ਪੱਤਰ ਸੌਂਪਿਆ
ਅੰਮ੍ਰਿਤਸਰ:- 04 ਮਾਰਚ 2025 - ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਦੀ ਅਗਵਾਈ ਵਿੱਚ ਸਿੰਘ ਸਾਹਿਬ ਜਥੇ. ਅਕਾਲ ਤਖ਼ਤ ਸਾਹਿਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਤੇ ਸਮਰਪਿਤਾ ਦੇਣ ਦਾ ਭਰੋਸਾ ਦਿੱਤਾ। ਅੱਜ ਸ੍ਰੀ ਅਕਾਲ ਤਖ਼ਤ ਸਹਿਬ ਦੇ ਸਕੱਤਰੇਤ ਵਿਖੇ ਸਿੰਘ ਸਾਹਿਬ ਜਥੇਦਾਰ ਗਿ. ਰਘਬੀਰ ਸਿੰਘ ਨੂੰ ਪੱਤਰ ਸੌਂਪਿਆ ਜਿਸ ਵਿੱਚ ਕਿਹਾ ਗਿਆ ਕਿ ਸਮੁੱਚਾ ਸਿੱਖ ਜਗਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹਰ ਹੁਕਮ-ਆਦੇਸ਼, ਸੰਦੇਸ਼ ਅੱਗੇ ਸਿਰ ਝੁਕਾਉਂਦਾ ਨਿਮਰਤਾ ਪੂਰਵਕ ਉਸ ਦੀ ਪਾਲਣਾ ਕਰਦਾ ਹੈ। ਸਿੱਖ ਵੱਲੋਂ ਕੀਤੀ ਅਰਦਾਸ ਬਿਰਥਾ ਨਹੀਂ ਜਾਂਦੀ ਜੇਕਰ ਸਿੱਖ ਵਿੱਚ ਆਪਣੇ ਗੁਰੂ ਪ੍ਰਤੀ, ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਦੀ ਚੇਸਟਾ ਪ੍ਰਬਲ ਹੈ। ਉਨ੍ਹਾਂ ਕਿਹਾ ਸਿੱਖਾਂ ਨੂੰ ਬੁੱਢਾ ਦਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਛੇਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਵੱਲੋਂ ਜੰਗ ਸਮੇਂ ਕੀਤੀ ਅਰਦਾਸ ਦੇ ਮਹੱਤਵ ਤੋਂ ਸੇਧ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਪੰਥਕ ਰਹੁਰੀਤਾਂ ਦੀ ਅਵੱਗਿਆ ਲਈ ਇੱਥੇ ਦੋਸ਼ੀਆਂ ਦੇ ਕੋਰੜੇ ਵੀ ਵੱਜੇ, ਗਲਾਂ `ਚ ਤਖ਼ਤੀਆਂ ਵੀ ਪਈਆਂ, ਥਮਲਿਆਂ ਨਾਲ ਵੀ ਬੰਨ੍ਹਿਆ ਗਿਆ। ਪੁਠੇ ਪੈਰੀ ਵੀ ਤੁਰਨ ਦੀ ਸਜ਼ਾ ਵੀ ਭੁਗਤਨੀ ਪਈ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇੱਕ-ਇੱਕ ਨੁਕਤੇ ਤੋਂ 2 ਦਸੰਬਰ 2024 ਵਾਲਾ ਹੁਕਮਨਾਮਾ ਇਤਿਹਾਸਕ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਬਉਚ ਹੈ, ਬਖਸ਼ਿੰਦ ਹੈ ਅਤੇ ਉਥੋਂ ਜਾਰੀ ਹੁਕਮਨਾਮਿਆਂ ਨੂੰ ਨਾ ਮੰਨ ਕੇ ਸਿੱਖ ਜਗਤ ਅੰਦਰ ਕਿਸੇ ਵੀ ਸਿੱਖ ਅਤੇ ਪੰਥਕ ਧਿਰ ਦਾ ਕਦੀ ਕੋਈ ਗੁਜ਼ਾਰਾ ਨਹੀਂ ਹੋ ਸਕਦਾ। ਅਕਾਲ ਤਖ਼ਤ ਸਾਹਿਬ ਮੀਰੀ-ਪੀਰੀ ਦਾ ਸੁਮੇਲ ਹੈ, ਮੀਰੀ ਉੱਤੇ ਪੀਰੀ ਦਾ ਕੁੰਡਾ ਹੈ।ਇੱਥੇ ਪਾਤਸ਼ਾਹੀ ਦੇ ਦਾਅਵੇ ਦੀ ਗੱਲ ਹੋਣੀ ਚਾਹੀਦੀ ਹੈ ਨਾ ਕਿ ਬਾਦਸ਼ਾਹਤ ਦੀ। ਉਨ੍ਹਾਂ ਹੋਰ ਕਿਹਾ ਅਕਾਲ ਤਖ਼ਤ ਸਾਹਿਬ `ਤੇ ਸਿੱਖਨੀਤੀ ਦੀ ਪ੍ਰਭੂਸਤਾ ਨੂੰ ਪ੍ਰਚੰਡ ਰੱਖਣ ਦੀਆਂ ਵੀਚਾਰਾਂ ਹੋਣੀਆਂ ਚਾਹੀਦੀਆਂ ਹਨ, ਨਾ ਕੇ ਰਾਨਜੀਤਿਕ ਹੱਥ ਕੰਡੇ ਵਰਤੇ ਜਾਣ। ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਇਤਿਹਾਸ ਵਿੱਚੋਂ ਨਾਮੋ ਨਿਸ਼ਾਨ ਮਿੱਟ ਗਿਆ ਹੈ।
ਉਨਾਂ੍ਹ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ 2-12-24 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਦੀ ਹਰਮੱਦ ਇਨਬਿਨ ਲਾਗੂ ਹੋਣੀ ਚਾਹੀਦੀ ਹੈ, ਉਸ ਲਈ ਸਿੰਘ ਸਾਹਿਬਾਨ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੁਰਜੋਰ ਅਪੀਲ ਕਰਦੇ ਹਾਂ ਕਿ ਦ੍ਰਿੜਤਾ, ਸੂਰਮਗਤੀ ਤੇ ਨਿਰਭੈਤਾ ਨਾਲ ਡਟਵਾਂ ਪਹਿਰਾ ਦਿਓ ਸਮੁੱਚੀਆਂ ਗੁਰੂ ਜੀ ਦੀਆਂ ਲਾਡਲੀਆਂ ਨਿਹੰਗ ਸਿੰਘ ਜਥੇਬੰਦੀਆਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਪੰਥਕ ਮਰਿਯਾਦਾ ਤੋਂ ਮੁਨਕਰ ਲੋਕਾਂ ਦੇ ਬਿਸਤਰੇ ਗੋਲ ਕਰਵਾਉਂਦਾ ਆਇਆ ਹੈ ਅੱਜ ਇਹ ਵੀ ਇਕ ਇਤਿਹਾਸ ਸਿਰਜਨ ਦੀ ਲੋੜ ਹੈ। ਉਨ੍ਹਾਂ ਸਲਾਹ ਦੇਂਦਿਆ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੋਂ ਮੁਨਕਰ ਕੋਈ ਵੀ ਧਿਰ ਹੋਵੇ ਉਸ ਨੂੰ ਸਜ਼ਾ ਭੁਗਤਣੀ ਪਈ ਹੈ। ਨਿਹੰਗ ਸਿੰਘ ਜਥੇਬੰਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰ ਹੁਕਮ ਤੇ ਡੱਟ ਕੇ ਪਹਿਰਾ ਦੇਣ ਲਈ ਹਰ ਵੇਲੇ ਤਿਆਰ ਬਰ ਤਿਆਰ ਹਨ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀਆਂ ਸ਼ਾਨ ਹੈ ਇਸ ਆਨ ਸ਼ਾਨ ਬਾਣ ਵੱਲ ਕਿਸੇ ਨੂੰ ਵੀ ਕੈਰੀ ਅੱਖ ਨਾਲ ਨਹੀਂ ਵੇਖਣ ਦਿਆਂਗੇ। ਉਨ੍ਹਾਂ ਕਿਹਾ ਮਰਯਾਦਾ ਲਈ ਪਹਿਲਾਂ ਨਿਹੰਗ ਸਿੰਘ ਕੁਰਬਾਨੀਆਂ ਦਿੰਦੇ ਰਹੇ ਹਨ ਤੇ ਅੱਜ ਵੀ ਹਰ ਕੁਰਬਾਨੀ ਦੇਣ ਲਈ ਤਿਆਰ ਹਨ।
ਅਕਾਲ ਤਖ਼ਤ ਸਾਹਿਬ ਤੋਂ ਪੰਥਕ ਜਗਤਿ ਵਿੱਚ ਮਰਯਾਦਾ ਦਾ ਪਾਲਣ ਕਰਦਿਆਂ ਗੁਰਮਤਾ ਕਰਨ ਵਾਲੇ ਜਥੇਦਾਰਾਂ ਖਿਲਾਫ ਸੋਸ਼ਲ ਮੀਡੀਏ ਵਿੱਚ ਤੋਹਮਤ ਵਾਲੀ ਬਿਆਨ ਬਾਜ਼ੀ ਨਹੀਂ ਹੋਣੀ ਚਾਹੀਦੀ ਅਤੇ ਨਾ ਹੀ ਕਰਨ ਦੀ ਜ਼ੁਅਰਤ ਕਰਨੀ ਚਾਹੀਦੀ ਹੈ। ਇਸ ਸਮੇਂ ਬਾਬਾ ਜੋਗਾ ਸਿੰਘ ਮੁਖੀ ਤਰਨਾ ਦਲ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਬਾਬਾ ਬਕਾਲਾ ਵੱਲੋਂ ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਬਾਬਾ ਬਿਧੀਚੰਦ ਸਾਹਿਬ ਤਰਨਾ ਦਲ ਸੁਰਸਿੰਘ ਵੱਲੋਂ ਬਾਬਾ ਨਾਹਰ ਸਿੰਘ ਸਾਧ, ਬਾਬਾ ਮੇਜਰ ਸਿੰਘ ਸੋਢੀ ਤਰਨਾ ਦਲ, ਬਾਬਾ ਨਾਗਰ ਸਿੰਘ ਹਰੀਆਂ ਬੇਲਾਂ, ਬਾਬਾ ਗੁਰਪਿੰਦਰ ਸਿੰਘ ਸਤਲਾਣੀ ਸਾਹਿਬ, ਬਾਬਾ ਵਸਣ ਸਿੰਘ, ਬਾਬਾ ਗੁਰਮੇਲ ਸਿੰਘ ਕਨੇਡਾ, ਬਾਬਾ ਕੁਲਵਿੰਦਰ ਸਿੰਘ, ਜਥੇਦਾਰ ਰਾਜਾ ਰਾਜ ਸਿੰਘ ਅਰਬਾ ਖਰਬਾ, ਬਾਬਾ ਖੜਕ ਸਿੰਘ, ਬਾਬਾ ਰਜਿੰਦਰਪਾਲ ਸਿੰਘ ਮਾਲੂਵਾਲ, ਬਾਬਾ ਵੱਸਣ ਸਿੰਘ ਮੜ੍ਹੀਆਵਾਲੇ, ਬਾਬਾ ਰਘਬੀਰ ਸਿੰਘ ਖਿਆਲਾ, ਬਾਬਾ ਤਰਸੇਮ ਸਿੰਘ ਨਾਨਕਸਰ, ਜਥੇਦਾਰ ਬਲਵਿੰਦਰ ਸਿੰਘ ਮਹਿਤਾ ਚੌਂਕ, ਜਥੇਦਾਰ ਪ੍ਰਗਟ ਸਿੰਘ, ਜਥੇਦਾਰ ਸੁਖਵਿੰਦਰ ਸਿੰਘ ਮੜ੍ਹੀਆਵਾਲੇ, ਜਥੇਦਾਰ ਬਲਦੇਵ ਸਿੰਘ ਵੱਲਾ, ਜਥੇਦਾਰ ਕੁਲਵਿੰਦਰ ਸਿੰਂਘ ਚੌਂਤਾ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ, ਬਾਬਾ ਸ਼ੇਰ ਸਿੰਘ, ਭਾਈ ਸੁਖਜੀਤ ਸਿੰਘ ਕਨੱ੍ਹਈਆ, ਬਾਬਾ ਜੋਗਾ ਸਿੰਘ ਕਰਨਾਲਵਾਲੇ, ਬਾਬਾ ਕਰਮਜੀਤ ਸਿੰਘ ਯਮਨਾਨਗਰ ਤੋਂ ਇਲਾਵਾ ਬੇਅੰਤ ਨਿਹੰਗ ਸਿੰਘ ਫੌਜ਼ਾਂ ਹਾਜ਼ਰ ਸਨ।