ਫਤਹਿਗੜ੍ਹ ਸਾਹਿਬ ਵਿਖੇ ਪ੍ਰਭ ਆਸਰਾ, ਕੁਰਾਲ਼ੀ ਵੱਲੋਂ ਮੁਫ਼ਤ ਮੈਡੀਕਲ ਕੈਂਪ ਦੀ ਸ਼ੁਰੂਆਤ
ਕੈਂਪ ਦੌਰਾਨ 28 ਦਸੰਬਰ ਤੱਕ ਜਾਰੀ ਰਹਿਣੀਆਂ ਮੈਡੀਕਲ ਸੇਵਾਵਾਂ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 25 ਦਸੰਬਰ 2024: ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀਆਂ ਲਾਸਾਨੀ ਸ਼ਹੀਦੀਆਂ ਨੂੰ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਵਾਨ ਸੰਗਤ ਦੀ ਆਮਦ ਜਾਰੀ ਹੈ। ਜਿਸ ਨੂੰ ਮੁੱਖ ਰੱਖਦਿਆਂ ਸੇਵਾ-ਭਾਵਨਾ ਰੱਖਣ ਵਾਲ਼ੇ ਸ਼ਰਧਾਲੂਆਂ ਅਤੇ ਸੰਸਥਾਵਾ ਵੱਲੋਂ ਆਪੋ-ਆਪਣੇ ਤਰੀਕੇ ਨਾਲ਼ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਸੰਸਥਾ ਪ੍ਰਭ ਆਸਰਾ, ਪਡਿਆਲਾ (ਕੁਰਾਲ਼ੀ) ਵੱਲੋਂ ਬਾਬਾ ਗਾਜੀਦਾਸ ਕਲੱਬ, ਰੋਡਮਾਜਰਾ (ਸੰਚਾਲਕ: ਦਵਿੰਦਰ ਸਿੰਘ ਬਾਜਵਾ) ਦੇ ਸਹਿਯੋਗ ਨਾਲ਼ ਗੁਰੂਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦੇ ਬਿਲਕੁੱਲ ਨੇੜੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਹੈ। ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਕੱਲ੍ਹ 24 ਦਸੰਬਰ ਤੋਂ ਸ਼ੁਰੂ ਹੋਏ ਇਸ ਕੈਂਪ ਵਿੱਚ 28 ਦਸੰਬਰ ਤੱਕ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼, ਦਵਾਈਆਂ ਅਤੇ ਐਂਬੂਲੈਂਸਾਂ ਆਦਿ ਸੇਵਾਵਾਂ ਦਾ ਉਚੇਚਾ ਪ੍ਰਬੰਧ ਰਹੇਗਾ। ਜਿਕਰਯੋਗ ਹੈ ਕਿ ਆਪਣੀਆਂ ਮਾਨਵਤਾਵਾਦੀ ਗਤੀਵਿਧੀਆਂ ਲਈ ਪ੍ਰਸਿੱਧ ਸੰਸਥਾ ਪ੍ਰਭ ਆਸਰਾ ਵੱਲੋਂ ਸਿਹਤ ਸੇਵਾਵਾਂ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ। ਜਿਸ ਦੇ ਚਲਦਿਆਂ ਸੰਸਥਾ ਵੱਲੋਂ ਬੇਸਹਾਰਾ ਨਾਗਰਿਕਾਂ ਦੇ ਪੁਨਰਵਾਸ ਸਬੰਧੀ ਸੇਵਾਵਾਂ ਦੇ ਨਾਲ਼ ਨਾਲ਼ ਸਮੇਂ ਸਮੇਂ 'ਤੇ ਲੋੜ ਆਧਾਰਿਤ ਖੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਕੈਂਪ ਆਦਿ ਲਗਾਏ ਜਾਂਦੇ ਹਨ।