ਪੰਜਾਬ ਸਰਕਾਰ ਨੇ ਨਹਿਰੀ ਪਾਣੀ ਲਈ ਪੁੱਟੀਆਂ ਸੜਕਾਂ ਮੁੜ ਬਣਾਉਣ ਲਈ 17.58 ਕਰੋੜ ਰੁਪਏ ਮੁਹੱਈਆ ਕਰਵਾਏ- ਕੋਹਲੀ
- ਕਿਹਾ, ਨਹਿਰੀ ਪਾਣੀ ਦੀ ਸਪਲਾਈ ਦਾ ਪਹਿਲਾ ਪੜਾਅ ਇਸੇ ਸਾਲ ਜੁਲਾਈ 'ਚ ਸ਼ੁਰੂ ਹੋ ਜਾਵੇਗਾ
- ਟੁੱਟੀਆਂ ਸੜਕਾਂ ਕਰਕੇ ਲੋਕਾਂ ਨੂੰ ਹੋ ਰਹੀ ਅਸੁਵਿਧਾ ਅਪ੍ਰੈਲ ਮਹੀਨੇ ਖਤਮ ਹੋ ਜਾਵੇਗੀ
- ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਨਹਿਰੀ ਪਾਣੀ ਪ੍ਰਾਜੈਕਟ ਕਰਕੇ ਟੁੱਟੀਆਂ ਸੜਕਾਂ ਬਣਾਉਣ ਦੇ ਕੰਮ ਦਾ ਜਾਇਜ਼ਾ
ਪਟਿਆਲਾ, 4 ਮਾਰਚ - ਪਟਿਆਲਾ ਸ਼ਹਿਰ ਵਿਖੇ 24 ਘੰਟੇ ਸੱਤੇ ਦਿਨ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਲਈ ਪਾਇਪ ਲਾਈਨਾਂ ਪਾਉਣ ਲਈ ਲਾਰਸਨ ਐਂਡ ਟੂਬਰੋ ਕੰਪਨੀ ਵੱਲੋਂ ਪੁੱਟੀਆਂ ਗਈਆਂ ਸੜਕਾਂ ਦੀ ਬਾਕੀ ਰਹਿ ਗਈ ਉਸਾਰੀ ਲਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਦੀ ਅਗਵਾਈ ਹੇਠ 17.58 ਕਰੋੜ ਰੁਪਏ ਮੁਹੱਈਆ ਕਰਵਾਏ ਹਨ।ਇਹ ਫੰਡ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਕੀਤੇ ਗਏ ਯਤਨਾਂ ਸਦਕਾ ਪਟਿਆਲਾ ਨਗਰ ਨਿਗਮ ਨੂੰ ਅਲਾਟ ਹੋਏ ਹਨ। ਵਿਧਾਇਕ ਕੋਹਲੀ ਨੇ ਦੱਸਿਆ ਕਿ ਬਣਨ ਵਾਲੀਆਂ ਸੜਕਾਂ ਦੀ ਤਜਵੀਜ ਬਣ ਚੁੱਕੀ ਅਤੇ ਅਪ੍ਰੈਲ ਮਹੀਨੇ ਵਿੱਚ ਟੁੱਟੀਆਂ ਸੜਕਾਂ ਕਰਕੇ ਲੋਕਾਂ ਨੂੰ ਹੋ ਰਹੀ ਅਸੁਵਿਧਾ ਖਤਮ ਹੋ ਜਾਵੇਗੀ।
ਸ਼ਹਿਰ ਵਿੱਚ ਪੁੱਟੀਆਂ ਗਈਆਂ ਸੜਕਾਂ ਦੀ ਮੁਰੰਮਤ ਲਈ ਚੱਲ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਅੱਜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਸਮੇਤ ਨਗਰ ਨਿਗਮ, ਜਲ ਸਪਲਾਈ ਤੇ ਸੀਵਰੇਜ ਬੋਰਡ, ਲੋਕ ਨਿਰਮਾਣ ਵਿਭਾਗ ਸਮੇਤ ਐਲ ਐਂਡ ਟੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।
ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਨਹਿਰੀ ਪਾਣੀ ਦੀ 24 ਘੰਟੇ ਸਪਲਾਈ ਲਈ ਨਹਿਰੀ ਪਾਣੀ ਦੀ ਸਪਲਾਈ ਲਈ 312 ਕਿਲੋਮੀਟਰ ਪਾਇਪ ਲਾਈਨ ਲਾਇਨ ਪਾਈ ਜਾਣੀ ਹੈ, ਜਿਸ ਵਿੱਚੋਂ 192 ਕਿਲੋਮੀਟਰ ਪਾਇਪਾਂ ਵਿਛਾਈਆਂ ਜਾ ਚੁੱਕੀਆਂ ਹਨ ਅਤੇ ਕਰੀਬ 100 ਕਿਲੋਮੀਟਰ ਪਾਈਪ ਲਾਈਨ ਵਿਛਾਉਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਵਾਸੀਆਂ ਨਾਲ ਖੁਸ਼ਖ਼ਬਰੀ ਸਾਂਝੀ ਕੀਤੀ ਕਿ ਨਹਿਰੀ ਪਾਣੀ ਦੀ ਸਪਲਾਈ ਦਾ ਪਹਿਲਾ ਪੜਾਅ ਜੁਲਾਈ 2025 'ਚ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਕੰਮ ਲਈ 136 ਕਿਲੋਮੀਟਰ ਸੜਕਾਂ ਪੁੱਟੀਆਂ ਗਈਆਂ ਸਨ, ਜਿਸ 'ਚੋਂ ਬਣਾਈਆਂ ਗਈਆਂ 83 ਕਿਲੋਮੀਟਰ ਸੜਕਾਂ ਵਿੱਚੋਂ 75 ਲੈਂਡ ਐਂਡ ਟੀ ਵੱਲੋਂ, 5 ਲੋਕ ਨਿਰਮਾਣ ਵਿਭਾਗ ਅਤੇ 3 ਕਿਲੋਮੀਟਰ ਨਗਰ ਨਿਗਮ ਨੇ ਬਣਾਈਆ ਹਨ।
ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਅਜੇ ਵੀ 53 ਕਿਲੋਮੀਟਰ ਸੜਕਾਂ ਬਣਨੀਆਂ ਬਾਕੀ ਹਨ, ਜਿਸ ਵਿੱਚੋਂ 5 ਕਿਲੋਮੀਟਰ ਲੋਕ ਨਿਰਮਾਣ ਵਿਭਾਗ ਵੱਲੋਂ ਅਤੇ 5 ਕਿਲੋਮੀਟਰ ਐਲ ਐਂਡ ਟੀ ਵੱਲੋਂ ਅਤੇ 43 ਕਿਲੋਮੀਟਰ ਲੁੱਕ ਵਾਲੀਆਂ ਦਾ ਨਿਰਮਾਣ ਨਗਰ ਨਿਗਮ ਪਟਿਆਲਾ ਵੱਲੋਂ ਕੀਤਾ ਜਾਵੇਗਾ, ਜਿਸ ਲਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਫੰਡ ਮੁਹੱਈਆ ਕਰਵਾਏ ਹਨ। ਉਨ੍ਹਾਂ ਕਿਹਾ ਕਿ ਇਹ ਫੰਡ ਲੈਣ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਉਨ੍ਹਾਂ ਨੇ ਖ਼ੁਦ ਮੁੱਖ ਮੰਤਰੀ ਤੱਕ ਪਹੁੰਚ ਕੀਤੀ ਸੀ। ਵਿਧਾਇਕ ਕੋਹਲੀ ਨੇ ਦੱਸਿਆ ਕਿ ਇਨ੍ਹਾਂ ਸੜਕਾਂ ਦੀ ਤਜਵੀਜ ਬਣ ਚੁੱਕੀ ਅਤੇ ਕੰਮ ਬਹੁਤ ਜਲਦੀ ਸ਼ੁਰੂ ਹੋ ਜਾਵੇਗਾ ਅਤੇ ਅਪ੍ਰੈਲ ਮਹੀਨੇ ਵਿੱਚ ਲੋਕਾਂ ਨੂੰ ਟੁੱਟੀਆਂ ਸੜਕਾਂ ਕਰਕੇ ਹੋ ਰਹੀ ਅਸੁਵਿਧਾ ਖਤਮ ਹੋ ਜਾਵੇਗੀ।
ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਪ੍ਰੰਤੂ ਪਟਿਆਲਾ ਵਿੱਚ ਵਿਕਾਸ ਹੁੰਦਾ ਕਿਸੇ ਨੇ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਪਟਿਆਲਾ ਦੇ ਸਾਰੇ ਇਲਾਕਿਆਂ ਵਿਚ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਜਾਰੀ ਸਾਰੇ ਕਾਰਜ ਜੰਗੀ ਪੱਧਰ 'ਤੇ ਮੁਕੰਮਲ ਹੋਣੇ ਸ਼ੁਰੂ ਹੋ ਗਏ ਹਨ।
ਇਸ ਮੌਕੇ ਏ.ਡੀ.ਸੀ. ਸ਼ਹਿਰੀ ਵਿਕਾਸ ਨਵਰੀਤ ਕੌਰ ਸੇਖੋਂ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਬਬਨਦੀਪ ਸਿੰਘ ਵਾਲੀਆ, ਨਗਰ ਨਿਗਮ ਦੇ ਐਸ.ਈ. ਹਰਕਿਰਨ ਸਿੰਘ, ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਵਿਕਾਸ ਧਵਨ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪੀਯੂਸ਼ ਅਗਰਵਾਲ ਤੇ ਨਵੀਨ ਮਿੱਤਲ, ਲਾਰਸਨ ਐਂਡ ਟੂਬਰੋ ਕੰਪਨੀ ਦੇ ਨੁਮਾਇੰਦੇ ਸਮੇਤ ਹੋਰ ਅਧਿਕਾਰੀ ਮੌਜੂਦ ਸਨ।