ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਨਸ਼ਾ ਮੁਕਤੀ ਅਭਿਆਨ ਤਹਿਤ ਸੰਪਰਕ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 8 ਅਗਸਤ 2025: ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵੱਲੋਂ "ਨਸ਼ਾ ਮੁਕਤ ਭਾਰਤ ਅਭਿਆਨ" ਦੇ ਹਿੱਸੇ ਵਜੋਂ ਇੱਕ ਵਿਸ਼ੇਸ਼ ਸੰਪਰਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ। ਇਹ ਸਮਾਗਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਸਰਪ੍ਰਸਤੀ ਹੇਠ "ਯੁੱਧ ਨਸ਼ਿਆਂ ਦੇ ਵਿਰੁੱਧ" ਮੁਹਿੰਮ ਤਹਿਤ ਕਰਵਾਇਆ ਗਿਆ। ਇਸ ਮੀਟਿੰਗ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੇ ਖਤਰਨਾਕ ਪ੍ਰਭਾਵਾਂ ਬਾਰੇ ਸਚੇਤ ਕਰਨਾ ਅਤੇ ਉਨ੍ਹਾਂ ਨੂੰ “ਨਸ਼ਾ ਮੁਕਤ ਰੰਗਲਾ ਪੰਜਾਬ” ਦੀ ਨਿਰਮਾਣ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਲਈ ਉਤਸ਼ਾਹਿਤ ਕਰਨਾ ਸੀ।ਮੀਟਿੰਗ ਦੀ ਅਗਵਾਈ ਸਪੈਸ਼ਲ ਡੀ.ਜੀ.ਪੀ. ਡਾ. ਜਤਿੰਦਰ ਜੈਨ ਨੇ ਕੀਤੀ। ਉਨ੍ਹਾਂ ਦੇ ਨਾਲ ਡੀ.ਆਈ.ਜੀ. ਬਠਿੰਡਾ ਰੇਂਜ ਸ਼੍ਰੀ ਹਰਜੀਤ ਸਿੰਘ (ਆਈ.ਪੀ.ਐਸ.), ਐਸ.ਐਸ.ਪੀ. ਬਠਿੰਡਾ ਸ਼੍ਰੀਮਤੀ ਅਮਨੀਤ ਕੌਂਡਲ ਮ, ਐਸਪੀ ਪੀ.ਬੀ.ਆਈ. ਸ਼੍ਰੀਮਤੀ ਹੀਨਾ ਗੁਪਤਾ , ਅਤੇ ਡੀ.ਜੀ.ਪੀ., ਰੂਰਲ ਸ਼੍ਰੀ ਹਰਜੀਤ ਸਿੰਘ ਮਾਨ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਿਲ ਸਨ।
ਸੈਸ਼ਨ ਦੌਰਾਨ ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਰੁਬਰੂ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਨਸ਼ਾ ਲੈਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਸਾਵਧਾਨ ਕੀਤਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਾਈਬਰ ਕ੍ਰਾਈਮ ਸੈੱਲ, ਬਠਿੰਡਾ ਵੱਲੋਂ ਵੀ ਸਾਈਬਰ ਅਪਰਾਧਾਂ ਅਤੇ ਆਨਲਾਈਨ ਸੁਰੱਖਿਆ ਬਾਰੇ ਜ਼ਰੂਰੀ ਜਾਣਕਾਰੀ ਦਿੱਤੀ ਗਈ।ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਆਪਣੇ ਸੰਬੋਧਨ ਵਿਚ ਪੁਲਿਸ ਟੀਮ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਨਕਾਰਾਤਮਕ ਪ੍ਰਭਾਵਾਂ ਤੋਂ ਬਚਣ ਅਤੇ ਨਸ਼ਿਆਂ ਨੂੰ “ਨਾ” ਕਹਿਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੀ ਧਾਰਮਿਕ ਸੰਸਕ੍ਰਿਤੀ ਅਤੇ ਦਸ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਸਾਨੂੰ ਸਾਧਗੀ, ਅਨੁਸ਼ਾਸਨ ਅਤੇ ਨੇਕ ਜੀਵਨ ਦੀ ਦਿਸ਼ਾ ਦਿਖਾਉਂਦੀਆਂ ਹਨ। ਇਸ ਮੌਕੇ ਯੂਨੀਵਰਸਿਟੀ ਦੇ ਪਰੋ ਵਾਈਸ ਚਾਂਸਲਰ ਪ੍ਰੋ. ਕਿਰਨ ਹਜ਼ਾਰਿਕਾ ਨੇ ਵੀ ਆਪਣੀ ਮੌਜੂਦਗੀ ਨਾਲ ਸਮਾਗਮ ਦੀ ਸ਼ਾਨ ਵਧਾਈ।
ਪ੍ਰੋਗਰਾਮ ਦੌਰਾਨ ਪ੍ਰਸ਼ਨ-ਉੱਤਰ ਸੈਸ਼ਨ ਵੀ ਹੋਇਆ, ਜਿਸ ਵਿੱਚ ਪਹਿਲੇ ਸਾਲ ਦੇ ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਸਮਾਗਮ “ਨਸ਼ਿਆਂ ਨੂੰ ਨਾ ਕਹਿਣ” ਦੀ ਸਮੂਹਿਕ ਸਹੁੰ ਚੁੱਕ ਦੀ ਰਸਮ ਨਾਲ ਸੰਪੰਨ ਹੋਇਆ। ਆਖ਼ਰ ਵਿਚ ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ ਨੇ ਸਮੂਹ ਪੁਲਿਸ ਅਧਿਕਾਰੀਆਂ, ਵਿਦਿਆਰਥੀਆਂ ਅਤੇ ਆਯੋਜਨ ਟੀਮ ਦਾ ਧੰਨਵਾਦ ਪ੍ਰਗਟਾਇਆ।