ਪੰਜਾਬੀ ਯੂਨੀਵਰਸਿਟੀ ਵਿਖੇ ਗੁਰੂ ਦਕਸ਼ਤਾ ਫ਼ੈਕਲਟੀ ਇੰਡਕਸ਼ਨ ਪ੍ਰੋਗਰਾਮ ਸੰਪੰਨ
ਪਟਿਆਲਾ, 5 ਫਰਵਰੀ 2025 - ਪੰਜਾਬੀ ਯੂਨੀਵਰਸਿਟੀ ਦੇ ਯੂ.ਜੀ.ਸੀ. ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਸੈਂਟਰ ਵਿਖੇ ਚੱਲ ਰਿਹਾ 'ਗੁਰੂ ਦਕਸ਼ਤਾ ਫ਼ੈਕਲਟੀ ਇੰਡਕਸ਼ਨ ਪ੍ਰੋਗਰਾਮ' ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। ਵਿਦਾਇਗੀ ਸੈਸ਼ਨ ਦੌਰਾਨ ਭਾਈ ਘਨਈਆ ਸਿਹਤ ਕੇਂਦਰ, ਪੰਜਾਬੀ ਯੂਨੀਵਰਸਿਟੀ ਕੈਂਪਸ ਤੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਰੇਗੀਨਾ ਮੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਡਾ. ਰੇਗੀਨਾ ਮੈਣੀ ਨੇ ਇਸ ਪ੍ਰੋਗਰਾਮ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਦੇਸ਼ ਭਰ ਦੀਆਂ ਵੱਖ-ਵੱਖ ਸੰਸਥਾਵਾਂ ਦੇ ਸਿੱਖਿਅਕਾਂ ਲਈ ਆਪਸੀ ਸੂਝ-ਬੂਝ ਸਾਂਝੀ ਕਰਨ,ਅਕਾਦਮਿਕ ਸਹਿਯੋਗ ਕਰਨ ਅਤੇ ਸਮੂਹਿਕ ਤੌਰ 'ਤੇ ਆਪਣੀ ਮੁਹਾਰਤ ਨੂੰ ਵਧਾਉਣ ਲਈ ਇੱਕ ਬਹੁਤ ਹੀ ਵਧੀਆ ਅਤੇ ਵਿਲੱਖਣ ਪਲੇਟਫਾਰਮ ਹੈ। ਉਨ੍ਹਾਂ ਸਾਰੇ ਭਾਗੀਦਾਰਾਂ ਨੂੰ ਅਕਾਦਮਿਕ ਖੇਤਰ ਦੇ ਨਵੇਂ ਰੁਝਾਨਾਂ ਅਤੇ ਸਿੱਖਣ ਦੇ ਹੁਨਰਾਂ ਨੂੰ ਆਪਣੇ ਅਧਿਆਪਨ ਕੌਸ਼ਲ ਵਿੱਚ ਅਪਣਾਉਣ ਬਾਰੇ ਕਿਹਾ। ਉਨ੍ਹਾਂ ਕਿਹਾ ਕਿ ਅਧਿਆਪਕ ਦੇਸ ਅਤੇ ਸਮਾਜ ਦੇ ਨਿਰਮਾਤਾ ਹੁੰਦੇ ਹਨ। ਉਹ ਵਿਦਿਆਰਥੀਆਂ ਲਈ ਆਦਰਸ਼ ਰੋਲ ਮਾਡਲ ਹੋਣੇ ਚਾਹੀਦੇ ਹਨ।
ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਪਿਛਲੇ 24 ਦਿਨਾਂ ਦੌਰਾਨ ਇਸ ਪ੍ਰੋਗਰਾਮ ਤਹਿਤ ਵੱਖ-ਵੱਖ ਮਾਹਿਰਾਂ ਵੱਲੋਂ ਆਪਣੇ ਵਿਸ਼ੇਸ਼ ਭਾਸ਼ਣ ਦਿੱਤੇ ਗਏ ਜਿਨ੍ਹਾਂ ਬੌਧਿਕ ਤੌਰ 'ਤੇ ਉਤੇਜਕ ਵਿਚਾਰਾਂ ਅਤੇ ਨੁਕਤਿਆਂ ਨਾਲ਼ ਇਸ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਅਧਿਆਪਕਾਂ ਦੀ ਸ਼ਖ਼ਸ਼ੀਅਤ ਨੂੰ ਨਿਖਾਰਨ ਵਿੱਚ ਆਪਣੀ ਭੂਮਿਕਾ ਨਿਭਾਈ। ਉਨ੍ਹਾਂ ਸਾਰੇ ਭਾਗੀਦਾਰਾਂ ਨੂੰ ਉਨ੍ਹਾਂ ਦੀ ਸਰਗਰਮ ਸ਼ਮੂਲੀਅਤ ਅਤੇ ਸਮਰਪਣ ਲਈ ਵਧਾਈ ਦਿੰਦਿਆਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਇਹ ਪ੍ਰੋਗਰਾਮ ਅੰਤਰ-ਅਨੁਸ਼ਾਸਨੀ ਸਹਿਯੋਗ, ਨਵੀਨਤਾਕਾਰੀ ਸਿੱਖਿਆ ਸ਼ਾਸਤਰ, ਅਤੇ ਸਿੱਖਿਆ ਦੇ ਖੇਤਰ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਲਈ ਨਵੇਂ ਰਾਹਾਂ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ।
ਪ੍ਰੋ. ਅਨੂਪ ਠਾਕੁਰ, ਕੋ-ਆਰਡੀਨੇਟਰ, ਗੁਰੂ ਦਕਸ਼ਿਤਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਨੇ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਹਿੱਸਿਆਂ ਤੋਂ ਲਗਭਗ 35 ਪ੍ਰਤੀਯੋਗੀਆਂ ਨੇ ਭਾਗ ਲਿਆ ਸੀ।
ਡਾ. ਕਰਮਜੀਤ ਸਿੰਘ ਧਾਲੀਵਾਲ, ਕੋਰਸ ਕੋਆਰਡੀਨੇਟਰ ਗੁਰੂ ਦਕਸ਼ਤਾ ਫੈਕਲਟੀ ਇੰਡਕਸ਼ਨ ਪ੍ਰੋਗਰਾਮ ਨੇ ਸਟੇਜ ਸੰਚਾਲਕ ਵਜੋਂ ਭੂਮਿਕਾ ਨਿਭਾਈ। ਅੰਤ ਵਿੱਚ, ਪ੍ਰੋ. ਰਮਨ ਮੈਣੀ ਨੇ ਸਹਾਇਕ ਸਟਾਫ਼ ਮਨਦੀਪ ਸਿੰਘ, ਸ੍ਰ. ਦਿਆਲ ਦੱਤ, ਸ੍ਰੀ. ਸੁਰਿੰਦਰ ਸਿੰਘ, ਸ਼੍ਰੀਮਤੀ ਕਾਂਤਾ ਰਾਣੀ, ਸ਼੍ਰੀ. ਮਹਾਵੀਰ ਸਿੰਘ, ਅਤੇ ਸ੍ਰੀ. ਸੁਰਿੰਦਰ ਕੁਮਾਰ ਆਦਿ ਦੇ ਸਮਰਪਿਤ ਯਤਨਾਂ ਲਈ ਡੂੰਘੀ ਪ੍ਰਸ਼ੰਸਾ ਪ੍ਰਗਟ ਕੀਤੀ। ।