← ਪਿਛੇ ਪਰਤੋ
ਪੁਲਿਸ ਪ੍ਰਸ਼ਾਸਨ ਦੇ ਰਾਹ ਰੋਕਣ ਲਈ ਕਿਸਾਨਾਂ ਵੱਲੋਂ ਜਿਉਂਦ ਦੀ ਚੌਤਰਫਾ ਕਿਲਾਬੰਦੀ
ਅਸ਼ੋਕ ਵਰਮਾ
ਬਠਿੰਡਾ,21 ਜਨਵਰੀ2025: ਜਿਉਂਦ ਪਿੰਡ ’ਚ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਪੁੱਜੇ ਪਟਵਾਰੀਆਂ ਅਤੇ ਕਾਨੂੰਗੋਆਂ ਨੂੰ ਬੰਦੀ ਬਣਾਏ ਜਾਣ ਬਾਅਦ ਪੁਲੀਸ ਅਤੇ ਕਿਸਾਨਾਂ ਵਿਚਕਾਰ ਹੋਏ ਹਿੰਸਕ ਟਕਰਾਅ ਮਗਰੋਂ ਪ੍ਰਸ਼ਾਸ਼ਨ ਦੀ ਸਬੰਧਿਤ ਜਮੀਨਾਂ ਦੇ ਮਾਮਲੇ ’ਚ ਪੁਲਿਸ ਪ੍ਰਸ਼ਾਸ਼ਨ ਦੀ ਸੰਭਾਵੀ ਕਾਰਵਾਈ ਨੂੰ ਦੇਖਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿੰਡ ਦੀ ਚੌਤਰਫਾ ਕਿਲਾਬੰਦੀ ਕਰ ਲਈ ਹੈ। ਜੱਥੇਬੰਦੀ ਨੇ ਪਿੰਡ ਨੂੰ ਆਉਣ ਵਾਲੇ ਸੱਤਾਂ ਰਸਤਿਆਂ ਤੇ ਕਿਸਾਨਾਂ ਦੇ ਜੱਥੇ ਤਾਇਨਾਤ ਕਰ ਦਿੱਤੇ ਹਨ ਤਾਂ ਜੋ ਪ੍ਰਸ਼ਾਸ਼ਨ ਦੇ ਦਾਖਲੇ ਨੂੰ ਰੋਕਿਆ ਜਾ ਸਕੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪੁਲੀਸ ਦਾ ਪਿੰਡ ਵਿੱਚ ਦਾਖ਼ਲ ਹੋਣ ਦਾ ਹਰ ਕੀਮਤ ਤੇ ਵਿਰੋਧ ਕਰਨਗੇ। ਵੱਡੀ ਗਿਣਤੀ ’ਚ ਕਿਸਾਨ ਇਨ੍ਹਾਂ ਰਸਤਿਆਂ ’ਤੇ ਖੜ੍ਹੇ ਹਨ ਜਿੰਨ੍ਹਾਂ ਵੱਲੋਂ ਸਥਿਤੀ ਤੇ ਬਾਜ ਅੱਖ ਰੱਖੀ ਜਾ ਰਹੀ ਹੈ। ਇਨ੍ਹਾਂ ਰਸਤਿਆਂ ਤੋਂ ਲੰਘਣ ਵਾਲੇ ਆਮ ਲੋਕਾਂ ਨੂੰ ਆਉਣ-ਜਾਣ ਦੀ ਕੋਈ ਮਨਾਹੀ ਨਹੀਂ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਨਾਕਾਬੰਦੀ ਚੌਵੀ ਘੰਟੇ ਬਰਕਰਾਰ ਰਹੇਗੀ। ਨਾਕਾਬੰਦੀ ਕਰ ਰਹੇ ਕਿਸਾਨਾਂ ਨੂੰ ਮੌਕੇ ਤੇ ਹੀ ਲੰਗਰ ਤੇ ਚਾਹ ਪਾਣੀ ਪੁੱਜਦਾ ਕੀਤਾ ਜਾ ਰਿਹਾ ਹੈ। ਖਾਸ ਤੌਰ ਤੇ ਠੰਢ ਨੂੰ ਦੇਖਦਿਆਂ ਹਰ ਉਹ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਦੀ ਡਿਊਟੀ ’ਚ ਵਿਘਨ ਨਾਂ ਪਵੇ। ਦੱਸਣਯੋਗ ਹੈ ਕਿ ਸੋਮਵਾਰ ਨੂੰ ਬਠਿੰਡਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਤੇ ਮਾਲ ਵਿਭਾਗ ਦੇ ਅਧਿਕਾਰੀ ਪਿੰਡ ਜਿਉਂਦ ’ਚ ਜਮੀਨਾਂ ਦਾ ਨਕਸ਼ਾ ਬਨਾਉਣ ਲਈ ਗਏ ਸਨ ਜਿੱਥੇ ਪੁਲਿਸ ਦੀ ਵੱਡੀ ਨਫਰੀ ਤਾਇਨਾਤ ਹੋਣ ਦੇ ਬਾਵਜੂਦ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਬੰਦੀ ਬਣਾ ਲਿਆ ਸੀ। ਇਸ ਮੌਕੇ ਜਦੋਂ ਪੁਲਿਸ ਨੇ ਮਾਲ ਵਿਭਾਗ ਦੀ ਟੀਮ ਨੂੰ ਛੁਡਾਉਣ ਲਈ ਬਲ ਪ੍ਰਯੋਗ ਕੀਤਾ ਤਾਂ ਸਥਿਤੀ ਐਨੀ ਤੂਲ ਫੜ ਗਈ ਕਿ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਿੱਖੀਆਂ ਝੜਪਾਂ ਹੋਈਆਂ। ਇਸ ਖਿੱਚਧੂਹ ਦੌਰਾਨ ਡੀਐਸਪੀ ਹੈਡਕੁਆਟਰ ਬਠਿੰਡਾ ਰਾਹੁਲ ਭਾਰਦਵਾਜ ਦੀ ਬਾਂਹ ਟੁੱਟ ਗਈ ਅਤੇ ਇੱਕ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਿਆ। ਘਟਨਾ ਮਗਰੋਂ ਪ੍ਰਸ਼ਾਸਨ ਨੇ ਨਿਸ਼ਾਨਦੇਹੀ ਦੇ ਕੰਮ ਨੂੰ ਫਿਲਹਾਲ ਰੋਕ ਦਿੱਤਾ ਪਰ ਸਥਿਤੀ ਲਗਾਤਾਰ ਤਣਾਅਪੂਰਨ ਬਣੀ ਹੋਈ ਹੈ। ਪ੍ਰਸ਼ਾਸ਼ਨ ਦੀ ਸੰਭਾਵਿਤ ਕਾਰਵਾਈ ਨੂੰ ਦੇਖਦਿਆਂ ਕਿਸਾਨ ਜਥੇਬੰਦੀ ਵੱਲੋਂ 30 ਜਨਵਰੀ ਤੱਕ ਵਿਵਾਦਤ ਜ਼ਮੀਨ ਦੀ ਪਹਿਰੇਦਾਰੀ ਕਰਨ ਲਈ ਮੋਰਚਾ ਸ਼ੁਰੂ ਕਰਨ ਦੇ ਫੈਸਲੇ ਤੇ ਪਹਿਰਾ ਦਿੰਦਿਆਂ ਪਿੰਡ ਦੀ ਨਾਕਾਬੰਦੀ ਸ਼ੁਰੂ ਕਰ ਦਿੱਤੀ ਹੈ ਜਿੰਨ੍ਹਾਂ ਵੱਲੋਂ ਪੁਲਿਸ ਦੀ ਸੰਭਾਵੀ ਕਾਰਵਾਈ ਖਿਲਾਫ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ ਜਾ ਰਿਹਾ ਹੈ। ਨਹੀਂ ਛੱਡਾਂਗੇ ਜਮੀਨਾਂ:ਝੰਡਾ ਸਿੰਘ ਜੇਠੂਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੂਬਾਈ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ ਦਾ ਕਹਿਣਾ ਸੀ ਕਿ ਪਿੰਡ ਜਿਉਂਦ ’ਚ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ ਹੈ ਜੋ 30 ਜਨਵਰੀ ਤੱਕ ਜਾਰੀ ਰਹੇਗਾ ਕਿਉਂਕਿ ਇਸ ਦਿਨ ਪ੍ਰਸ਼ਾਸ਼ਨ ਨੇ ਹਾਈਕੋਰਟ ’ਚ ਜਵਾਬ ਦਾਖਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਧਰਨਾ ਵੀ ਚੱਲ ਰਿਹਾ ਹੈ ਅਤੇ ਸੱਤ ਰਾਹਾਂ ਤੇ ਨਾਕਾਬੰਦੀ ਕੀਤੀ ਗਈ ਹੈ ਜਿਸ ਨੂੰ ਮਜਬੂਤ ਕਰਨ ਲਈ ਰਿਜ਼ਰਵ ਵਲੰਟੀਅਰਾਂ ਨੂੰ ਵੀ ਤਿਆਰ ਬਰ ਤਿਆਰ ਰੱਖਿਆ ਗਿਆ ਹੈ। ਉਨ੍ਹਾ ਕਿਹਾ ਕਿ ਕਿਸਾਨਾਂ ਵੱਲੋਂ ਦਹਾਕਿਆਂ ਤੋਂ ਵਾਹੀਆਂ ਜਾ ਰਹੀਆਂ ਜਮੀਨਾਂ ਕਿਸੇ ਵੀ ਕੀਮਤ ਤੇ ਖੋਹਣ ਨਹੀਂ ਦਿੱਤੀਆਂ ਜਾਣਗੀਆਂ ਇੱਥੋਂ ਤੱਕ ਕਿ ਮਰਕੇ ਵੀ ਸਰਕਾਰ ਨੂੰ ਕਾਬਜ ਨਹੀਂ ਹੋਣ ਦਿੱਤਾ ਜਾਏਗਾ।
Total Responses : 2697