ਪੀ ਏ ਯੂ ਵਿੱਚ ਉੱਨਤ ਬਰੀਡਿੰਗ ਬਾਰੇ 21 ਰੋਜ਼ਾ ਸਿਖਲਾਈ ਕੋਰਸ ਆਰੰਭ ਹੋਇਆ
ਲੁਧਿਆਣਾ 5 ਫਰਵਰੀ, 2025 - ਪੀਏਯੂ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿਖੇ 'ਪੌਦਿਆਂ ਵਿੱਚ ਤਣਾਅ ਸਹਿਣਸ਼ੀਲਤਾ ਦੇ ਵਿਕਾਸ ਲਈ ਉੱਨਤ ਬ੍ਰੀਡਿੰਗ ਤਕਨੀਕਾਂ' ਵਿਸ਼ੇ 'ਤੇ ਆਈਸੀਏਆਰ ਦੀ ਇਮਦਾਦ ਨਾਲ ਸੈਂਟਰ ਆਫ ਐਡਵਾਂਸਡ ਫੈਕਲਟੀ ਟਰੇਨਿੰਗ ਪ੍ਰੋਗਰਾਮ ਵਿੱਚ 21 ਰੋਜ਼ਾ ਸਿਖਲਾਈ ਕੋਰਸ ਆਰੰਭ ਹੋਇਆ। ਇਸ ਸਿਖਲਾਈ ਵਿੱਚ ਜੰਮੂ ਅਤੇ ਕਸ਼ਮੀਰ, ਪੰਜਾਬ, ਰਾਜਸਥਾਨ, ਹਰਿਆਣਾ, ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਗੁਜਰਾਤ, ਤੇਲੰਗਾਨਾ, ਆਂਧਰਾ ਪ੍ਰਦੇਸ਼, ਝਾਰਖੰਡ ਅਤੇ ਕੇਰਲਾ ਸਮੇਤ 12 ਰਾਜਾਂ ਦੇ 23 ਸਿਖਿਆਰਥੀ ਭਾਗ ਲੈ ਰਹੇ ਹਨ।
ਉਦਘਾਟਨੀ ਸੈਸ਼ਨ ਵਿੱਚ ਪੀਏਯੂ ਦੇ ਵਾਈਸ ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਆਪਣੇ ਵਿਸ਼ੇਸ਼ ਭਾਸ਼ਣ ਵਿਚ ਡਾ ਗੋਸਲ ਨੇ ਕਿਹਾ ਕਿ ਜੈਵਿਕ ਅਤੇ ਅਜੈਵਿਕ ਤਣਾਅ ਫਸਲਾਂ ਦੀ ਪੈਦਾਵਾਰ 'ਤੇ ਅਹਿਮ ਪ੍ਰਭਾਵ ਪਾਉਂਦੇ ਹਨ। ਬਦਲਦੀਆਂ ਮੌਸਮੀ ਸਥਿਤੀਆਂ ਨਾਲ ਇਨ੍ਹਾਂ ਚੁਣੌਤੀਆਂ ਦਾ ਅਸਰ ਗੂੜ੍ਹਾ ਹੁੰਦਾ ਹੈ। ਪੰਜਾਬ ਵਿੱਚ ਕਣਕ ਦੇ ਉਤਪਾਦਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਰਮੀ ਦੀਆਂ ਲਹਿਰਾਂ ਅਤੇ ਚੌਲਾਂ 'ਤੇ ਐੱਸ ਆਰ ਬੀ ਐੱਸ ਡੀ ਵੀ ਦੇ ਹਮਲੇ ਵਰਗੀਆਂ ਤਾਜ਼ਾ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਅਜਿਹੇ ਤਣਾਅ ਦਾ ਮੁਕਾਬਲਾ ਕਰਨ ਲਈ ਉੱਨਤ ਪ੍ਰਜਣਨ ਤਕਨੀਕਾਂ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ। ਡਾ. ਗੋਸਲ ਨੇ ਯੂਨੀਵਰਸਿਟੀ ਦੁਆਰਾ 900 ਤੋਂ ਵੱਧ ਫਸਲਾਂ ਦੀਆਂ ਕਿਸਮਾਂ ਦੇ ਵਿਕਾਸ ਅਤੇ ਆਧੁਨਿਕ ਸਪੀਡ ਬਰੀਡਿੰਗ ਸਹੂਲਤ ਬਾਰੇ ਗੱਲ ਕਰਦਿਆਂ ਪੌਦਿਆਂ ਦੇ ਪ੍ਰਜਣਨ ਅਤੇ ਜੈਨੇਟਿਕਸ ਦੇ ਖੇਤਰ ਵਿੱਚ ਪੀਏਯੂ ਦੀਆਂ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਸਿਖਲਾਈ ਵਿਚ ਸ਼ਾਮਿਲ ਮਾਹਿਰਾਂ ਨੂੰ ਫਸਲ ਸੁਧਾਰ ਦੇ ਯਤਨਾਂ ਨੂੰ ਅੱਗੇ ਵਧਾਉਣ ਲਈ ਪੀਏਯੂ ਨਾਲ ਅੰਤਰ-ਅਨੁਸ਼ਾਸਨੀ ਸਹਿਯੋਗ ਵਾਸਤੇ ਉਤਸ਼ਾਹਿਤ ਵੀ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਡਾ ਵਰਿੰਦਰ ਸੋਹੂ, ਸੀਏਐਫਟੀ ਦੇ ਨਿਰਦੇਸ਼ਕ ਅਤੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਨੇ ਸਿਖਲਾਈ ਪ੍ਰੋਗਰਾਮਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਵਿਭਾਗ ਵਿਚ ਜਾਰੀ ਖੋਜ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਸਮਝਾਇਆ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਸਿਖਲਾਈ ਪੌਦਿਆਂ ਦੇ ਤਣਾਅ ਨੂੰ ਹੱਲ ਕਰਨ ਲਈ ਆਧੁਨਿਕ ਪ੍ਰਜਣਨ ਤਕਨੀਕਾਂ 'ਤੇ ਚਰਚਾ ਦੇ ਅਹਿਮ ਮੰਚ ਪ੍ਰਦਾਨ ਕਰੇਗੀ।
ਖੇਤੀਬਾੜੀ ਕਾਲਜ ਦੇ ਡੀਨ ਡਾ ਚਰਨਜੀਤ ਸਿੰਘ ਔਲਖ ਨੇ ਵਾਤਾਵਰਣ ਦੇ ਤਣਾਅ ਬਾਰੇ ਸੂਝ ਨੂੰ ਪ੍ਰਜਣਨ ਪ੍ਰੋਗਰਾਮਾਂ ਵਿੱਚ ਸ਼ਾਮਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਵਾਤਾਵਰਣੀ ਤਬਦੀਲੀ ਦੌਰਾਨ ਫਸਲਾਂ ਦੀ ਪੈਦਾਵਾਰ ਨੂੰ ਸਥਿਰ ਬਣਾਇਆ ਜਾ ਸਕੇ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਪ੍ਰੋਗਰਾਮ ਭਾਗੀਦਾਰਾਂ ਦੀ ਖੋਜ ਸਮਰੱਥਾ ਵਿੱਚ ਭਰਪੂਰ ਵਾਧਾ ਕਰੇਗਾ।
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮਾਹਿਰ ਡਾ: ਸਤਵਿੰਦਰ ਕੌਰ ਢਿੱਲੋਂ ਦੇ ਧੰਨਵਾਦੀ ਸ਼ਬਦਾਂ ਨਾਲ ਸੈਸ਼ਨ ਦੀ ਸਮਾਪਤੀ ਹੋਈ। ਉਨ੍ਹਾਂ ਨੇ ਫਸਲ ਸੁਧਾਰ ਲਈ ਵਿਗਿਆਨੀਆਂ ਨੂੰ ਵਿਹਾਰਕ ਗਿਆਨ ਅਤੇ ਹੁਨਰਾਂ ਨਾਲ ਭਰਪੂਰ ਕਰਨ ਲਈ ਸਿਖਲਾਈ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਤਿੰਨ ਹਫ਼ਤਿਆਂ ਦੀ ਸਿਖਲਾਈ ਵਿੱਚ ਮਾਹਿਰਾਨਾ ਭਾਸ਼ਣ, ਹੱਥੀਂ ਸਿਖਲਾਈ ਸੈਸ਼ਨ, ਵਿਚਾਰ-ਵਟਾਂਦਰਾ, ਖੇਤਰ ਅਤੇ ਪ੍ਰਯੋਗਸ਼ਾਲਾ ਦੇ ਦੌਰੇ ਸ਼ਾਮਲ ਹੋਣਗੇ। ਇਹਨਾਂ ਗਤੀਵਿਧੀਆਂ ਦਾ ਉਦੇਸ਼ ਟਿਕਾਊ ਭਵਿੱਖ ਲਈ ਤਣਾਅ ਪ੍ਰਤੀ ਸਹਿਣਸ਼ੀਲ ਫਸਲਾਂ ਦੀਆਂ ਕਿਸਮਾਂ ਨੂੰ ਵਿਕਸਤ ਕਰਨ ਅਤੇ ਲੋੜੀਂਦੀਆਂ ਤਕਨੀਕਾਂ ਤੋਂ ਸਿਖਿਆਰਥੀਆਂ ਨੂੰ ਜਾਣੂ ਕਰਾਉਣਾ ਹੈ।
ਉੱਘੇ ਮਾਹਿਰ ਡਾ: ਧਰਮਿੰਦਰ ਭਾਟੀਆ ਨੇ ਉਦਘਾਟਨੀ ਸੈਸ਼ਨ ਦਾ ਸੰਚਾਲਨ ਕੀਤਾ। ਇਸ ਦੌਰਾਨ ਨਾਮਵਰ ਵਿਗਿਆਨੀਆਂ ਦੀ ਸ਼ਿਰਕਤ ਵਿਸ਼ੇਸ਼ ਆਕਰਸ਼ਨ ਬਣੀ ਰਹੀ।