ਪਰਵਾਸੀ ਮਜਦੂਰ ਯੂਨੀਅਨ ਅਤੇ ਰੇਹੜੀ ਵਰਕਰ ਯੂਨੀਅਨ ਵਲੋਂ ਥਾਣਾ ਸਿਟੀ ਨਵਾਂਸ਼ਹਿਰ ਪੁਲਸ ਵਿਰੁੱਧ ਮੁਜਾਹਰਾ ਕਰਨ ਦਾ ਐਲਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ 7 ਸਤੰਬਰ,2025
20 ਦਿਨ ਬੀਤਣ ਤੋਂ ਬਾਅਦ ਵੀ ਗੁਰੂ ਤੇਗ ਬਹਾਦਰ ਨਗਰ ਨਵਾਂਸ਼ਹਿਰ ਦੇ ਵਸਨੀਕ ਰਾਮ ਪਰਵੇਸ਼ ਨੂੰ ਮੋਟਰਸਾਈਕਲ ਮਾਰਕੇ ਗੰਭੀਰ ਫੱਟੜ ਕਰਨ ਵਾਲੇ ਪਿੰਡ ਕਰੀਹਾ ਦੇ ਲੜਕੇ ਵਿਰੁੱਧ ਥਾਣਾ ਨਵਾਂਸ਼ਹਿਰ ਸਿਟੀ ਦੀ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ।ਜਿਸਦੇ ਰੋਸ ਵਜੋਂ ਪਰਵਾਸੀ ਮਜਦੂਰ ਯੂਨੀਅਨ ਅਤੇ ਰੇਹੜੀ ਵਰਕਰ ਯੂਨੀਅਨ(ਇਫਟੂ) ਨਵਾਂਸ਼ਹਿਰ ਵਲੋਂ ਛੇਤੀ ਹੀ ਥਾਣਾ ਨਵਾਂਸ਼ਹਿਰ ਸਿਟੀ ਦੀ ਪੁਲਸ ਵਿਰੁੱਧ ਮੁਜਾਹਰਾ ਕੀਤਾ ਜਾਵੇਗਾ।ਇਹ ਫੈਸਲਾ ਇੱਥੇ ਉਕਤ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਵਿਚ ਲਿਆ ਗਿਆ।ਪੀੜ੍ਹਤ ਰਾਮ ਪਰਵੇਸ਼ ਨੇ ਦੱਸਿਆ ਕਿ ਉਹ 18 ਅਗਸਤ ਨੂੰ ਰਾਤ ਕਰੀਬ 8 ਵਜੇ ਸਥਾਨਕ ਬੰਗਾ ਰੋਡ 'ਤੇ ਸਾਇਕਲ ਉੱਤੇ ਆਪਣੇ ਘਰ ਨੂੰ ਜਾ ਰਿਹਾ ਸੀ ਪਵਨ ਕੁਮਾਰ ਵਾਸੀ ਪਿੰਡ ਕਰੀਹਾ ਨੇ ਤੇਜ ਰਫਤਾਰ ਮੋਟਰਸਾਈਕਲ ਉਸ ਵਿਚ ਮਾਰਿਆ ਜਿਸ ਕਾਰਨ ਉਸਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ।ਮੋਟਰਸਾਈਕਲ ਸਵਾਰ ਲੜਕਾ ਉੱਥੋਂ ਮੋਟਰਸਾਈਕਲ ਲੈਕੇ ਮੌਕੇ ਤੋਂ ਭੱਜ ਗਿਆ।ਰਾਮ ਪਰਵੇਸ਼ ਦੀ ਯੂਨੀਅਨ ਦੇ ਮੈਂਬਰਾਂ ਨੇ ਉਸਨੂੰ ਸਰਕਾਰੀ ਹਸਪਤਾਲ ਪਹੁੰਚਾਇਆ।ਸਿਰ ਵਿਚ ਜਿਆਦਾ ਸੱਟਾਂ ਲੱਗਣ ਕਾਰਨ ਬਾਅਦ ਵਿੱਚ ਉਸਨੂੰ ਬੇਦੀ ਹਸਪਤਾਲ ਨਵਾਂਸ਼ਹਿਰ ਵਿੱਚ ਦਾਖਲ ਕਰਵਾਇਆ ਗਿਆ।ਜਿੱਥੇ10 ਦਿਨ ਇਲਾਜ ਕਰਵਾਉਣ ਤੋਂ ਬਾਅਦ ਉਸਨੂੰ ਹਸਪਤਾਲ ਤੋਂ ਛੁੱਟੀ ਮਿਲੀ।ਉਸਨੇ ਦੱਸਿਆ ਕਿ ਡਾਕਟਰਾਂ ਨੇ ਇਸ ਹਾਦਸੇ ਸਬੰਧੀ ਥਾਣਾ ਨਵਾਂਸ਼ਹਿਰ ਸਿਟੀ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਸੀ ਪਰ ਆਈ.ਓ ਬਲਵੀਰ ਕੁਮਾਰ ਏ ਐਸ ਆਈ ਇਕ ਵਾਰ ਵੀ ਉਸਦੇ ਬਿਆਨ ਲੈਣ ਹਸਪਤਾਲ ਨਹੀਂ ਗਿਆ।ਰਾਮ ਪਰਵੇਸ਼ ਨੇ ਦੱਸਿਆ ਕਿ ਉਸਦੀ ਯੂਨੀਅਨ ਵਾਲਿਆਂ ਨੇ ਮੋਟਰਸਾਈਕਲ ਵਾਲੇ ਲੜਕੇ ਦਾ ਨਾਂਅ ਅਤੇ ਪਤਾ ਪ੍ਰਾਪਤ ਕਰਕੇ ਇਸ ਥਾਣੇਦਾਰ ਨੂੰ ਦਿੱਤਾ।ਇਸ ਥਾਣੇਦਾਰ ਨੇ 29 ਅਗਸਤ ਨੂੰ ਘਟਨਾ ਸਥਾਨ ਦਾ ਦੌਰਾ ਵੀ ਕੀਤਾ।ਉਸਨੇ ਰਾਮ ਪਰਵੇਸ਼ ਨੂੰ ਬਿਆਨ ਦੇਣ ਲਈ 30 ਅਗਸਤ ਨੂੰ ਸਵੇਰੇ 8 ਵਜੇ ਬੁਲਾਇਆ ਪਰ ਇਹ ਥਾਣੇਦਾਰ ਆਪ ਥਾਣੇ ਨਹੀਂ ਆਇਆ।ਬਾਅਦ ਵਿੱਚ ਇਹ ਥਾਣੇਦਾਰ ਰਾਮ ਪਰਵੇਸ਼ ਉੱਤੇ ਉਲਟਾ ਸਮਝੌਤਾ ਕਰਨ ਲਈ ਦਬਾਅ ਪਾਉਂਦਾ ਰਿਹਾ।
ਪਰਵਾਸੀ ਮਜਦੂਰ ਯੂਨੀਅਨ ਦੇ ਜਿਲਾ ਪ੍ਰਧਾਨ ਪਰਵੀਨ ਕੁਮਾਰ ਨਿਰਾਲਾ ਨੇ ਦੱਸਿਆ ਕਿ ਰਾਮ ਪਰਵੇਸ਼ ਰੇਹੜੀ ਵਰਕਰ ਯੂਨੀਅਨ ਦਾ ਆਗੂ ਹੈ।ਉਹਨਾਂ ਕਿਹਾ ਕਿ
ਜੇਕਰ ਪੁਲਸ ਨੇ ਇਸ ਮਾਮਲੇ ਵਿੱਚ ਦੋਸ਼ੀ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਛੇਤੀ ਹੀ ਨਵਾਂਸ਼ਹਿਰ ਵਿੱਚ ਥਾਣਾ ਨਵਾਂਸ਼ਹਿਰ ਦੀ ਪੁਲਿਸ ਵਿਰੁੱਧ ਮੁਜਾਹਰਾ ਕੀਤਾ ਜਾਵੇਗਾ।ਉਹਨਾਂ ਐਸ. ਐਸ. ਪੀ ਸ਼ਹੀਦ ਭਗਤ ਸਿੰਘ ਨਗਰ ਕੋਲੋਂ ਥਾਣੇਦਾਰ ਬਲਵੀਰ ਕੁਮਾਰ ਵਿਰੁੱਧ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ।