ਪਰਜਾਪਤ ਭਵਨ, ਕਲਾਨੌਰ ਵਿਖੇ ਮਿਤੀ 07 ਮਾਰਚ ਨੂੰ ਲੱਗੇਗਾ ਰੋਜ਼ਗਾਰ ਮੇਲਾ - ADC
- ਨੌਜਵਾਨਾਂ ਨੂੰ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਦੀ ਕੀਤੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ,4 ਮਾਰਚ 2025 - ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ, ਗੁਰਦਾਸਪੁਰ ਅਤੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ ਦੀ ਯੋਗ ਅਗਵਾਈ ਹੇਠ ਲੜਕੇ ਅਤੇ ਲੜਕੀਆਂ ਲਈ ਵਿਸ਼ੇਸ਼ ਰੋਜ਼ਗਾਰ ਮੇਲਾ ਪਰਜਾਪਤ ਭਵਨ, ਨੇੜੇ ਬੱਸ ਸਟੈਂਡ, ਕਲਾਨੌਰ ਵਿਖੇ ਮਿਤੀ 07 ਮਾਰਚ 2025 ਦਿਨ ਸ਼ੁੱਕਰਵਾਰ ਨੂੰ ਲਗਾਇਆ ਜਾ ਰਿਹਾ ਹੈ।
ਇਸ ਮੇਲੇ ਦੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਹਰਜਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ 10 ਦੇ ਕਰੀਬ ਪ੍ਰਾਈਵੇਟ ਕੰਪਨੀਆਂ ਹਿੱਸਾ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਰੈਕਸਾ ਸਕਿਉਰਿਟੀ, ਐਕਸਿਸ ਬੈਂਕ, ਬਜਾਜ ਅਲਾਈਂਜ਼ ਲਾਈਫ਼ ਇੰਸ਼ੋਰੈਂਸ, ਵਰਧਮਾਨ ਟੈਕਸਟਾਈਲ ਮਿੱਲ, ਜੀਓ ਟੈਲੀਕਾਮ ਸਰਵਿਸ, ਐੱਸ.ਬੀ.ਆਈ. ਲਾਈਫ਼ ਇੰਸ਼ੋਰੈਂਸ, ਐੱਲ.ਆਈ.ਸੀ., ਸਾਤਵਿਕ ਸੋਲਰ ਪਲਾਂਟ, ਐੱਸ.ਆਈ.ਐੱਸ. ਸਕਿਉਰਿਟੀ ਅਤੇ ਲੋਕਲ ਇੰਡਸਟਰੀ ਬਟਾਲਾ ਦੀਆਂ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵੱਲੋਂ ਸਕਿਉਰਿਟੀ ਗਾਰਡ, ਸਕਿਉਰਿਟੀ ਸੁਪਰਵਾਈਜ਼ਰ, ਇੰਸ਼ੋਰੈਂਸ ਐਡਵਾਈਜ਼ਰ, ਮਸ਼ੀਨ ਓਪਰੇਟਰ, ਰਿਲੇਸ਼ਨਸ਼ਿਪ ਅਫ਼ਸਰ, ਲੋਨ ਐਡਵਾਈਜ਼ਰ, ਫਿਟਰ, ਮੋਲਡਰ ਅਤੇ ਸੀ.ਐੱਨ.ਸੀ ਓਪਰੇਟਰ ਦੀਆਂ ਵੱਖ-ਵੱਖ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਦੀ ਮੌਕੇ 'ਤੇ ਚੋਣ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਹਨਾਂ ਵੱਖ-ਵੱਖ ਅਸਾਮੀਆਂ ਲਈ ਯੋਗਤਾ 8ਵੀਂ, 10ਵੀਂ, 12ਵੀਂ ਪਾਸ, ਆਈ.ਟੀ.ਆਈ. ਡਿਪਲੋਮਾ ਅਤੇ ਗਰੈਜੂਏਸ਼ਨ ਹੋਣੀ ਚਾਹੀਦੀ ਹੈ ਅਤੇ ਇੰਟਰਵਿਊ ਦੇਣ ਲਈ ਉਮਰ ਦੀ ਹੱਦ 18-37 ਸਾਲ ਹੈ। ਪ੍ਰਾਰਥੀਆਂ ਨੂੰ ਕੰਪਨੀਆਂ ਵੱਲੋਂ ਯੋਗਤਾ ਅਨੁਸਾਰ ਕੰਪਨੀਆਂ ਦੇ ਨਿਯਮਾਂ ਮੁਤਾਬਿਕ ਸੈਲਰੀ ਦਿੱਤੀ ਜਾਵੇਗੀ।
ਵਧੀਕ ਡਿਪਟੀ ਕਮਿਸ਼ਨਰ (ਜ), ਡਾ. ਹਰਜਿੰਦਰ ਸਿੰਘ ਬੇਦੀ ਨੇ ਅੱਗੇ ਦੱਸਿਆ ਕਿ ਰੋਜ਼ਗਾਰ ਮੇਲੇ ਵਿੱਚ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦਾ ਸਪੈਸ਼ਲ ਕਾਊਂਟਰ ਲਗਾਇਆ ਜਾਵੇਗਾ। ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵਿੱਚ ਇੰਟਰਨਸ਼ਿਪ ਕਰਵਾ ਕੇ ਰੋਜ਼ਗਾਰ ਦੇ ਯੋਗ ਬਣਾਉਣਾ ਹੈ।
ਇੰਟਰਨਸ਼ਿਪ ਕਰਨ ਲਈ ਯੋਗਤਾ ਦਸਵੀਂ, ਬਾਰ੍ਹਵੀਂ, ਆਈ.ਟੀ.ਆਈ, ਡਿਪਲੋਮਾ ਅਤੇ ਗਰੈਜੂਏਸ਼ਨ ਪਾਸ ਹੈ ਅਤੇ ਉਮਰ 21 ਤੋਂ 24 ਸਾਲ ਹੋਣੀ ਚਾਹੀਦੀ ਹੈ। ਇਸ ਤੋ ਇਲਾਵਾ ਪ੍ਰਾਰਥੀ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਕਰਮਚਾਰੀ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਹੈ। ਇਸ ਸਕੀਮ ਤਹਿਤ ਹਰ ਇੰਟਰਨਰ ਨੂੰ 5000/- ਰੁਪਏ ਮਹੀਨਾਵਾਰ ਮਾਣਭੱਤਾ ਸਰਕਾਰ ਵੱਲੋਂ ਦਿੱਤਾ ਜਾਵੇਗਾ। ਕੁੱਝ ਕੰਪਨੀਆਂ ਵੱਲੋਂ ਇੰਟਰਨਸ਼ਿਪ ਲਈ ਚੁਣੇ ਗਏ ਨੌਜਵਾਨਾਂ ਨੂੰ ਮਾਣਭੱਤਾ, ਰਿਹਾਇਸ਼ ਅਤੇ ਕੰਟੀਨ ਦੀ ਸੁਵਿਧਾ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੋ ਸਿੱਖਿਆਰਥੀ/ਨੌਜਵਾਨ ਇਸ ਇੰਟਰਨਸ਼ਿਪ ਲਈ ਚੁਣੇ ਜਾਣਗੇ, ਉਨ੍ਹਾਂ ਨੂੰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਤਹਿਤ ਬੀਮਾ ਕਵਰੇਜ ਵੀ ਪ੍ਰਦਾਨ ਕੀਤਾ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿਤੀ 7 ਮਾਰਚ 2025 ਨੂੰ ਪਰਜਾਪਤ ਭਵਨ, ਨੇੜੇ ਬੱਸ ਸਟੈਂਡ ਕਲਾਨੌਰ ਵਿਖੇ ਚਾਹਵਾਨ ਲੜਕੇ ਅਤੇ ਲੜਕੀਆਂ ਆਪਣੇ ਅਸਲ ਦਸਤਾਵੇਜ਼ ਦੀਆਂ ਕਾਪੀਆਂ, ਰੀਜੂਮ (ਸੀ.ਵੀ) ਸਵੇਰੇ 9:30 ਵਜੇ ਪਹੁੰਚਣ ਅਤੇ ਰੋਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਦੇ ਹੈਲਪ ਲਾਈਨ ਨੰਬਰ 94787-27217 'ਤੇ ਸੰਪਰਕ ਕੀਤਾ ਜਾ ਸਕਦਾ ਹੈ।